ਚੋਣ ਮੈਨੀਫੈਸਟੋ ਤਿਆਰ ਕਰਨ ਲਈ ਲੋਕ ਰਾਏ ਲੈਣ ਪਹੁੰਚੀ ਕਾਂਗਰਸ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾ 2027 ਨੂੰ ਲੈ ਕੇ ਕਾਂਗਰਸ ਨੇ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਚੋਣ ਮੈਨੀਫੈਸਟੋ ਤਿਆਰ ਕਰਨ ਤੋਂ ਪਹਿਲਾਂ ਹੁਣ ਸਿੱਧੇ ਫੀਲਡ ਵਿਚ ਉਤਰ ਕੇ ਲੋਕਾਂ ਦੀ ਰਾਏ
Publish Date: Fri, 11 Sep 2026 07:13 PM (IST)
Updated Date: Fri, 11 Sep 2026 07:16 PM (IST)
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਅਰਦਾਸ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾ 2027 ਨੂੰ ਲੈ ਕੇ ਕਾਂਗਰਸ ਨੇ ਚੋਣ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ ਚੋਣ ਮੈਨੀਫੈਸਟੋ ਤਿਆਰ ਕਰਨ ਤੋਂ ਪਹਿਲਾਂ ਹੁਣ ਸਿੱਧੇ ਫੀਲਡ ਵਿਚ ਉਤਰ ਕੇ ਲੋਕਾਂ ਦੀ ਰਾਏ ਇਕੱਠੀ ਕੀਤੀ ਜਾ ਰਹੀ ਹੈ। ਇਸੇ ਤਹਿਤ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਵੱਲੋਂ ਅੰਮ੍ਰਿਤਸਰ ਵਿਚ ਫੀਲਡ ਮੀਟਿੰਗ ਕੀਤੀ ਗਈ। ਇਸ ਦੌਰਾਨ ਕਾਂਗਰਸੀ ਵਰਕਰਾਂ ਤੋਂ ਇਲਾਵਾ ਉਦਯੋਗਪਤੀਆਂ, ਵਪਾਰੀਆਂ ਅਤੇ ਵੱਖ-ਵੱਖ ਵਰਗਾਂ ਨਾਲ ਜੁੜੇ ਲੋਕਾਂ ਤੋਂ ਪੰਜਾਬ ਅਤੇ ਅੰਮ੍ਰਿਤਸਰ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਉਮੀਦਾਂ ਬਾਰੇ ਰਾਏ ਲਈ ਗਈ। ਬੈਠਕ ‘ਚ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸਾਂਸਦ ਡਾਕਟਰ ਅਮਰ ਸਿੰਘ, ਕਮੇਟੀ ਮੈਂਬਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਮੌਜੂਦ ਰਹੇ। ਅੰਮ੍ਰਿਤਸਰ ਪਹੁੰਚੀ ਕਮੇਟੀ ਦੇ ਮੈਂਬਰਾਂ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੇ ਹਿੱਤਾਂ, ਪੰਜਾਬ ਦੇ ਲੋਕਾਂ ਅਤੇ ਆਉਣ ਵਾਲੀ ਪੀੜ੍ਹੀ ਦੇ ਬਿਹਤਰ ਭਵਿੱਖ ਲਈ ਮੈਨੀਫੈਸਟੋ ਤਿਆਰ ਕਰਨ ਵਾਸਤੇ ਅਰਦਾਸ ਕੀਤੀ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੈਨੀਫੈਸਟੋ ਕਮੇਟੀ ਦੀਆਂ ਦੋ ਮੀਟਿੰਗਾਂ ਪਹਿਲਾਂ ਚੰਡੀਗੜ੍ਹ ਵਿੱਚ ਹੋ ਚੁੱਕੀਆਂ ਹਨ। ਹੁਣ ਕਮੇਟੀ ਵੱਲੋਂ ਫੀਲਡ ਵਿੱਚ ਜਾ ਕੇ ਸਿੱਧੇ ਲੋਕਾਂ ਦੀ ਰਾਏ ਲੈਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਇਸੇ ਮੁਹਿੰਮ ਤਹਿਤ ਪਹਿਲੀ ਵੱਡੀ ਫੀਲਡ ਮੀਟਿੰਗ ਹੈ। ਔਜਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਫਰੰਟਲ ਸੰਗਠਨਾਂ ਦੇ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਫੀਲਡ ਵਿੱਚ ਲੋਕਾਂ ਦੀਆਂ ਕੀ ਸਮੱਸਿਆਵਾਂ ਹਨ ਅਤੇ ਪੰਜਾਬ ਦੇ ਰਾਜਨੀਤਿਕ ਤੇ ਆਰਥਿਕ ਭਵਿੱਖ ਨੂੰ ਲੈ ਕੇ ਲੋਕਾਂ ਦੀਆਂ ਕੀ ਉਮੀਦਾਂ ਹਨ। ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਇਸ ਵਾਰ ਕਾਂਗਰਸ ਦਾ ਮੈਨੀਫੈਸਟੋ ਸਿਰਫ਼ ਪਾਰਟੀ ਆਗੂਆਂ ਵੱਲੋਂ ਬੈਠ ਕੇ ਤਿਆਰ ਨਹੀਂ ਕੀਤਾ ਜਾਵੇਗਾ, ਸਗੋਂ ਲੋਕਾਂ ਤੋਂ ਪੁੱਛ ਕੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ, ਵਪਾਰੀਆਂ, ਕਿਸਾਨਾਂ, ਮਜ਼ਦੂਰਾਂ, ਪੱਤਰਕਾਰਾਂ, ਰਿਕਸ਼ਾ ਚਾਲਕਾਂ, ਹੋਟਲ ਕਾਰੋਬਾਰੀਆਂ ਸਮੇਤ ਹਰ ਵਰਗ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਸਰਕਾਰ ਤੋਂ ਕੀ ਉਮੀਦ ਰੱਖਦੇ ਹਨ ਅਤੇ ਕਿਹੜੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ। ਕਾਨੂੰਨ-ਵਿਵਸਥਾ, ਨਸ਼ਾ, ਉਦਯੋਗ, ਖੇਤੀਬਾੜੀ, ਰੋਜ਼ਗਾਰ ਅਤੇ ਵਪਾਰ ਨਾਲ ਸਬੰਧਤ ਮੁੱਦਿਆਂ ਨੂੰ ਵੀ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਲਈ ਰਾਏ ਲਈ ਜਾ ਰਹੀ ਹੈ। ਅੰਮ੍ਰਿਤਸਰ ਦੇ ਉਦਯੋਗਪਤੀਆਂ ਨਾਲ ਹੋਈ ਮੀਟਿੰਗ ਵਿੱਚ ਸ਼ਹਿਰ ਦੀ ਇੰਡਸਟਰੀ, ਵਪਾਰ, ਰੋਜ਼ਗਾਰ ਅਤੇ ਵਿਕਾਸ ਨਾਲ ਜੁੜੇ ਮੁੱਦੇ ਕਮੇਟੀ ਦੇ ਸਾਹਮਣੇ ਰੱਖੇ ਗਏ। ਡਾ. ਬੋਪਾਰਾਏ ਨੇ ਕਿਹਾ ਕਿ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਮੁੜ ਮਜ਼ਬੂਤ ਕਰਨ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟੈਕਸਾਂ, ਬਿਜਲੀ ਦੀਆਂ ਦਰਾਂ ਅਤੇ ਗੁਆਂਢੀ ਸੂਬਿਆਂ ਵਿੱਚ ਮਿਲ ਰਹੀਆਂ ਸਹੂਲਤਾਂ ਕਾਰਨ ਅੰਮ੍ਰਿਤਸਰ ਦੀ ਕਈ ਇੰਡਸਟਰੀ ਦੂਜੇ ਸੂਬਿਆਂ ਵੱਲ ਚਲੀ ਗਈ ਹੈ। ਕਾਂਗਰਸ ਦੀ ਸਰਕਾਰ ਬਣਨ ’ਤੇ ਅੰਮ੍ਰਿਤਸਰ ਦੀ ਪੁਰਾਣੀ ਉਦਯੋਗਿਕ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਕੰਮ ਕਰਨ ਦੀ ਗੱਲ ਉਨ੍ਹਾਂ ਕਹੀ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਸੁਰੱਖਿਆ ਦਾ ਮੁੱਦਾ ਵੀ ਗੰਭੀਰਤਾ ਨਾਲ ਉਠਾਇਆ ਗਿਆ। ਵਪਾਰੀਆਂ ਵਿੱਚ ਫਿਰੌਤੀ ਅਤੇ ਗੈਂਗਸਟਰਵਾਦ ਨੂੰ ਲੈ ਕੇ ਚਿੰਤਾ ਹੈ। ਉਨ੍ਹਾਂ ਕਿਹਾ ਕਿ ਵਪਾਰ ਅਤੇ ਉਦਯੋਗ ਨੂੰ ਤਰੱਕੀ ਦੇਣ ਲਈ ਸੁਰੱਖਿਅਤ ਮਾਹੌਲ ਜ਼ਰੂਰੀ ਹੈ ਅਤੇ ਇਸ ਮੁੱਦੇ ਨੂੰ ਵੀ ਚੋਣ ਮੈਨੀਫੈਸਟੋ ਵਿੱਚ ਤਰਜੀਹ ਦਿੱਤੀ ਜਾਵੇਗੀ। ਡਾ. ਬੋਪਾਰਾਏ ਨੇ ਕਿਹਾ ਕਿ ਕਮੇਟੀ ਦੀ ਕੋਸ਼ਿਸ਼ ਹੈ ਕਿ ਅਜਿਹਾ ਮੈਨੀਫੈਸਟੋ ਤਿਆਰ ਕੀਤਾ ਜਾਵੇ ਜੋ ਪਾਰਟੀ ਲਈ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਵੀ ਦਿਲੋਂ ਚੰਗਾ ਲੱਗੇ ਅਤੇ ਪੰਜਾਬ ਦੇ ਗੰਭੀਰ ਮਸਲਿਆਂ ਦੇ ਹੱਲ ਦਾ ਰਾਹ ਦਿਖਾਏ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਲੋਕਾਂ ਦੀ ਰਾਏ ਲੈ ਕੇ ਪੰਜਾਬ ਦੀ ਆਰਥਿਕਤਾ, ਰੋਜ਼ਗਾਰ, ਉਦਯੋਗ, ਕਾਨੂੰਨ-ਵਿਵਸਥਾ ਅਤੇ ਹੋਰ ਸਮਾਜਿਕ ਮੁੱਦਿਆਂ ਦੇ ਹੱਲ ਲਈ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ। ਪੰਜਾਬ ਦੇ ਵਧਦੇ ਕਰਜ਼ੇ ਬਾਰੇ ਸਵਾਲ ’ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਵੱਡੀ ਚੁਣੌਤੀ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਪੜ੍ਹੇ-ਲਿਖੇ ਅਤੇ ਤਜਰਬੇਕਾਰ ਲੋਕ ਹਨ ਅਤੇ ਸਰਕਾਰ ਬਣਨ ’ਤੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਅਤੇ ਕਰਜ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਰਾਹ ਕੱਢਿਆ ਜਾਵੇਗਾ। ਭਾਰਤ-ਪਾਕਿ ਸਰਹੱਦ ਅਤੇ ਸਰਹੱਦ ਪਾਰ ਵਪਾਰ ਨਾਲ ਜੁੜੇ ਸਵਾਲ ’ਤੇ ਔਜਲਾ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਅਤੇ ਭਾਰਤ-ਪਾਕਿ ਸਬੰਧਾਂ ਨਾਲ ਜੁੜੇ ਕਈ ਵਿਸ਼ੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਹਾਲਾਂਕਿ ਪੰਜਾਬ ਦੀ ਸਰਕਾਰ ਆਪਣੇ ਪੱਧਰ ’ਤੇ ਪੂਰੇ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਸਰਹੱਦੀ ਖੇਤਰਾਂ ਦੇ ਵਿਕਾਸ ਅਤੇ ਵਪਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਕੇਂਦਰ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਔਜਲਾ ਨੇ ਕਿਹਾ ਕਿ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਦਾ ਉਦੇਸ਼ ਸਿਰਫ਼ ਚੋਣ ਜਿੱਤਣ ਲਈ ਵਾਅਦੇ ਕਰਨਾ ਨਹੀਂ, ਸਗੋਂ ਪੰਜਾਬ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਅਜਿਹਾ ਮੈਨੀਫੈਸਟੋ ਤਿਆਰ ਕਰਨਾ ਹੈ, ਜਿਸ ਵਿੱਚ ਲੋਕਾਂ ਦੀ ਆਵਾਜ਼ ਅਤੇ ਉਨ੍ਹਾਂ ਦੀਆਂ ਉਮੀਦਾਂ ਸਪੱਸ਼ਟ ਤੌਰ ’ਤੇ ਨਜ਼ਰ ਆਉਣ।