ਖ਼ੂਨਦਾਨ ਕਈ ਕੀਮਤੀ ਜ਼ਿੰਦਗੀਆਂ ਬਚਾਉਂਦਾ : ਡਾ. ਚੇਤਨ ਸ਼ਰਮਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਡਿਫੈਂਸ ਆਫ ਪਿਊਪਲ ਰਾਈਟਸ ਸੁਸਾਇਟੀ ਦੇ ਹੈਲਥ ਵਿੰਗ ਦੇ ਪ੍ਰਧਾਨ ਸਮਾਜ ਸੇਵਕ ਡਾ. ਚੇਤਨ ਸ਼ਰਮਾ ਨੇ ਕਿਹਾ ਕਿ ਖ਼ੂਨ ਦਾਨ ਕਰਨ ਸਮੇਂ ਕਿਸੇ ਤਰ੍ਹਾਂ ਨਾਲ ਘਬਰਾਉਣ
Publish Date: Fri, 02 Oct 2026 04:24 PM (IST)
Updated Date: Fri, 02 Oct 2026 04:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਡਿਫੈਂਸ ਆਫ ਪਿਊਪਲ ਰਾਈਟਸ ਸੁਸਾਇਟੀ ਦੇ ਹੈਲਥ ਵਿੰਗ ਦੇ ਪ੍ਰਧਾਨ ਸਮਾਜ ਸੇਵਕ ਡਾ. ਚੇਤਨ ਸ਼ਰਮਾ ਨੇ ਕਿਹਾ ਕਿ ਖ਼ੂਨ ਦਾਨ ਕਰਨ ਸਮੇਂ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਇਸ ਨਾਲ ਸਰੀਰ ’ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਪੈਂਦਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਡਾ. ਚੇਤਨ ਸ਼ਰਮਾ ਆਪਣੀ ਸੰਸਥਾ ਤੋਂ ਇਲਾਵਾ ਹੋਰਨਾਂ ਕਈ ਸੰਸਥਾਵਾਂ ਨਾਲ ਮਿਲ ਕੇ ਖੂਨਦਾਨ ਕੈਂਪ ਲਗਾਉਂਦੇ ਆ ਰਹੇ ਹਨ। ਵਿਸ਼ਵ ਖੂਨ ਦਿਵਸ ਮੌਕੇ ਵੀ ਉਨ੍ਹਾਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਕੈਂਪ ਲਗਵਾਏ। ਡਾ. ਚੇਤਨ ਸ਼ਰਮਾ ਨੇ ਕਿਹਾ ਕਿ ਖੂਨ ਦਾਨ ਦੇ ਕਈ ਫਾਇਦੇ ਹਨ। ਖੂਨਦਾਨ ਇਨਸਾਨਾਂ ਵਿਚ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਖੂਨ ਦੇ ਲਾਲ ਸੈੱਲਜ਼ ਬਣਾਉਣ ਨੂੰ ਵਧਾਉਂਦਾ ਹੈ। ਵਧੇਰੀ ਉਮਰ ਵਾਲੇ ਇਨਸਾਨ ਜੋ ਕਿ ਲਗਾਤਾਰ ਖੂਨ ਦਾਨ ਕਰਦੇ ਹਨ, ਅਕਸਰ ਖੂਨਦਾਨ ਤੋਂ ਬਾਅਦ ਤਾਜ਼ਗੀ ਮਹਿਸੂਸ ਕਰਦੇ ਹਨ। ਖੂਨ ਦਾਨ ਤਿੰਨ ਜਾਨਾਂ ਬਚਾਅ ਸਕਦਾ ਹੈ। ਲੋੜਵੰਦਾਂ ਅਤੇ ਮਰੀਜਾਂ ਲਈ ਖੂਨ ਦੀ ਵੱਡੀ ਘਾਟ ਹੋਣ ਕਰ ਕੇ ਵੱਖ-ਵੱਖ ਸੰਸਥਾਵਾਂ ਖੂਨ ਦਾਨ ਨੂੰ ਬਹੁਤ ਉਤਸ਼ਾਹਿਤ ਕਰਦੀਆਂ ਹਨ। ਖੂਨ ਦਾ ‘ਪਲਾਜ਼ਮਾ’ ਅਕਸਰ 24 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ। ਖੂਨ ਦੇ ਲਾਲ ਸੈੱਲ (ਰੈਡ ਬਲੱਡ ਸੈਲਜ਼) 3-5 ਹਫਤਿਆਂ ਵਿੱਚ ਦੁਬਾਰਾ ਬਣ ਜਾਂਦੇ ਹਨ ਅਤੇ ਆਇਰਨ 6-8 ਹਫਤਿਆਂ ਵਿਚ ਆਪਣੇ ਪਹਿਲਾਂ ਵਾਲੇ ਪੱਧਰ ਤੇ ਆ ਜਾਂਦਾ ਹੈ। ਡਾ. ਰੋਹਨ ਮਹਿਰਾ ਨੇ ਸਵੈ-ਇੱਛੁਕ ਖੂਨਦਾਨੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਹੋਰਨਾਂ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ- ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ ਉੱਤੇ ਕਾਬੂ ਰਹਿੰਦਾ ਹੈ।