ਸਰਹੱਦ ਦੇ ਆਰ-ਪਾਰ ਅੱਜ ਜਗਣਗੀਆਂ ਮੁਹੱਬਤ ਦੀਆਂ ਮੋਮਬੱਤੀਆਂ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ, ਸਾਫ਼ਮਾ, ਪਾਕਿਸਤਾਨ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਜਾ
Publish Date: Thu, 13 Aug 2026 06:27 PM (IST)
Updated Date: Thu, 13 Aug 2026 06:29 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ, ਸਾਫ਼ਮਾ, ਪਾਕਿਸਤਾਨ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 31ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰੀਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਤੇ ਚੇਅਰਮੈਨ ਸੁਰਜੀਤ ਜੱਜ ਨੇ ਦੱਸਿਆ ਕਿ 14 ਅਗਸਤ ਨੂੰ ਸਵੇਰੇ 10.30 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਚ ‘ਭਾਰਤ-ਪਾਕਿਸਤਾਨ ਸੰਬੰਧ, ਸਮੱਸਿਆਵਾਂ ਤੇ ਸੰਭਾਵਨਾਵਾਂ’ ਵਿਸ਼ੇ ’ਤੇ ਸੈਮੀਨਾਰ ਹੋਵੇਗਾ, ਜਿਸ ਨੂੰ ਸੀਨੀਅਰ ਪੱਤਰਕਾਰ ਤੇ ਬੁੱਧੀਜੀਵੀ ਜਤਿਨ ਦਿਸਾਈ, ਡਾ. ਸੁੱਚਾ ਸਿੰਘ ਗਿੱਲ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੰਦੀਪ ਪਾਂਡੇ, ਰਾਮ ਮੋਹਨ ਰਾਏ, ਸ਼ੁਭਾ ਸ਼ਮੀਮ, ਸੁਨੀਲਮ (ਸਾਬਕਾ ਵਿਧਾਇਕ ਤੇ (ਭਾਰਤ, ਪਾਕਿ ਤੇ ਬੰਗਲਾਦੇਸ਼ ਦੇ ਕਨਵੀਨਰ), ਸਤਨਾਮ ਸਿੰਘ ਚਾਨਾ ਤੇ ਡਾ. ਕੁਲਦੀਪ ਸਿੰਘ ਸੰਬੋਧਨ ਕਰਨਗੇ। ਇਸ ਤੋਂ ਬਾਅਦ ਰਾਤ 12 ਵਜੇ ਅਟਾਰੀ-ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਸੁਨੇਹਾ ਦਿੱਤਾ ਜਾਵੇਗਾ। ਭਾਰਤ-ਪਾਕਿਸਤਾਨ ਦੇ ਲੋਕਾਂ ਦਰਮਿਆਨ ਅਮਨ ਤੇ ਦੋਸਤੀ ਨੂੰ ਉਤਸ਼ਾਹ ਦੇਣ ਲਈ ਪਿਛਲੇ ਤਿੰਨ ਦਹਾਕਿਆਂ ਤੋਂ ਕਾਰਜਸ਼ੀਲ ਉਪਰੋਕਤ ਸੰਗਠਨਾਂ ਦੇ ਆਗੂਆਂ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਾਲੇ ਪਾਸੇ ਅਟਾਰੀ-ਵਾਹਗਾ ਸਰਹੱਦ ’ਤੇ 14 ਅਗਸਤ ਦੀ ਰਾਤ ਨੂੰ 12 ਵਜੇ ਮੋਮਬੱਤੀਆਂ ਜਗਾਉਣ ਦੀ ਆਗਿਆ ਲੈਣ ਲਈ ਗ੍ਰਹਿ ਮੰਤਰਾਲੇ ਨੂੰ ਹਰ ਸਾਲ ਦੀ ਤਰ੍ਹਾਂ ਪੱਤਰ ਲਿਖੇ ਹੋਏ ਹਨ। ਜੇਕਰ ਇਜਾਜ਼ਤ ਮਿਲੀ ਤਾਂ ਸਰਹੱਦ ਦੇ ਨੇੜੇ ਮੋਮਬੱਤੀਆਂ ਜਗਾਈਆਂ ਜਾਣਗੀਆਂ, ਜੇ ਇਜਾਜ਼ਤ ਨਾ ਮਿਲੀ ਤਾਂ ਅਟਾਰੀ-ਵਾਹਗਾ ਸਰਹੱਦ ਦੇ ਪਹਿਲੇ ਗੇਟ ਨੇੜੇ ਮੋਮਬੱਤੀਆਂ ਜਗਾਈਆਂ ਜਾਣਗੀਆਂ। ਇਸ ਮੀਟਿੰਗ ਵਿੱਚ ਹਰਜੀਤ ਸਿੰਘ ਸਰਕਾਰੀਆ, ਸਤੀਸ਼ ਝੀਂਗਣ, ਮਨਜੀਤ ਧਾਲੀਵਾਲ, ਹਰੀਸ਼ ਸਾਬਰੀ, ਡਾ. ਪ੍ਰਭਜੋਤ ਕੌਰ, ਬਲਵਿੰਦਰ ਕੌਰ, ਪ੍ਰਗਯਾ ਨਾਰੰਗ ਦਿੱਲੀ, ਕਰਮਜੀਤ ਕੌਰ ਜੱਸਲ, ਕਮਲ ਗਿੱਲ, ਜਗਰੂਪ ਸਿੰਘ ਐਮਾ ਆਦਿ ਹਾਜ਼ਰ ਸਨ।