- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਾਂਗਰਸ ਦੇ ਕੌਂਸਲਰਾਂ ਅਤੇ ਅਹੁਦੇਦਾਰਾਂ ਨੇ ਮੰਗਲਵਾਰ ਸਵੇਰੇ 1 ਘੰਟਾ 50 ਮਿੰਟ ਤੱਕ ਨਗਰ ਨਿਗਮ ਵਿਚ ਰੋਸ ਧਰਨਾ ਦਿੱਤਾ। ਨਗਰ ਨਿਗਮ ਵਿੱਚ ਕਾਂਗਰਸ ਕੌਂਸਲਰ ਦਲ ਦੇ ਨੇਤਾ ਵਿਕਾਸ ਸੋਨੀ ਦੀ ਅਗਵਾਈ ਵਾਲੇ

ਦੋ ਬੈਠਕਾਂ ਤੋਂ ਬਾਅਦ ਨਿਗਮ ਹਾਊਸ ਠੱਪ, ਸ਼ਹਿਰ ਕੂੜਾ-ਕੂੜਾ, ਦੂਸ਼ਿਤ ਪੀਣ ਵਾਲਾ ਪਾਣੀ, ਸੀਵਰੇਜ ਜਾਮ ਨਾਲ ਜਨਤਾ ਬੇਹਾਲ ਮੇਅਰ-ਕਮਿਸ਼ਨਰ ਬੇਪ੍ਰਵਾਹ
ਕਾਂਗਰਸੀਆਂ ਦੇ ਨਿਸ਼ਾਨੇ 'ਤੇ ਰਹੇ ਮੇਅਰ ਕਮਿਸ਼ਨਰ-ਜਨਤਾ ਦੇ ਮੁੱਦੇ ਹੱਲ ਨਾ ਹੋਣ 'ਤੇ ਸੜਕਾਂ ਜਾਮ ਕਰਨ ਦੀ ਦਿੱਤੀ ਚੇਤਾਵਨੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਕਾਂਗਰਸ ਦੇ ਕੌਂਸਲਰਾਂ ਅਤੇ ਅਹੁਦੇਦਾਰਾਂ ਨੇ ਮੰਗਲਵਾਰ ਸਵੇਰੇ 1 ਘੰਟਾ 50 ਮਿੰਟ ਤੱਕ ਨਗਰ ਨਿਗਮ ਵਿਚ ਰੋਸ ਧਰਨਾ ਦਿੱਤਾ। ਨਗਰ ਨਿਗਮ ਵਿੱਚ ਕਾਂਗਰਸ ਕੌਂਸਲਰ ਦਲ ਦੇ ਨੇਤਾ ਵਿਕਾਸ ਸੋਨੀ ਦੀ ਅਗਵਾਈ ਵਾਲੇ ਧਰਨੇ ਵਿਚ ਮੇਅਰ-ਕਮਿਸ਼ਨਰ ਅਤੇ ਅਫਸਰਸ਼ਾਹੀ 'ਤੇ ਨਿਸ਼ਾਨਾ ਸਾਧਿਆ ਗਿਆ। ਕੌਂਸਲਰ ਸੋਨੀ ਅਤੇ ਹੋਰਨਾਂ ਨੇ ਕਿਹਾ ਕਿ ਦੋ ਸਾਲਾਂ ਦੇ ਕਾਰਜਕਾਲ ਵਿਚ ਸਿਰਫ ਦੋ ਹੀ ਹਾਊਸ ਦੀਆਂ ਬੈਠਕਾਂ ਬੁਲਾਈਆਂ ਗਈਆਂ ਹਨ। ਆਮ ਆਦਮੀ ਪਾਰਟੀ ਕੋਲ ਬਹੁਮਤ ਨਾ ਹੋਣ ਕਾਰਨ ਹਾਊਸ ਦੀਆਂ ਬੈਠਕਾਂ ਨਹੀਂ ਬੁਲਾਈਆਂ ਜਾਂਦੀਆਂ। ਉੱਥੇ ਹੀ ਪ੍ਰੋਜੈਕਟ ਪਾਸ ਕਰਨ ਲਈ ਕੀਤੀਆਂ ਗਈਆਂ ਦੋ ਬੈਠਕਾਂ ਵਿਚ ਵੀ 5-5 ਮਿੰਟ ਬਾਅਦ ਹੀ ਸੱਤਾਧਾਰੀ ਧਿਰ ਹੀ ਵਾਕਆਊਟ ਕਰਕੇ ਚਲੀ ਜਾਂਦੀ ਰਹੀ ਹੈ। ਕੌਂਸਲਰ ਆਖਰਕਾਰ ਹਾਊਸ ਤੋਂ ਬਿਨਾਂ ਆਪਣੀ ਆਵਾਜ਼ ਕਿੱਥੇ ਬੁਲੰਦ ਕਰਨ। ਕਾਂਗਰਸੀਆਂ ਨੇ ਕਿਹਾ ਕਿ ਸ਼ਹਿਰ ਦੇ ਹਰ ਹਿੱਸੇ ਵਿਚ ਕੂੜੇ ਦੇ ਢੇਰ ਲੱਗੇ ਹੋਣ ਦੇ ਨਾਲ ਹੀ ਲੋਕ ਬੰਦ ਸਟਰੀਟ ਲਾਈਟਾਂ, ਸੀਵਰੇਜ ਜਾਮ ਅਤੇ ਦੂਸ਼ਿਤ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਨਗਰ ਨਿਗਮ ਵੱਲੋਂ ਹਰ ਮ ਹੀਨੇ 6 ਕਰੋੜ ਦਿੱਤੇ ਜਾਣ ਦੇ ਬਾਵਜੂਦ ਮੌਜੂਦਾ ਕੰਪਨੀ ਸ਼ਹਿਰ ਤੋਂ ਕੂੜਾ ਨਹੀਂ ਚੁੱਕ ਰਹੀ ਹੈ। ਧਰਨੇ ਵਿਚ ਸਾਬਕਾ ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਸ਼ੋਭਿਤ ਕੌਰ, ਕੌਂਸਲਰ ਪਤੀ ਗੁਰਦੇਵ ਦਾਰਾ, ਕੌਂਸਲਰ ਪਤੀ ਰਾਜੀਵ ਛਾਬੜਾ, ਕੌਂਸਲਰ ਪਤੀ ਅਸ਼ੋਕ ਕੁਮਾਰ, ਕੌਂਸਲਰ ਪਤੀ ਪਵਨ ਚੌਧਰੀ, ਕੌਂਸਲਰ ਰਮਨ ਰੰਮੀ, ਕੌਂਸਲਰ ਪਤੀ ਛਵੀ ਢਿੱਲੋਂ, ਜ਼ਿਲ੍ਹਾ ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਰਜਨੀ ਸ਼ਰਮਾ, ਸਾਬਕਾ ਕੌਂਸਲਰ ਰੀਨਾ ਚੋਪੜਾ, ਬਲਬੀਰ ਸਿੰਘ ਬਾਵਾ, ਪਰਮਜੀਤ ਚੋਪੜਾ ਤੇ ਹੋਰ ਮੌਜੂਦ ਸਨ।
ਥ੍ਰੀਆਰ ਨੂੰ 6 ਕਰੋੜ ਮਹੀਨਾ ਦੇ ਰਹੇ, ਫਿਰ ਵੀ ਕੂੜਾ-ਕੂੜਾ ਹੋਇਆ ਸ਼ਹਿਰ: ਵਿਕਾਸ ਸੋਨੀ
ਨਿਗਮ ਅਫਸਰ ਪੱਖਪਾਤ ਦੀ ਥਾਂ ਜਨਤਾ ਦੇ ਨੁਮਾਇੰਦਿਆਂ ਦੀ ਸੁਣਵਾਈ ਕਰਨ। ਕਾਂਗਰਸ ਸਰਕਾਰ ਆਉਣ 'ਤੇ ਅਫਸਰਾਂ ਤੋਂ ਜਾਂਚ ਦੀਆਂ ਤਰੀਕਾਂ ਭੁਗਤੀਆਂ ਨਹੀਂ ਜਾ ਰਹੀਆਂ। ਜੇਕਰ ਜਨਤਾ ਦੀਆਂ ਮੁਸ਼ਕਲਾਂ ਹੱਲ ਨਾ ਕੀਤੀਆਂ ਗਈਆਂ ਤਾਂ ਸੜਕਾਂ 'ਤੇ ਜਾਮ ਲਗਾਵਾਂਗੇ। ਦਿੱਲੀ ਦੀ ਥ੍ਰੀਆਰ ਕੰਪਨੀ ਨੂੰ ਮਹੀਨੇ ਦਾ 6 ਕਰੋੜ ਦਿੱਤਾ ਜਾ ਰਿਹਾ ਹੈ, ਉੱਥੇ ਹੀ ਪੁਰਾਣੀ ਕੰਪਨੀ ਅਵਾਰਡਾ ਸਿਰਫ ਡੇਢ ਤੋਂ ਪੌਣੇ ਦੋ ਕਰੋੜ ਵਿਚ ਮੌਜੂਦਾ ਕੰਪਨੀ ਨਾਲੋਂ ਜ਼ਿਆਦਾ ਵਧੀਆ ਕੰਮ ਕਰ ਰਹੀ ਸੀ। ਪੁਰਾਣੀ ਕੰਪਨੀ ਨੂੰ ਤੰਗ ਕਰਕੇ ਭਜਾਇਆ ਗਿਆ। ਸ਼ਹਿਰ ਦਾ ਬੁਰਾ ਹਾਲ ਹੈ, ਸਾਰੀ ਕਮਿਸ਼ਨ ਨੇਤਾਵਾਂ-ਅਫਸਰਾਂ ਨੂੰ ਜਾ ਰਹੀ ਹੈ। ਐਲਪੀਯੂ ਵਿਚ ਵੀ ਮੌਜੂਦਾ ਸਰਕਾਰ ਹੀ ਸਭ ਕਰਵਾ ਰਹੀ ਹੈ। ਰਾਜ ਸਭਾ ਐਮਪੀ ਭਾਜਪਾ ਵਿਚ ਗਿਆ ਤਾਂ ਉਸ ਦੀ ਯੂਨੀਵਰਸਿਟੀ ਬੰਦ ਕਰਵਾਉਣ ਵਿਚ ਲੱਗੀ ਹੋਈ ਹੈ। 600 ਕਰੋੜ ਦਾ ਪ੍ਰੋਜੈਕਟ ਮੇਅਰ-ਕਮਿਸ਼ਨਰ ਨੇ ਮਿਲ ਕੇ ਹੱਥੋਂ 50 ਹਜ਼ਾਰ ਦੇ ਕੇ 31 ਸਟੇਸ਼ਨਾਂ ਸਮੇਤ ਠੇਕੇਦਾਰ ਨੂੰ ਦੇ ਦਿੱਤਾ।
ਏਟੀਪੀ ਨਾਜਾਇਜ਼ ਇਮਾਰਤਾਂ ਬਣਵਾ ਰਿਹਾ : ਮਿੱਠੂ ਮਦਾਨ
ਕਾਂਗਰਸ ਦਾ ਮੇਅਰ ਵਿਕਾਸ ਸੋਨੀ ਹੈ। ਕਾਂਗਰਸ ਕੋਲ 41 ਅਤੇ ਆਪ ਕੋਲ 24 ਕੌਂਸਲਰ ਸਨ, ਪਰ ਧੱਕੇਸ਼ਾਹੀ ਨਾਲ ਮੇਅਰ ਆਪ ਦਾ ਬਣਾ ਦਿੱਤਾ ਗਿਆ। ਮਿੱਠੂ ਨੇ ਕਿਹਾ ਕਿ ਦੋ ਮਹੀਨਿਆਂ ਦੀ ਗੱਲ ਹੈ, ਜਿੱਥੇ ਨਿਗਮ ਦੇ ਅਫਸਰ ਕੰਮ ਨਹੀਂ ਕਰਦੇ ਉਨ੍ਹਾਂ ਦਾ ਲਿਹਾਜ਼ ਨਾ ਕੀਤਾ ਜਾਵੇ। ਚੋਣ ਜ਼ਾਬਤਾ ਲੱਗਣ ਦਿਓ ਮੇਅਰ ਦੀਆਂ ਚੀਕਾਂ ਨਾ ਕਢਵਾ ਦਿੱਤੀਆਂ ਤਾਂ ਮੇਰਾ ਨਾਂ ਮਿੱਠੂ ਮਦਾਨ ਨਹੀਂ। ਮੇਰੇ ਵਾਰਡ ਵਿਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਕਰਵਾਇਆ ਜਾ ਰਿਹਾ। ਵਾਰਡ ਵਿਚ ਜਿੱਥੇ ਕੂੜੇ ਦੀਆਂ ਪੰਜ ਗੱਡੀਆਂ ਚੱਲ ਰਹੀਆਂ ਸਨ, ਉੱਥੇ ਦੋ ਜਾ ਰਹੀਆਂ ਹਨ ਅਤੇ ਤਿੰਨ ਨੂੰ ਲੈ ਕੇ ਆਪਸ ਵਿਚ ਸਮਝੌਤਾ ਕੀਤਾ ਜਾ ਰਿਹਾ ਹੈ। ਏਟੀਪੀ ਪਰਿਮੰਦਰ ਈਸਟ ਵਿਚ ਨਾਜਾਇਜ਼ ਇਮਾਰਤਾਂ ਬਣਵਾ ਰਿਹਾ ਹੈ।
ਕਮਿਸ਼ਨਰ ਝੂਠੇ, ਤਨਖਾਹ ਪੂਰੀ ਲੈ ਰਹੇ, ਕੰਮ ਨਹੀਂ ਕਰਦੇ : ਬੱਲੂ
ਕੌਂਸਲਰ ਪਤੀ ਸਤੀਸ਼ ਬੱਲੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵਾਰਡਾਂ ਦਾ ਵੀ ਬੁਰਾ ਹਾਲ ਹੈ। ਕੂੜੇ ਦੇ ਢੇਰ, ਦੂਸ਼ਿਤ ਪੀਣ ਵਾਲਾ ਪਾਣੀ, ਸੀਵਰੇਜ ਜਾਮ ਕਾਰਨ ਜਨਤਾ ਪ੍ਰੇਸ਼ਾਨ ਹੈ। ਨਿਗਮ ਦੇ ਅਫਸਰ ਰੈਸਟੋਰੈਂਟਾਂ ਵਿਚ ਲੰਚ ਡਿਨਰ ਕਰਦੇ ਦਿਖਾਈ ਦੇਣਗੇ। ਕਮਿਸ਼ਨਰ ਝੂਠੇ ਹਨ, ਤਨਖਾਹ ਤਾਂ ਪੂਰੀ ਲੈ ਰਹੇ ਹਨ ਪਰ ਕੰਮ ਨਹੀਂ ਕਰ ਰਹੇ। ਨਿਗਮ ਦੇ ਅਫਸਰ ਜਾਂ ਤਾਂ ਕੰਮ ਕਰਨ ਨਹੀਂ ਤਾਂ ਕੁਰਸੀ ਛੱਡ ਦੇਣ।
ਸਰਕਾਰ ਆਉਣ ਦਿਓ ਅਫਸਰ ਦਰਵਾਜ਼ਿਆਂ 'ਤੇ ਖੜ੍ਹੇ ਹੋਣਗੇ : ਰਿੰਕਾ
ਕੌਂਸਲਰ ਸੰਦੀਪ ਸ਼ਰਮਾ ਰਿੰਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਦਿਓ ਅਫਸਰ ਜਨਤਾ ਦੇ ਦਰਵਾਜ਼ਿਆਂ 'ਤੇ ਖੜ੍ਹੇ ਹੋਣਗੇ। ਥੋੜ੍ਹਾ ਸਮਾਂ ਰਹਿ ਗਿਆ ਜੇਕਰ ਖੁਦ ਵਿਚ ਬਦਲਾਅ ਨਾ ਕੀਤਾ ਤਾਂ ਸਰਕਾਰ ਆਉਣ 'ਤੇ ਉੱਥੇ ਸੁੱਟਾਂਗੇ ਕਿ ਯਾਦ ਕਰੋਗੇ। ਅਫਸਰਾਂ ਨੂੰ ਚੇਤਾਵਨੀ ਹੈ ਕਿ ਕੌਂਸਲਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ।
ਵਾਰਡ ’ਚ ਸੀਵਰੇਜ ਜਾਮ, ਦੋ ਬੇੜੀਆਂ ਦਿੱਤੀਆਂ ਜਾਣ : ਕੌਂਸਲਰ ਨਵਪ੍ਰੀਤ
ਵਾਰਡ ਨੰਬਰ 46 ਤੋਂ ਕੌਂਸਲਰ ਨਵਪ੍ਰੀਤ ਨਵੀ ਨੇ ਕਿਹਾ ਕਿ ਉਨ੍ਹਾਂ ਦੀ ਵਾਰਡ ਕੂਚਾ ਰਾਮਗੜ੍ਹੀਆਂ ਗਲੀ ਅਤੇ ਮਸੀਤ ਵਾਲੀ ਗਲੀ, ਗੁੱਜਰਾਂ ਵਾਲੀ ਗਲੀ ਵਿਚ ਹਫ਼ਤੇ ਵਿਚ 5 ਦਿਨ ਸੀਵਰ ਜਾਮ ਰਹਿੰਦਾ ਹੈ। ਨਿਗਮ ਇਸ ਨੂੰ ਹੱਲ ਨਹੀਂ ਕਰਵਾ ਰਿਹਾ, ਵਾਰਡ ਨੂੰ ਦੋ ਬੇੜੀਆਂ ਦੇ ਦਿੱਤੀਆਂ ਜਾਣ। ਇਸ ਨਾਲ ਵਾਰਡ ਦੇ ਲੋਕ ਬੇੜੀ ਵਿਚ ਸਵਾਰ ਹੋ ਕੇ ਆਪਣੇ ਕੰਮਾਂ 'ਤੇ ਜਾ ਸਕਣਗੇ। ਮੋਚੀ ਬਾਜ਼ਾਰ, ਬ੍ਰਹਮਬੂਟਾ ਅਖਾੜਾ ਵੱਲ ਦੁਕਾਨਾਂ ਅਤੇ ਹੋਟਲ ਹਨ, ਉੱਥੇ ਪਿਛਲੇ 35 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ। ਨਿਗਮ ਦੇ ਅਫਸਰਾਂ ਨੂੰ ਰੋਜ਼ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਹੁਣ ਇਹ ਜਗ੍ਹਾ ਏਡੀਏ ਦੀ ਹੱਦ ਵਿਚ ਆਉਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਏਡੀਏ ਨਿਗਮ 'ਤੇ ਜ਼ਿੰਮੇਵਾਰੀ ਪਾ ਰਿਹਾ ਹੈ। ਬਾਬਾ ਦੀਪ ਸਿੰਘ ਕਾਲੋਨੀ, ਕਿਸ਼ਨਗੜ੍ਹ ਕਾਲੋਨੀ, ਗਲੀ ਮੂਲੇ ਵਾਲੀ, ਮਸੀਤ ਵਾਲੀ ਵਿਚ ਦੂਸ਼ਿਤ ਪੀਣ ਵਾਲਾ ਪਾਣੀ ਆ ਰਿਹਾ ਹੈ।
ਰਣਜੀਤ ਐਵੀਨਿਊ ਤੋਂ ਡੰਪ ਨਾ ਹਟਾਇਆ ਤਾਂ ਹਾਈਵੇ ਜਾਮ ਕਰਾਂਗੇ : ਐਸਐਸ ਵਿਰਕ
ਸਰਬ ਲੋਕ ਭਲਾਈ ਕਮੇਟੀ ਦੇ ਜਨਰਲ ਸਕੱਤਰ ਐਚਐਸ ਵਿਰਕ ਨੇ ਕਿਹਾ ਕਿ ਕਮਿਸ਼ਨਰ ਨੇ ਭਰੋਸਾ ਦਿਵਾਇਆ, ਪਰ ਜ਼ਮੀਨੀ ਪੱਧਰ 'ਤੇ ਕੁਝ ਨਹੀਂ ਹੋਇਆ। ਗੱਡੀ ਤੋਂ ਉਤਰ ਕੇ ਇੱਕ ਦਿਨ ਵੀ ਉੱਥੇ ਰਹੇ ਤਾਂ ਪਤਾ ਲੱਗੇ ਕਿ ਉੱਥੇ ਰਹਿਣਾ ਕਿੰਨਾ ਮੁਸ਼ਕਲ ਹੈ। ਡਿਪਟੀ ਕਮਿਸ਼ਨਰ ਨੇ ਵੀ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ 15 ਦਿਨਾਂ ਵਿਚ ਕਾਰਵਾਈ ਕਰਨ ਲਈ ਕਿਹਾ ਪਰ ਕੋਈ ਹੱਲ ਨਹੀਂ ਕੱਢਿਆ ਗਿਆ। ਜੇਕਰ ਡੰਪ ਦਾ ਮੁੱਦਾ ਹੱਲ ਨਾ ਕੀਤਾ ਤਾਂ ਹਾਈਵੇ ਜਾਮ ਕਰਨ ਦੇ ਨਾਲ ਹੀ ਦਫਤਰਾਂ ਵਿਚ ਲਿਆ ਕੇ ਕੂੜਾ ਸੁੱਟਿਆ ਜਾਵੇਗਾ। ਵਿਕਾਸ ਸੋਨੀ ਨੇ ਕਿਹਾ ਕਿ ਸਰਕਾਰ ਬਦਲੇ, ਪਹਿਲ ਦੇ ਆਧਾਰ 'ਤੇ ਕੂੜੇ ਦਾ ਡੰਪ ਖਤਮ ਕੀਤਾ ਜਾਵੇਗਾ।
ਮੇਅਰ ਕਮਿਸ਼ਨਰ ਦੇ ਦਫਤਰ 'ਤੇ ਤਾਲੇ ਲੱਗਣੇ ਚਾਹੀਦੇ ਹਨ : ਰਾਹੁਲ ਕੁਮਾਰ
ਰਾਹੁਲ ਕੁਮਾਰ, ਸਾਬਕਾ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ ਨੇ ਕਿਹਾ ਕਿ ਮੇਅਰ-ਕਮਿਸ਼ਨਰ ਦੇ ਦਫਤਰ 'ਤੇ ਤਾਲੇ ਲੱਗਣੇ ਚਾਹੀਦੇ ਹਨ। ਘਰ-ਘਰ ਗਲੀ-ਗਲੀ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਦੇ ਕਮਰਿਆਂ ਨੂੰ ਤਾਲੇ ਲਗਾਏ ਜਾਣੇ ਚਾਹੀਦੇ ਹਨ, ਇਨ੍ਹਾਂ ਦੇ ਘਰਾਂ ਦੇ ਬਾਹਰ ਕੂੜਾ ਸੁੱਟਿਆ ਜਾਣਾ ਚਾਹੀਦਾ ਹੈ। ਯੂਥ ਕਾਂਗਰਸ ਅੱਗੇ ਰਹੇਗੀ ਅਤੇ ਪਰਚਿਆਂ ਦੀ ਵੀ ਪਰਵਾਹ ਨਹੀਂ ਹੈ। ਕਮਿਸ਼ਨਰ ਹਾਊਸ ਸੌਦੇਬਾਜ਼ੀ ਦਾ ਹਾਊਸ ਬਣ ਚੁੱਕਾ ਹੈ।
ਕਮਿਸ਼ਨਰ-ਅਸਟੇਟ ਅਫਸਰ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਵਾ ਰਹੇ ਹਨ: ਟਾਂਗਰੀ
ਕੌਂਸਲਰ ਪਤੀ ਸੰਜੀਵ ਟਾਂਗਰੀ ਨੇ ਕਿਹਾ ਕਿ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। 10-10 ਦਿਨ ਤੱਕ ਸੜਕਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ। ਨਗਰ ਨਿਗਮ ਕਮਿਸ਼ਨਰ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਸ਼ਹਿਰ ਨੂੰ ਕੂੜੇ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ, ਸਟਰੀਟ ਲਾਈਟਾਂ ਬੰਦ ਹਨ, ਦੂਸ਼ਿਤ ਪੀਣ ਵਾਲਾ ਪਾਣੀ ਪੀਣ ਲਈ ਮਜਬੂਰ ਹਨ। ਨਿਗਮ ਕਮਿਸ਼ਨਰ-ਅਸਟੇਟ ਅਫਸਰ ਵੱਲੋਂ ਨਿਗਮ ਦੀ ਜਗ੍ਹਾ 'ਤੇ ਚੁੰਗੀ ਦੇ ਨੇੜੇ ਕਬਜ਼ਾ ਕਰਵਾਇਆ ਜਾ ਰਿਹਾ ਹੈ।
50 ਲੱਖ ਦੇ ਟੈਂਡਰ ਦਾ ਪਤਾ ਨਹੀਂ ਲੱਗਾ : ਨਵਦੀਪ ਹੁੰਦਲ
ਨਵਦੀਪ ਹੁੰਦਲ, ਕੌਂਸਲਰ ਵਾਰਡ 18 ਨੇ ਕਿਹਾ ਕਿ ਕੌਂਸਲਰ ਨਵਦੀਪ ਹੁੰਦਲ ਨੇ ਕਿਹਾ ਕਿ ਵੱਲਾ ਗੁਰਦੁਆਰਾ ਸਾਹਿਬ ਲਈ 50 ਲੱਖ ਦੇ ਟੈਂਡਰ ਲੱਗੇ ਸਨ, ਉਨ੍ਹਾਂ ਦੇ ਕੰਮ ਪੂਰੇ ਹੋਣੇ ਚਾਹੀਦੇ ਹਨ। ਇਕ ਪਾਸੇ ਸਰਕਾਰ ਤੀਰਥ ਯਾਤਰਾ ਕਰਵਾ ਰਹੀ ਹੈ ਅਤੇ ਦੂਜੇ ਪਾਸੇ ਤੀਰਥ ਸਥਾਨਾਂ ਦੀ ਦੇਖਭਾਲ ਕਿਸ ਨੇ ਕਰਨੀ ਹੈ।
ਵਿਰੋਧੀ ਪੱਖ ਕੌਂਸਲਰਾਂ ਨਾਲ ਪੱਖਪਾਤ ਹੋ ਰਿਹਾ ਹੈ: ਅਰੁਣ ਪੱਪਲ
ਅਰੁਣ ਪੱਪਲ, ਕੌਂਸਲਰ ਪਤੀ ਨੇ ਕਿਹਾ ਕਿ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਪੱਖਪਾਤ ਹੋ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵਾਰਡ ਦੇ ਲੋਕ ਕੌਂਸਲਰ ਦੇ ਖਿਲਾਫ ਹੋ ਜਾਣ। ਇਹ ਪੱਖਪਾਤ ਕੌਂਸਲਰਾਂ ਨਾਲ ਨਹੀਂ ਬਲਕਿ ਸ਼ਹਿਰ ਦੀ ਕਰੀਬ 8 ਲੱਖ ਦੀ ਆਬਾਦੀ ਨਾਲ ਹੋ ਰਿਹਾ ਹੈ।
ਅਫਸਰਾਂ 'ਤੇ ਵੀ ਸਾਧਿਆ ਨਿਸ਼ਾਨਾ
ਧਰਨੇ ਵਿਚ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਪ੍ਰਾਪਰਟੀਆਂ ਦੇ ਸੌਦੇ ਕਰਦਾ ਹੈ। ਸੋਨੀ ਨੇ ਕਿਹਾ ਕਿ ਉਨ੍ਹਾਂ ਦਾ ਦਿਲ ਕਰਦਾ ਹੈ ਕਿ ਉਸ ਦੇ ਦਫਤਰ ਦੇ ਬਾਹਰ ਵਧਾਵਨ ਪ੍ਰਾਪਰਟੀ ਡੀਲਰ ਦਾ ਬੋਰਡ ਲਗਾ ਦਿੱਤਾ ਜਾਵੇ। ਦੋ ਮਹੀਨੇ ਰਹਿ ਗਏ, ਸ਼ਹਿਰ ਨੂੰ ਲੁੱਟਣ-ਭ੍ਰਿਸ਼ਟਾਚਾਰ ਦਾ ਹਿਸਾਬ ਲਿਆ ਜਾਵੇਗਾ। ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਸੌਰਭ ਮਦਾਨ ਮਿੱਠੂ ਨੇ ਕਿਹਾ ਕਿ ਈਸਟ ਜ਼ੋਨ ਵਿਚ ਅਸਿਸਟੈਂਟ ਟਾਊਨ ਪਲਾਨਰ (ਏਟੀਪੀ) ਪਰਮਿੰਦਰ ਸਿੰਘ ਨਾਜਾਇਜ਼ ਉਸਾਰੀਆਂ ਕਰਵਾ ਰਿਹਾ ਹੈ।
ਦੂਜੇ ਪਾਸੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਨੇ ਕਿਹਾ ਕਿ ਉਨ੍ਹਾਂ ਅਤੇ ਵਿਕਾਸ ਸੋਨੀ ਦੇ ਅਕਸ ਬਾਰੇ ਸਭ ਜਾਣਦੇ ਹਨ। ਕੌਂਸਲਰ ਸੋਨੀ ਨਿੱਜੀ ਦੁਸ਼ਮਣੀ ਕੱਢਣ ਲਈ ਹਰ ਵਾਰ ਬੇਬੁਨਿਆਦ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਏਟੀਪੀ ਪਰਮਿੰਦਰ ਨੇ ਕਿਹਾ ਕਿ ਈਸਟ ਵਿਚ 9 ਦੇ ਕਰੀਬ ਇਮਾਰਤਾਂ ਸੀਲ ਕੀਤੀਆਂ ਹਨ। ਜਿੱਥੇ ਲੋੜ ਹੈ, ਉੱਥੇ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ।
ਸਾਬਕਾ ਡਿਪਟੀ ਮੇਅਰ ਸੋਨੀ ਨੇ ਸ਼ਹਿਰ ਨੂੰ ਕਿਹੜਾ ਪ੍ਰੋਜੈਕਟ ਦਿੱਤਾ : ਮੇਅਰ
ਪਹਿਲੀ ਵਾਰ ਸ਼ਹਿਰ ਵਿਚ ਸੀਵਰੇਜ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਪ੍ਰਾਈਵੇਟ ਕੰਪਨੀ ਨੂੰ ਵੀ ਕੁਝ ਵਾਰਡਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐਸਟੀਪੀਜ਼ ਦੀ ਸਮਰੱਥਾ ਵੀ ਵਧਾ ਰਹੇ ਹਾਂ। ਮੈਨੂੰ ਜਾਅਲੀ ਮੇਅਰ ਦੱਸਣ ਵਾਲੇ ਕੌਂਸਲਰ ਵਿਕਾਸ ਸੋਨੀ ਮੰਦਬੁੱਧੀ ਹਨ ਅਤੇ ਖੁਦ ਨੂੰ ਗਲਤ ਗਾਈਡ ਕਰਦੇ ਹਨ। ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੱਸਣ ਕਿ ਸ਼ਹਿਰ ਲਈ ਕਿਹੜਾ ਪ੍ਰੋਜੈਕਟ ਲੈ ਕੇ ਆਏ ਸਨ। ਸਿੱਖਿਆ ਮੰਤਰੀ ਵੀ ਰਹੇ ਅਤੇ ਕਿਹੜਾ ਸਕੂਲ ਬਣਾਇਆ। ਵਰਤਮਾਨ ਵਿਚ ਸ਼ਹਿਰ ਵਿਚ 80 ਫੀਸਦੀ ਕੂੜਾ ਲਿਫਟਿੰਗ ਕੰਟਰੋਲ ਕੀਤੀ ਹੈ। ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਤੋਂ ਕਾਂਗਰਸੀਆਂ ਨੂੰ ਤਕਲੀਫ ਹੋ ਰਹੀ ਹੈ। ਧਰਨੇ ਵਿਚ 38 ਵਿਚੋਂ ਕਾਂਗਰਸੀਆਂ ਦੇ ਸਿਰਫ 9 ਕੌਂਸਲਰ ਆਉਣਾ ਹੀ ਪਾਰਟੀ ਦੀ ਪੋਲ ਖੋਲ੍ਹ ਗਏ। ਬੀਆਰਟੀਐਸ ਕੋਰੀਡੋਰ ਕਾਰਨ ਹੋਏ ਹਾਦਸਿਆਂ ਵਿਚ 25 ਜਾਨਾਂ ਚਲੀਆਂ ਗਈਆਂ ਸਨ। ਛੋਟੇ ਸ਼ਹਿਰ ਲਈ ਇਸ ਪ੍ਰੋਜੈਕਟ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਕਾਂਗਰਸ ਵਿਚ ਪੁਰਾਣੇ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਕੇ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।