ਕੰਪਿਊਟਰ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ, ਸਰਕਾਰ ਦੇ ਵਾਅਦਿਆਂ ਦੀ ‘ਪੰਡ’ ਫੂਕੀ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਕੰਪਿਊਟਰ ਅਧਿਆਪਕਾਂ ਦੀਆਂ ਸੇਵਾ ਮੰਗਾਂ ਸਬੰਧੀ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਮੁੜ ਮੁਲਤਵੀ ਕੀਤੇ ਜਾਣ ਕਾਰਨ ਕੰਪਿਊਟਰ
Publish Date: Fri, 21 Aug 2026 04:23 PM (IST)
Updated Date: Fri, 21 Aug 2026 04:24 PM (IST)
ਵਿੱਤ ਮੰਤਰੀ ਨਾਲ 18 ਅਗਸਤ ਦੀ ਮੀਟਿੰਗ 27 ਅਗਸਤ ਤੱਕ ਮੁਲਤਵੀ ਕਰਨ ਦਾ ਕੀਤਾ ਸਖਤ ਵਿਰੋਧ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਕੰਪਿਊਟਰ ਅਧਿਆਪਕਾਂ ਦੀਆਂ ਸੇਵਾ ਮੰਗਾਂ ਸਬੰਧੀ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਮੁੜ ਮੁਲਤਵੀ ਕੀਤੇ ਜਾਣ ਕਾਰਨ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਸਰਕਾਰ ਦੇ ਇਸ ਰਵੱਈਏ ਦੇ ਵਿਰੋਧ ਵਿਚ ਜ਼ਿਲ੍ਹਾ ਡੀਸੀ ਦਫਤਰ ਵਿਖੇ ਰੋਸ ਪ੍ਰਦਰਸ਼ਨ ਕਰਕੇ ‘ਸਰਕਾਰ ਦੇ ਲਾਰਿਆਂ ਦੀ ਪੰਡ’ ਫੂਕੀ ਗਈ। ਕੰਪਿਊਟਰ ਟੀਚਰਜ਼ ਯੂਨੀਅਨ ਅੰਮ੍ਰਿਤਸਤ ਦੇ ਜਿਲ੍ਹਾ ਪ੍ਰਧਾਨ ਗਗਨ ਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸੇਵਾ ਮੰਗਾਂ ਦੇ ਹੱਲ ਲਈ ਵਿੱਤ ਮੰਤਰੀ ਨਾਲ 18 ਅਗਸਤ 2026 ਨੂੰ ਮੀਟਿੰਗ ਤੈਅ ਕੀਤੀ ਗਈ ਸੀ, ਜਿਸ ਤੋਂ ਅਧਿਆਪਕਾਂ ਨੂੰ ਉਮੀਦ ਸੀ ਕਿ ਸਰਕਾਰ ਉਨ੍ਹਾਂ ਦੇ ਮਸਲਿਆਂ ਦਾ ਗੰਭੀਰਤਾ ਨਾਲ ਹੱਲ ਕਰਨ ਵੱਲ ਕਦਮ ਚੁੱਕੇਗੀ। ਪਰ ਹੁਣ ਸਰਕਾਰ ਵੱਲੋਂ ਇਹ ਮੀਟਿੰਗ 27 ਅਗਸਤ 2026 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਚੰਦੀ, ਮਨਦੀਪ ਸਿੰਘ ਢਿੱਲੋਂ, ਜਨਰਲ ਸਕੱਤਰ ਪੁਨੀਤ ਜੋਸ਼ੀ, ਮੀਤ ਪ੍ਰਧਾਨ ਪਰਮਿੰਦਰ ਸਿੰਘ, ਮਨਦੀਪ ਸਿੰਘ ਸੰਧੂ, ਰੁਪਿੰਦਰ ਸਿੰਘ ਕਾਹਲੋਂ, ਮੋਨਿਕਾ ਅਤੇ ਹੋਰ ਯੂਨੀਅਨ ਆਗੂਆਂ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਵਾਰ-ਵਾਰ ਮੀਟਿੰਗਾਂ ਦੇ ਭਰੋਸੇ ਅਤੇ ਤਾਰੀਕਾਂ ਦੇਣ ਤੋਂ ਬਾਅਦ ਮੀਟਿੰਗਾਂ ਮੁਲਤਵੀ ਹੋਣਾ ਅਧਿਆਪਕਾਂ ਦੇ ਸਬਰ ਦਾ ਇਮਤਿਹਾਨ ਲੈਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਹੁਣ ਕੰਪਿਊਟਰ ਅਧਿਆਪਕ ਸਰਕਾਰ ਦੇ ਲਾਰਿਆਂ ’ਤੇ ਭਰੋਸਾ ਕਰਨ ਦੀ ਬਜਾਏ ਸਰਕਾਰ ਤੋਂ ਠੋਸ ਫੈਸਲੇ ਅਤੇ ਲਿਖਤੀ ਰੂਪ ਵਿੱਚ ਹੱਕਾਂ ਦੀ ਪ੍ਰਾਪਤੀ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ 2 ਦਸੰਬਰ 2010 ਦੇ ਰੈਗੂਲਰਾਈਜ਼ੇਸ਼ਨ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ, ਰੈਗੂਲਰ ਸੇਵਾ ਦੇ ਸਾਰੇ ਬਣਦੇ ਲਾਭ ਦੇਣਾ, 6ਵੇਂ ਤਨਖਾਹ ਕਮਿਸ਼ਨ ਦੇ ਲਾਭ, ਪੈਨਸ਼ਨ, ਡੀਸੀਆਰਜੀ, ਪਰਿਵਾਰਕ ਲਾਭ ਅਤੇ ਹੋਰ ਸੇਵਾ ਹੱਕਾਂ ਨਾਲ ਸਬੰਧਤ ਮਸਲਿਆਂ ਦਾ ਨਿਪਟਾਰਾ ਕਰਨਾ ਯੂਨੀਅਨ ਦੀਆਂ ਮੁੱਖ ਮੰਗਾਂ ਹਨ। ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਮੀਟਿੰਗ ਨੂੰ ਮੁੜ ਅੱਗੇ ਪਾ ਦਿੱਤਾ ਹੈ। ਯੂਨੀਅਨ ਨੇ ਇਸ ਨੂੰ ਅਧਿਆਪਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ ਹੈ। ਸਰਕਾਰ ਦੇ ਇਸ ਰਵੱਈਏ ਦੇ ਵਿਰੋਧ ਵਿੱਚ ਕੰਪਿਊਟਰ ਟੀਚਰਜ਼ ਯੂਨੀਅਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਵੱਲੋਂ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਾਅਦਿਆਂ ਅਤੇ ਦਿੱਤੇ ਗਏ ਭਰੋਸਿਆਂ ਨੂੰ ਦਰਸਾਉਂਦੀ ‘ਲਾਰਿਆਂ ਦੀ ਪੰਡ’ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਸਰਕਾਰ ਨੂੰ ਇਹ ਸੁਨੇਹਾ ਦੇਣ ਲਈ ਹੈ ਕਿ ਕੰਪਿਊਟਰ ਅਧਿਆਪਕ ਹੁਣ ਸਿਰਫ਼ ਮੀਟਿੰਗਾਂ ਅਤੇ ਭਰੋਸਿਆਂ ਨਾਲ ਸੰਤੁਸ਼ਟ ਨਹੀਂ ਹੋਣਗੇ। ਜਦੋਂ ਤੱਕ ਸਰਕਾਰ ਮੰਗਾਂ ਸਬੰਧੀ ਕੋਈ ਠੋਸ ਅਤੇ ਸਨਮਾਨਜਨਕ ਫੈਸਲਾ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਹੁਣ ਲਾਰਿਆਂ ਦੀ ਨਹੀਂ, ਫੈਸਲਿਆਂ ਦੀ ਲੋੜ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੀ ਜਵਾਨੀ ਅਤੇ ਕੀਮਤੀ ਸਮਾਂ ਲਗਾਇਆ ਹੈ। ਇੰਨੇ ਲੰਬੇ ਸਮੇਂ ਬਾਅਦ ਵੀ ਜੇਕਰ ਆਪਣੇ ਬਣਦੇ ਸੇਵਾ ਹੱਕਾਂ ਲਈ ਅਧਿਆਪਕਾਂ ਨੂੰ ਵਾਰ-ਵਾਰ ਸੜਕਾਂ ’ਤੇ ਉਤਰਨਾ ਪਵੇ ਤਾਂ ਇਹ ਸਰਕਾਰ ਅਤੇ ਪ੍ਰਸ਼ਾਸਨ ਲਈ ਗੰਭੀਰ ਸਵਾਲ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੇ ਲਾਰਿਆਂ ਦੀ ਪੰਡ ਬਹੁਤ ਭਾਰੀ ਹੋ ਚੁੱਕੀ ਹੈ। ਕੰਪਿਊਟਰ ਅਧਿਆਪਕਾਂ ਨੂੰ ਨਵੀਆਂ ਤਾਰੀਖਾਂ ਨਹੀਂ, ਆਪਣੇ ਹੱਕਾਂ ਦਾ ਸਪੱਸ਼ਟ ਅਤੇ ਸਥਾਈ ਹੱਲ ਚਾਹੀਦਾ ਹੈ। ਮੀਟਿੰਗ ਨੂੰ ਮੁੜ ਮੁਲਤਵੀ ਕਰਨ ਦੀ ਬਜਾਏ ਗੰਭੀਰਤਾ ਨਾਲ ਲਿਆ ਜਾਵੇ ਯੂਨੀਅਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ 27 ਅਗਸਤ ਦੀ ਮੀਟਿੰਗ ਨੂੰ ਮੁੜ ਮੁਲਤਵੀ ਕਰਨ ਦੀ ਬਜਾਏ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ’ਤੇ ਠੋਸ ਫੈਸਲਾ ਕੀਤਾ ਜਾਵੇ। ਨਾਲ ਹੀ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮਸਲੇ ਦਾ ਸਥਾਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਸੂਬਾ ਪੱਧਰ ’ਤੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਨਵਜੋਤ ਸਿੰਘ ਭੰਗਾਲੀ, ਤਰਵਿੰਦਰ ਸਿੰਘ ਪਾਖਰਪੁਰਾ, ਹਰਵਿੰਦਰ ਸਿੰਘ ਪ੍ਰਭਜੋਤ ਸਿੰਘ ਵਰਪਾਲ ਰਾਜੇਸ਼ ਕੁਮਾਰ ਭੋਮਾ, ਕੁਲਜਿੰਦਰ ਸਿੰਘ, ਗੌਰਵ ਘਣੂਪੁਰ, ਸੁਨੀਲ ਪਾਠਕ, ਕੁਲਦੀਪ ਰਾਮਬਾਗ ਸਤਨਾਮ ਚੇਤਨਪੁਰਾ ਵਿਕਾਸ ਬੱਲਕਲਾਂ ਗੁਰਮੀਤ ਭੀਲੋਵਾਲ ਅਮਰਜੀਤ ਹੇਰ ਅਤੇ ਹੋਰ ਸੀਐੱਫ ਸਾਥੀ ਹਾਜ਼ਰ ਸਨ।