- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕੈਮਿਸਟ ਐਸੋਸੀਏਸ਼ਨ (ਪੀਸੀਏ) ਨੇ ਮੀਟਿੰਗ ਵਿਚ ਪ੍ਰੇਗਾਬਾਲਿਨ ਸਮੇਤ ਸਾਰੀਆਂ ਹੈਬਿਟ ਫਾਰਮਿੰਗ (ਆਦਤ ਪਾਉਣ ਵਾਲੀਆਂ) ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਕੀਤਾ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਕੈਮਿਸਟ ਐਸੋਸੀਏਸ਼ਨ (ਪੀਸੀਏ) ਨੇ ਮੀਟਿੰਗ ਵਿਚ ਪ੍ਰੇਗਾਬਾਲਿਨ ਸਮੇਤ ਸਾਰੀਆਂ ਹੈਬਿਟ ਫਾਰਮਿੰਗ (ਆਦਤ ਪਾਉਣ ਵਾਲੀਆਂ) ਦਵਾਈਆਂ ਦੀ ਵਿਕਰੀ ਬੰਦ ਕਰਨ ਦਾ ਫ਼ੈਸਲਾ ਕੀਤਾ। ਐਸੋਸੀਏਸ਼ਨ ਨੇ ਇਨ੍ਹਾਂ ਦਵਾਈਆਂ ਦਾ ਪੂਰਾ ਸਟਾਕ ਥੋਕ ਵਿਕਰੇਤਾਵਾਂ ਅਤੇ ਕੰਪਨੀਆਂ ਨੂੰ ਵਾਪਸ ਕਰਨ ਦੀ ਗੱਲ ਕਹੀ ਹੈ। ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਆਨਲਾਈਨ ਮੀਟਿੰਗ ਵਿਚ 23 ਜ਼ਿਲ੍ਹਿਆਂ ਦੇ ਅਹੁਦੇਦਾਰ ਸ਼ਾਮਲ ਹੋਏ।
ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਮਰੀਜ਼ਾਂ ਨੂੰ ਇਹ ਦਵਾਈਆਂ ਉਪਲਬਧ ਕਰਵਾਉਣ ਲਈ ਬਦਲਵੇਂ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ। ਮੀਟਿੰਗ ਵਿਚ ਕਿਹਾ ਗਿਆ ਕਿ ਪੰਜਾਬ ਦੇ ਸਾਰੇ 30 ਹਜ਼ਾਰ ਦਵਾਈ ਕਾਰੋਬਾਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਕਾਰਨ ਉਨ੍ਹਾਂ ਦਾ ਮਨੋਬਲ ਡਿੱਗਿਆ ਹੈ। ਅਹੁਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਉਹ ਪਾਬੰਦੀਸ਼ੁਦਾ ਅਤੇ ਨਸ਼ੇ ਦੇ ਰੂਪ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਨ। ਐਸੋਸੀਏਸ਼ਨ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਾਰੋਬਾਰੀਆਂ ਦੇ ਨਾਲ ਖੜ੍ਹੀ ਹੈ।
ਅਹੁਦੇਦਾਰਾਂ ਨੇ ਕਿਹਾ ਕਿ ਕੋਵਿਡ ਦੌਰਾਨ ਕੈਮਿਸਟਾਂ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਲੱਖਾਂ ਮਰੀਜ਼ਾਂ ਤੱਕ ਦਵਾਈਆਂ ਪਹੁੰਚਾਈਆਂ। ਹੜ੍ਹ ਪੀੜਤਾਂ ਲਈ ਵੀ ਕੈਂਪ ਲਗਾ ਕੇ ਦਵਾਈਆਂ ਵੰਡੀਆਂ ਗਈਆਂ। ਇਸ ਦੇ ਬਾਵਜੂਦ ਸਰਕਾਰੀ ਸਿਹਤ ਮੁਹਿੰਮਾਂ ਵਿਚ ਮੁਫ਼ਤ ਦਵਾਈਆਂ ਦੇਣ ਵਾਲੇ ਕੈਮਿਸਟਾਂ ਨੂੰ ਹੁਣ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਐਸੋਸੀਏਸ਼ਨ ਨੇ ਪਰਵਿੰਦਰ ਸਿੰਘ ਝੋਟਾ ਹੱਤਿਆਕਾਂਡ ਦੀ ਨਿੰਦਾ ਕੀਤੀ। ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ ਹਰ ਕੈਮਿਸਟ ਨੂੰ ਸ਼ੱਕ ਦੇ ਘੇਰੇ ਵਿਚ ਰੱਖ ਕੇ ਦੁਕਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਛੋਟੀਆਂ-ਛੋਟੀਆਂ ਗੱਲਾਂ ’ਤੇ ਸਮਾਂ ਦਿੱਤੇ ਬਿਨਾਂ ਸਿੱਧੇ ਦੁਕਾਨਾਂ ਸੀਲ ਕੀਤੀਆਂ ਜਾ ਰਹੀਆਂ ਹਨ। ਮੀਟਿੰਗ ਵਿਚ ਅਮਰਦੀਪ ਸਿੰਘ, ਸੁਦਰਸ਼ਨ ਚੌਧਰੀ, ਵਿਨੈ ਰਾਵਤ, ਕਰਨ ਚੌਧਰੀ, ਸੁਬੋਧ ਕੱਕੜ, ਅਸ਼ਵਨੀ ਕੁਮਾਰ, ਅਸ਼ੋਕ ਬਲੀਆਂ ਵਾਲੀ, ਅਸ਼ੋਕ ਛਾਬੜਾ, ਬਾਲ ਕ੍ਰਿਸ਼ਨ ਕਟਾਰੀਆ, ਨਰੇਸ਼ ਜਿੰਦਲ, ਲਵਲੀ ਡਾਬਰ ਅਤੇ ਹੋਰ ਮੌਜੂਦ ਸਨ।