- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕੀਤੀ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕੀਤੀ।
ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਤੇ ਕੁਝ ਸਥਾਨਕ ਸਿੱਖਾਂ ਨੇ ਸਿੰਘ ਸਾਹਿਬ ਨਾਲ ਗੁਰੂ ਘਰ ਅੰਦਰ ਸਥਿਤ ਲਾਇਬ੍ਰੇਰੀ ’ਚ ਪੰਜਾਬ ਤੋਂ ਯੂਕੇ ਪੜ੍ਹਨ ਲਈ ਆਉਣ ਵਾਲੇ ਸਿੱਖਾਂ ਤੇ ਪੰਜਾਬੀਆਂ ਖ਼ਾਸ ਕਰਕੇ ਸਾਡੀਆਂ ਧੀਆਂ ਨਾਲ ਸਬੰਧਤ ਕੁਝ ਅਹਿਮ ਮਾਮਲਿਆਂ ਤੇ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਵੀ ਕੀਤੀ, ਜਿਨ੍ਹਾਂ ਬਾਰੇ ਸੰਗਠਤ ਪਹੁੰਚ ਅਪਣਾ ਕੇ ਅਗਾਂਹ ਕਾਰਜ ਕਰਨ ਦੀ ਗੱਲ ਹੋਈ। ਸਿੰਘ ਸਾਹਿਬ ਨੇ ਭਰੋਸਾ ਦਿੱਤਾ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਕੌਮੀ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਸ ਵੀ ਸਹਿਯੋਗ ਅਤੇ ਸੇਧ ਦੀ ਲੋੜ ਹੋਵੇਗੀ ਉਹ ਦਿੱਤਾ ਜਾਵੇਗਾ।
ਇਸ ਮੌਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਚੈਟਬੋਟਸ ਜੋ ਆਮ ਲੋਕਾਂ ਲਈ ਜਾਣਕਾਰੀ ਹਾਸਲ ਕਰਨ ਦਾ ਇੱਕ ਪ੍ਰਮੁੱਖ ਸਾਧਨ ਬਣਦੇ ਜਾ ਰਹੇ ਹਨ ਬਾਰੇ ਵਿਚਾਰ ਚਰਚਾ ਵੀ ਹੋਈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਵਾਇਤਾਂ ਬਾਰੇ ਏਆਈ ਰਾਹੀਂ ਫੈਲ ਰਹੀ ਗੁੰਮਰਾਹਕੁਨ ਜਾਣਕਾਰੀ ਅਤੇ ਪਾਵਨ ਗੁਰਬਾਣੀ ਦੇ ਨਾਮ ਹੇਠ ਮਨਘੜ੍ਹਤ ਤੁਕਾਂ ਪੇਸ਼ ਕੀਤੇ ਜਾਣ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਦੇਸ਼ ਦੁਨੀਆ ਦੀਆਂ ਏਆਈ ਤਕਨੀਕ ਕੰਪਨੀਆਂ ਨਾਲ ਰਾਬਤਾ ਕਰਨ ਤੇ ਸਹਿਯੋਗ ਕਰਨ ਦੀ ਵਿਚਾਰ ਅਗਾਂਹ ਵਧਾਉਣ ਦੀ ਗੱਲ ਕੀਤੀ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਅਨੰਦ ਨੇ ਸੰਬੋਧਨ ਕਰਦਿਆਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਨਾਈਟਡ ਸਿੱਖਸ ਸੰਸਥਾ ਦੇ ਸੰਚਾਰ ਅਤੇ ਪੈਰਵੀ ਡਾਇਰੈਕਟਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਏਆਈ ਸਬ-ਕਮੇਟੀ ਦੇ ਮੈਂਬਰ ਹਰਮੀਤ ਸ਼ਾਹ ਸਿੰਘ ਨੇ ਏਆਈ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਸਿੰਘ ਸਾਹਿਬ ਤੇ ਹਾਜ਼ਰ ਸੰਗਤ ਨੂੰ ਜਾਣੂ ਕਰਵਾਇਆ।
ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਜੋ ਵੀ ਚੁਣੌਤੀਆਂ ਹਨ ਉਨ੍ਹਾਂ ਨਾਲ ਅਸੀਂ ਇਕਜੁੱਟਤਾ ਤੇ ਆਪਸੀ ਸਹਿਯੋਗ ਨਾਲ ਦੂਰ ਕਰ ਸਕਦੇ ਹਾਂ। ਏਆਈ ਸਬੰਧੀ ਜਥੇਦਾਰ ਗੜਗੱਜ ਨੇ ਸਿੱਖ ਵਿਦਵਾਨਾਂ, ਤਕਨੀਕੀ ਖੇਤਰ ਵਿੱਚ ਕੰਮ ਕਰ ਰਹੇ ਗੁਰਸਿੱਖਾਂ ਅਤੇ ਇਸ ਮੁੱਦੇ ਉੱਤੇ ਸਰਗਰਮ ਸਿੱਖਾਂ ਨੂੰ ਇੱਕ ਸਾਂਝੇ ਯਤਨ ਰਾਹੀਂ ਪ੍ਰਮੁੱਖ ਏਆਈ ਕੰਪਨੀਆਂ ਨਾਲ ਸੰਪਰਕ ਕਰਨ ਅਤੇ ਇਸ ਸਮੱਸਿਆ ਦੇ ਹੱਲ ਲੱਭਣ ਦਾ ਸੱਦਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਅਨੰਦ ਤੇ ਮੀਤ ਪ੍ਰਧਾਨ ਬੀਬੀ ਗੁਰਵਿੰਦਰ ਕੌਰ ਰੰਧਾਵਾ ਨੇ ਜਥੇਦਾਰ ਗੜਗੱਜ ਨੂੰ ਸਿਰੋਪਾਓ, ਗੁਰੂ ਘਰ ਦੇ ਇਤਿਹਾਸ ਨਾਲ ਸਬੰਧਤ ਪੁਸਤਕ ਅਤੇ ਇੱਕ ਯਾਦਗਾਰੀ ਸਿੱਕਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਭਾਈ ਗਜੇਂਦਰ ਸਿੰਘ, ਸੁਖਦੀਪ ਸਿੰਘ ਰੰਧਾਵਾ, ਅਮਨਦੀਪ ਸਿੰਘ, ਹਾਜ਼ਰ ਸਨ।