ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅੱਗੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਧਰਨਾ ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਤਿੰਨ ਥਾਵਾਂ ’ਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ
Publish Date: Fri, 21 Aug 2026 04:17 PM (IST)
Updated Date: Fri, 21 Aug 2026 04:18 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਤਿੰਨ ਥਾਵਾਂ ’ਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅੱਗੇ ਇੱਕ ਰੋਜ਼ਾ ਮੋਰਚੇ ਲਗਾਏ ਗਏ। ਸੰਗਰੂਰ ਵਿਖੇ ਪੈਪਸੀਕੋ ਪਲਾਂਟ, ਬਠਿੰਡਾ ਵਿਖੇ ਕਾਰਗਿਲ ਫੈਕਟਰੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਝੂਪੁਰਾ-ਸੰਗਤਪੁਰਾ ਨਹਿਰ ਨੇੜੇ ਵਿਸ਼ਵ ਬੈਂਕ ਦੀਆਂ ਹਦਾਇਤਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਸਹਿਯੋਗ ਨਾਲ ਲਾਏ ਜਾ ਰਹੇ ਪਾਣੀ ਦੇ ਪ੍ਰਾਜੈਕਟ ਅੱਗੇ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਅੰਮ੍ਰਿਤਸਰ ਵਾਲੇ ਮੋਰਚੇ ਵਿਚ ਜ਼ਿਲ੍ਹਾ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਜਲੰਧਰ ਤੋਂ ਵੀ ਵੱਡੀ ਗਿਣਤੀ ਵਿੱਚ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਮਿਲ ਕੇ ਕੁਦਰਤੀ ਸਰੋਤਾਂ—ਪਾਣੀ, ਦਰਿਆਵਾਂ, ਨਦੀਆਂ, ਪਹਾੜਾਂ ਅਤੇ ਧਰਤੀ ਹੇਠਲੇ ਪਾਣੀ—ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀਆਂ ਨੀਤੀਆਂ ਲਾਗੂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਣੀ ਵਰਗੀ ਬੁਨਿਆਦੀ ਲੋੜ ਨੂੰ ਨਿੱਜੀ ਕੰਪਨੀਆਂ ਦੇ ਮੁਨਾਫ਼ੇ ਦਾ ਸਾਧਨ ਬਣਾਉਣਾ ਲੋਕ ਵਿਰੋਧੀ ਕਦਮ ਹੈ। ਕਿਸਾਨ ਆਗੂਆਂ ਨੇ ਪਾਣੀ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੀ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਭਾਰਤ-ਅਮਰੀਕਾ ਵਿਚਕਾਰ ਚੱਲ ਰਹੀ ਵਪਾਰ ਸਮਝੌਤਾ ਵਾਰਤਾ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਸਮਝੌਤਾ ਲਾਗੂ ਹੋਣ ਨਾਲ ਪਹਿਲਾਂ ਹੀ ਸੰਕਟ ਵਿੱਚ ਫਸੀ ਕਿਸਾਨੀ ਅਤੇ ਛੋਟੇ ਕਾਰੋਬਾਰਾਂ ’ਤੇ ਹੋਰ ਵੱਡਾ ਸੰਕਟ ਆਵੇਗਾ। ਇਸ ਦੇ ਨਾਲ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਲਈ ਜ਼ਿੰਮੇਵਾਰ ਵੱਡੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਕਸ਼ਮੀਰ ਸਿੰਘ ਧੰਗਈ, ਲਖਵਿੰਦਰ ਸਿੰਘ ਮੰਜਿਆਵਾਲੀ, ਬਘੇਲ ਸਿੰਘ ਕੋਟਮੁਗਲ, ਗੁਰਬਾਜ ਸਿੰਘ ਸਿੱਧਵਾਂ, ਪਰਮਜੀਤ ਕੌਰ ਕੋਟਮੁਗਲ, ਹਰਚਰਨ ਸਿੰਘ ਮੱਧੀਪੁਰ, ਜਸਪਾਲ ਸਿੰਘ ਧੰਗਈ, ਬਾਬਾ ਜਗਜੀਵਨ ਸਿੰਘ ਤਲਵੰਡੀ, ਬਾਬਾ ਰਾਜਨ ਸਿੰਘ, ਡਾ. ਪਰਮਿੰਦਰ ਸਿੰਘ ਪੰਡੋਰੀ, ਕੁਲਬੀਰ ਸਿੰਘ ਜੇਠੂਵਾਲ, ਪ੍ਰਿਥੀਪਾਲ ਸਿੰਘ ਥੋਬਾ, ਰਜਿੰਦਰ ਸਿੰਘ, ਸਿੰਗਾਰਾ ਸਿੰਘ, ਦਲਜੀਤ ਸਿੰਘ, ਹਰਦੀਪ ਸਿੰਘ ਜੋੜਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਕਾਰਕੁਨ ਹਾਜ਼ਰ ਸਨ।