ਗ੍ਰਨੇਡ ਮੰਗਵਾਉਣ ਦਾ ਮਾਮਲਾ: ਛੇ ਮੁਲਜ਼ਮ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ, ਹੁਸ਼ਿਆਰਪੁਰ ਜੇਲ੍ਹ ਤੋਂ ਆਸ਼ੀਸ਼ ਮਸੀਹ ਵੀ ਗ੍ਰਿਫ਼ਤਾਰ
ਪਤਾ ਲੱਗਾ ਹੈ ਕਿ ਮੁਲਜ਼ਮ ਆਸ਼ੀਸ਼ ਮਸੀਹ ਹੁਸ਼ਿਆਰਪੁਰ ਜੇਲ੍ਹ ਦੇ ਅੰਦਰੋਂ ਹੀ ਗੁਪਤ ਤਰੀਕੇ ਨਾਲ ਆਪਣੇ ਗਿਰੋਹ ਦਾ ਵਿਸਥਾਰ ਕਰ ਰਿਹਾ ਸੀ। ਦੋਸ਼ ਹੈ ਕਿ ਉਸ ਨੇ ਜੇਲ੍ਹ ਦੇ ਅੰਦਰ ਰਹਿੰਦਿਆਂ ਹੀ ਗੌਰਵ ਮਸੀਹ ਵਾਂਗ ਚਾਰ ਤੋਂ ਛੇ ਮੈਂਬਰਾਂ ਦੇ ਪੰਜ ਗੈਂਗ ਬਣਾ ਰੱਖੇ ਹਨ, ਜੋ ਉਸ ਦੇ ਇੱਕ ਇਸ਼ਾਰੇ 'ਤੇ ਸਰਹੱਦੀ ਇਲਾਕਿਆਂ ਵਿੱਚ ਪਹੁੰਚ ਕੇ ਪਾਕਿਸਤਾਨੀ ਤਸਕਰਾਂ ਵੱਲੋਂ ਸੁੱਟੇ ਹਥਿਆਰਾਂ ਅਤੇ ਨਸ਼ੇ ਦੀ ਖੇਪ ਨੂੰ ਟਿਕਾਣੇ ਲਾਉਣ ਪਹੁੰਚ ਜਾਂਦੇ ਹਨ।
Publish Date: Tue, 20 Oct 2026 09:12 AM (IST)
Updated Date: Tue, 20 Oct 2026 09:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ। ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ’ਤੇ ਗ੍ਰੇਨਡ, ਏਕੇ-47 ਅਤੇ ਤੇਰਾਂ ਪਿਸਤੌਲਾਂ ਦੀ ਡਲਿਵਰੀ ਵਿਚ ਸ਼ਾਮਲ ਛੇ ਮੁਲਜ਼ਮਾਂ ਨੂੰ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ। ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਮੁਲਜਮ ਆਸ਼ੀਸ਼ ਮਸੀਹ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਮੁਲਜ਼ਮ ਦੇ ਕਬਜ਼ੇ 'ਚੋਂ ਮਿਲੇ ਮੋਬਾਈਲ ਨੂੰ ਸੀਆਈਏ ਨੇ ਫੋਰੈਂਸਿਕ ਵਿਭਾਗ ਵਿੱਚ ਭੇਜਿਆ ਹੈ, ਜਿੱਥੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਮੁਲਜ਼ਮ ਆਸ਼ੀਸ਼ ਮਸੀਹ ਹੁਸ਼ਿਆਰਪੁਰ ਜੇਲ੍ਹ ਦੇ ਅੰਦਰੋਂ ਹੀ ਗੁਪਤ ਤਰੀਕੇ ਨਾਲ ਆਪਣੇ ਗਿਰੋਹ ਦਾ ਵਿਸਥਾਰ ਕਰ ਰਿਹਾ ਸੀ। ਦੋਸ਼ ਹੈ ਕਿ ਉਸ ਨੇ ਜੇਲ੍ਹ ਦੇ ਅੰਦਰ ਰਹਿੰਦਿਆਂ ਹੀ ਗੌਰਵ ਮਸੀਹ ਵਾਂਗ ਚਾਰ ਤੋਂ ਛੇ ਮੈਂਬਰਾਂ ਦੇ ਪੰਜ ਗੈਂਗ ਬਣਾ ਰੱਖੇ ਹਨ, ਜੋ ਉਸ ਦੇ ਇੱਕ ਇਸ਼ਾਰੇ 'ਤੇ ਸਰਹੱਦੀ ਇਲਾਕਿਆਂ ਵਿੱਚ ਪਹੁੰਚ ਕੇ ਪਾਕਿਸਤਾਨੀ ਤਸਕਰਾਂ ਵੱਲੋਂ ਸੁੱਟੇ ਹਥਿਆਰਾਂ ਅਤੇ ਨਸ਼ੇ ਦੀ ਖੇਪ ਨੂੰ ਟਿਕਾਣੇ ਲਾਉਣ ਪਹੁੰਚ ਜਾਂਦੇ ਹਨ।
ਅਦਾਲਤ ਵਿਚ ਪੇਸ਼ੀ ਤੋਂ ਬਾਅਦ ਸਾਰੇ ਛੇ ਮੁਲਜਮਾਂ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇਆਈਸੀ) ਵਿੱਚ ਰੱਖਿਆ ਗਿਆ ਹੈ। ਸਾਰਿਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਆਈਏ ਦੇ ਇਕ ਅਫਸਰ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਵਿੱਚ ਕਈ ਭੇਦ ਖੋਲ੍ਹੇ ਹਨ, ਜਿਨ੍ਹਾਂ 'ਤੇ ਕੰਮ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਦੇ ਨਾਲ ਹੋਰ ਗਿਰੋਹ ਦੇ ਮੈਂਬਰਾਂ ਨੂੰ ਵੀ ਫੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੀਆਈਏ ਦੀ ਟੀਮ ਨੇ ਗੌਰਵ ਮਸੀਹ ਅਤੇ ਉਸਦੇ ਚਾਰ ਸਾਥੀਆਂ ਨੂੰ ਦੋ ਹੈਂਡ ਗ੍ਰੇਨੇਡ, ਇਕ ਏਕੇ-47 ਰਾਈਫਲ ਅਤੇ ਤੇਰਾਂ ਪਿਸਤੌਲਾਂ ਤੇ ਤੇਰਾਂ ਮੈਗਜ਼ੀਨਾਂ ਸਮੇਤ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ। ਉਕਤ ਖੇਪ ਦੋਸ਼ੀ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ 'ਤੇ ਚੁੱਕ ਕੇ ਅੱਗੇ ਪਹੁੰਚਾਉਣ ਜਾ ਰਹੇ ਸਨ।