ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ ਮਜੀਠਾ ਤੇ ਆਸਪਾਸ ਰਿਹਾ ਮੁਕੰਮਲ ਬੰਦ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮਜੀਠਾ ਅਤੇ ਆਸਪਾਸ ਭਰਵਾਂ ਹੁੰਗਾਰਾ ਮਿਿਲਆ। ਸ਼ਹਿਰ ਅਤੇ ਲਾਗੇ ਸਾਰੇ ਵਪਾਰਕ ਅਤੇ
Publish Date: Fri, 21 Aug 2026 04:13 PM (IST)
Updated Date: Fri, 21 Aug 2026 04:15 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮਜੀਠਾ ਅਤੇ ਆਸਪਾਸ ਭਰਵਾਂ ਹੁੰਗਾਰਾ ਮਿਿਲਆ। ਸ਼ਹਿਰ ਅਤੇ ਲਾਗੇ ਸਾਰੇ ਵਪਾਰਕ ਅਤੇ ਵਿੱਦਿਅਕ ਅਦਾਰੇ ਮੁਕੰਮਲ ਤੌਰ ’ਤੇ ਬੰਦ ਰਹੇ। ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਬੰਦ ਰਹੀਆਂ ਪਰ ਹਲਕੀ ਆਵਾਜਾਈ ਰੁਕ-ਰੁਕ ਕੇ ਚੱਲਦੀ ਰਹੀ। ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਿਤਪਾਲ ਸਿੰਘ ਬੱਲ ਮਜੀਠਾ, ਆਲ ਇੰਡੀਆ ਹਿਊਮਨ ਰਾਈਟਸ ਕੌਸਲ ਦੇ ਕੌਮੀ ਯੂਥ ਪ੍ਰਧਾਨ ਮਨਬੀਰ ਸਿੰਘ ਵਡਾਲਾ, ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਦੇ ਜਨਰਲ ਸਕੱਤਰ ਜੋਗਾ ਸਿੰਘ ਅਠਵਾਲ ਦੀ ਅਗਵਾਈ ਵਿਚ ਸ਼ਹਿਰ ਮਜੀਠਾ ਵਿਚ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰ 2 ਵਜੇ ਤੱਕ ਬੰਦ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਹਰੇ ਮਾਪਦੰਡ ਅਪਨਾ ਰਹੀ ਹੈ। ਲੰਬੀਆ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ, ਜਦ ਕਿ ਕਥਿਤ ਤੌਰ ’ਤੇ ਇਕ ਬਾਬਾ ਹਰ ਛੇ ਮਹੀਨੇ ਬਾਅਦ ਪੈਰੋਲ ’ਤੇ ਬਾਹਰ ਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਬਜ਼ੁਰਗ ਮਾਤਾ ਜੀ ਲੰਬੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਹਨ ਅਤੇ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੇ ਹਨ, ਪਰ ਸਰਕਾਰਾਂ ਉਨ੍ਹਾਂ ਨੂੰ ਮਾਤਾ ਦੇ ਮਿਲਣ ਵਾਸਤੇ ਪੈਰੋਲ ਨਹੀਂ ਦੇ ਰਹੀਆਂ, ਜਦ ਕਿ ਭਾਈ ਹਵਾਰਾ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਵਰਤਾਰੇ ਨਾਲ ਸਿੱਖ ਆਪਣੇ ਆਪ ਨੂੰ ਇਸ ਦੇਸ਼ ਦੇ ਵਸਨੀਕ ਨਹੀ ਸਮਝ ਰਹੇ ਕਿਉਕਿ ਆਮ ਦੋਸ਼ੀਆਂ ਵਾਸਤੇ ਦੇਸ਼ ਦਾ ਕਾਨੂੰਨ ਹੋਰ ਅਤੇ ਸਿੱਖਾਂ ਵਾਸਤੇ ਹੋਰ ਹੈ। ਇਸ ਮੌਕੇ ਰਣਜੀਤ ਸਿੰਘ ਭੋਮਾ, ਜੋਗਾ ਸਿੰਘ ਅਠਵਾਲ, ਮਨਬੀਰ ਸਿੰਘ ਵਡਾਲਾ, ਪ੍ਰਿਤਪਾਲ ਸਿੰਘ ਬੱਲ, ਡਾ: ਸੁਖਦੀਪ ਸਿੰਘ, ਸੁਖਜੀਤ ਸਿੰਘ, ਦੁਰਗਾ ਦਾਸ ਵਡਾਲਾ ਸਾਬਕਾ ਸਰਪੰਚ, ਪ੍ਰਿੰਸ, ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।