ਬਾਲ ਸੁਰੱਖਿਆ ਜਾਗਰੂਕਤਾ ਵਰਕਸ਼ਾਪ ਕਰਵਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ, (ਏ ਪ੍ਰੋਜੈਕਟ ਆਫ਼ ਹੈਲਪ ਏ ਚਾਈਲਡ ਆਫ਼
Publish Date: Wed, 02 Sep 2026 04:14 PM (IST)
Updated Date: Wed, 02 Sep 2026 04:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੰਮ੍ਰਿਤਸਰ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ, (ਏ ਪ੍ਰੋਜੈਕਟ ਆਫ਼ ਹੈਲਪ ਏ ਚਾਈਲਡ ਆਫ਼ ਇੰਡੀਆ) ਵੱਲੋਂ ਕਮਿਊਨਿਟੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (ਡੀਸੀਪੀਯੂ), ਅੰਮ੍ਰਿਤਸਰ ਦੀ ਟੀਮ ਦੇ ਤਕਨੀਕੀ ਸਹਿਯੋਗ ਨਾਲ ਬਾਲ ਸੁਰੱਖਿਆ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਮਾਵਾਂ ਅਤੇ ਬੱਚਿਆਂ ਸਮੇਤ ਲਗਭਗ 70 ਕਮਿਊਨਿਟੀ ਮੈਂਬਰਾਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਮਾਪਿਆਂ, ਬੱਚਿਆਂ ਅਤੇ ਕਮਿਊਨਿਟੀ ਦੇ ਮੈਂਬਰਾਂ ਨੂੰ ਬਾਲ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਹਰ ਬੱਚੇ ਲਈ ਇਕ ਸੁਰੱਖਿਅਤ ਅਤੇ ਸਹਾਇਕ ਮਾਹੌਲ ਯਕੀਨੀ ਬਣਾਉਣ ਦੀ ਲੋੜ ਬਾਰੇ ਜਾਣਕਾਰੀ ਦੇਣਾ ਸੀ, ਖਾਸ ਕਰਕੇ ਮੌਜੂਦਾ ਸਮੇਂ ਵਿੱਚ ਸਮਾਜ ਵਿਚ ਬੱਚਿਆਂ ਸਾਹਮਣੇ ਆ ਰਹੀਆਂ ਵੱਖ-ਵੱਖ ਚੁਣੌਤੀਆਂ ਦੇ ਮੱਦੇਨਜ਼ਰ। ਵਰਕਸ਼ਾਪ ਦੇ ਪਹਿਲੇ ਸੈਸ਼ਨ ਦੌਰਾਨ ਡੀਸੀਪੀਯ ਅੰਮ੍ਰਿਤਸਰ ਦੀ ਟੀਮ ਵੱਲੋਂ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਮੌਜੂਦਾ ਸਮਾਜਿਕ ਸਥਿਤੀ ਵਿਚ ਬਾਲ ਸੁਰੱਖਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਟੀਮ ਨੇ ਮਾਵਾਂ ਅਤੇ ਬੱਚਿਆਂ ਨੂੰ ਬੱਚਿਆਂ ਦੀ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਜਾਗਰੂਕ ਕੀਤਾ ਤੇ ਉਨ੍ਹਾਂ ਨੂੰ ਬੱਚਿਆਂ ਦੀਆਂ ਗਤੀਵਿਧੀਆਂ ਅਤੇ ਸਮੱਸਿਆਵਾਂ ਪ੍ਰਤੀ ਸੁਚੇਤ ਰਹਿਣ, ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਜਦੋਂ ਵੀ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਦਾ ਖਤਰਾ ਜਾਂ ਮੁਸ਼ਕਲ ਪੇਸ਼ ਆਵੇ ਤਾਂ ਸਮੇਂ ਸਿਰ ਉਚਿਤ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ। ਦੂਜੇ ਸੈਸ਼ਨ ਵਿੱਚ ਇੱਕ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਕਈ ਮਾਵਾਂ ਨੇ ਬਾਲ ਸੁਰੱਖਿਆ ਨਾਲ ਸਬੰਧਤ ਆਪਣੇ ਸਵਾਲ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ। ਡੀਸੀਪੀਯੂ ਟੀਮ ਨੇ ਉਨ੍ਹਾਂ ਦੇ ਸਵਾਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਠੋਸ ਜਾਣਕਾਰੀ ਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਨਾਲ ਭਾਗੀਦਾਰਾਂ ਨੂੰ ਬਾਲ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਅਤੇ ਉਪਲਬਧ ਸਹਾਇਤਾ ਪ੍ਰਣਾਲੀਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੀ। ਵਰਕਸ਼ਾਪ ਦੇ ਅੰਤ ਵਿਚ ਡੀਸੀਪੀਯੂ ਟੀਮ ਵੱਲੋਂ ਮਾਵਾਂ ਤੇ ਬੱਚਿਆਂ ਨਾਲ ਆਪਣੇ ਅਧਿਕਾਰਤ ਸੰਪਰਕ ਨੰਬਰ ਸਾਂਝੇ ਕੀਤੇ ਗਏ ਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਬੱਚੇ ਜਾਂ ਪਰਿਵਾਰ ਨੂੰ ਕਿਸੇ ਸੰਕਟ ਜਾਂ ਬਾਲ ਸੁਰੱਖਿਆ ਨਾਲ ਸਬੰਧਿਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ। ਟੀਮ ਨੇ ਭਰੋਸਾ ਦਿਵਾਇਆ ਕਿ ਲੋੜ ਪੈਣ ’ਤੇ ਉਹ ਬਿਨਾਂ ਝਿਜਕ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ। ਇਹ ਵਰਕਸ਼ਾਪ ਕਮਿਊਨਿਟੀ ਵਿੱਚ ਬਾਲ ਸੁਰੱਖਿਆ ਸਬੰਧੀ ਜਾਗਰੂਕਤਾ ਵਧਾਉਣ ਅਤੇ ਮਾਪਿਆਂ ਤੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਮਹੱਤਵਪੂਰਨ ਮੰਚ ਸਾਬਤ ਹੋਈ। ਮਾਵਾਂ ਤੇ ਬੱਚਿਆਂ ਦੀ ਸਰਗਰਮ ਭਾਗੀਦਾਰੀ ਨੇ ਬੱਚਿਆਂ ਦੀ ਸੁਰੱਖਿਆ, ਸਨਮਾਨ ਤੇ ਭਲਾਈ ਪ੍ਰਤੀ ਕਮਿਊਨਿਟੀ ਦੀ ਵੱਧ ਰਹੀ ਜਾਗਰੂਕਤਾ ਨੂੰ ਦਰਸਾਇਆ। ਅੰਮ੍ਰਿਤਸਰ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ ਵੱਲੋਂ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਕੀਤੇ ਗਏ ਕੀਮਤੀ ਤਕਨੀਕੀ ਸਹਿਯੋਗ ਤੇ ਮਾਰਗਦਰਸ਼ਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਅੰਮ੍ਰਿਤਸਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।