ਭਾਜਪਾ ਦੀ ਨਸ਼ਾ ਮੁਕਤੀ ਯਾਤਰਾ ਦੀ ਅੰਮ੍ਰਿਤਸਰ ਦੇ ਪੱਛਮੀ ਵਿਧਾਨ ਸਭਾ ਤੋਂ ਸ਼ੁਰੂਆਤ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪਠਾਨਕੋਟ ਤੋਂ ਸ਼ੁਰੂ ਕੀਤੀ ਗਈ 'ਨਸ਼ਾ ਮੁਕਤੀ ਯਾਤਰਾ' ਦਾ ਗੁਰੂ ਨਗਰੀ ਅੰਮ੍ਰਿਤਸਰ 'ਚ ਜ਼ੋਰਦਾਰ ਆਗਾਜ਼ ਹੋਇਆ ਹੈ।
Publish Date: Wed, 23 Sep 2026 07:53 PM (IST)
Updated Date: Wed, 23 Sep 2026 07:57 PM (IST)
ਸੰਤ ਸਮਾਜ ਨੇ ਇੰਡੀਆ ਗੇਟ ’ਤੇ ਕੀਤਾ ਸਵਾਗਤ, ਯਾਤਰਾ ਦੀ ਸਫਲਤਾ ਲਈ ਦਿੱਤਾ ਅਸ਼ੀਰਵਾਦ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪਠਾਨਕੋਟ ਤੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਦਾ ਗੁਰੂ ਨਗਰੀ ਅੰਮ੍ਰਿਤਸਰ ਚ ਜ਼ੋਰਦਾਰ ਆਗਾਜ਼ ਹੋਇਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਪੱਛਮੀ ਵਿਧਾਨ ਸਭਾ ਖੇਤਰ ਤੋਂ ਹੋਈ, ਜਿੱਥੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਪੱਛਮੀ ਵਿਧਾਨ ਸਭਾ ਇੰਚਾਰਜ ਐਡਵੋਕੇਟ ਕੁਮਾਰ ਅਮਿਤ ਸਮੇਤ ਦਰਜਨਾਂ ਆਗੂਆਂ ਤੇ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਢੋਲ-ਨਗਾੜਿਆਂ ਅਤੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਯਾਤਰਾ ਦੇ ਰੱਥ ਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਸਾਬਕਾ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਯਾਤਰਾ ਦੇ ਪੰਜਾਬ ਇੰਚਾਰਜ ਰਵਿਕਰਨ ਸਿੰਘ ਕਾਹਲੋਂ, ਹਰਜਿੰਦਰ ਸਿੰਘ ਠੇਕੇਦਾਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇੱਥੋਂ ਇਹ ਯਾਤਰਾ ਨਾਰਾਇਣਗੜ੍ਹ ਛੇਹਰਟਾ ਚੌਂਕ ਪਹੁੰਚੀ, ਜਿੱਥੇ ਯਾਤਰਾ ਦੇ ਨਾਲ ਆਏ ਬੁਲਾਰਿਆਂ ਨੇ ਮੰਚ ਤੋਂ ਜਨ ਸਭਾ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਸੰਬੋਧਨ ਕੀਤਾ। ਅੰਮ੍ਰਿਤਸਰ ਚ ਯਾਤਰਾ ਦੇ ਦਾਖਲ ਹੁੰਦਿਆਂ ਹੀ ਵਰਕਰਾਂ ਨੇ ਨਸ਼ਾ ਵਿਰੋਧੀ ਪੋਸਟਰ ਅਤੇ ਤਖ਼ਤੀਆਂ ਹੱਥਾਂ ਚ ਲੈ ਕੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਦੁਹਰਾਇਆ। ਇੰਡੀਆ ਗੇਟ ’ਤੇ ਸੰਤ ਸਮਾਜ ਨੇ ਦਿੱਤਾ ਅਸ਼ੀਰਵਾਦ ਜਦੋਂ ਯਾਤਰਾ ਇਤਿਹਾਸਕ ਇੰਡੀਆ ਗੇਟ (ਅੰਮ੍ਰਿਤਸਰ) ਪਹੁੰਚੀ, ਤਾਂ ਉੱਥੇ ਮੌਜੂਦ ਸੰਤ ਸਮਾਜ ਨੇ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਇਸ ਯਾਤਰਾ ਦੀ ਸਫਲਤਾ ਲਈ ਅਸ਼ੀਰਵਾਦ ਦਿੱਤਾ। ਸੰਤ ਸਮਾਜ ਦੇ ਨੁਮਾਇੰਦਿਆਂ ਨੇ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ਇਸ ਨਸ਼ਾ ਮੁਕਤੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਦਲਦਲ ਚੋਂ ਬਾਹਰ ਕੱਢਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਯਾਤਰਾ ਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਇਕਜੁੱਟ ਹੋ ਕੇ ਇਸ ਸਮਾਜਿਕ ਬੁਰਾਈ ਨਾਲ ਲੜਨ ਦਾ ਸੱਦਾ ਦਿੱਤਾ। ਸੈਂਕੜੇ ਮੋਟਰਸਾਈਕਲਾਂ ਤੇ ਕਾਰਾਂ ਦੇ ਕਾਫਲੇ ਨਾਲ ਇਹ ਯਾਤਰਾ ਇੰਡੀਆ ਗੇਟ ਤੋਂ ਚੱਲ ਕੇ ਨਾਰਾਇਣਗੜ੍ਹ ਛੇਹਰਟਾ ਫਾਟਕ, ਛੇਹਰਟਾ ਚੌਂਕ, ਖੰਡਵਾਲਾ ਚੌਂਕ, ਕਬੀਰ ਪਾਰਕ ਚੌਂਕ, ਪੁਤਲੀਘਰ ਚੌਂਕ, ਸ਼ਿਮਲਾ ਮਾਰਕੀਟ, ਗੁਆਲ ਮੰਡੀ ਚੌਂਕ, ਵਾਲਮੀਕਿ ਚੌਂਕ ਤੋਂ ਹੁੰਦੀ ਹੋਈ ਪੁਤਲੀਘਰ ਚੌਂਕ ਪਹੁੰਚ ਕੇ ਸੰਪੰਨ ਹੋਈ। ਸਾਰੇ ਰਸਤੇ ਚ ਇਸ ਯਾਤਰਾ ਦਾ ਥਾਂ-ਥਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਆਪਣੇ ਸੰਬੋਧਨ ਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਚੋਂ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਚ ਨਸ਼ਾ ਘੱਟ ਹੋਣ ਦੀ ਬਜਾਏ ਹੋਰ ਵਧਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਰੋਕਣ ਚ ਨਾਕਾਮ ਰਹੇ ਹਨ ਅਤੇ ਸਗੋਂ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਕਿ ਸੱਤਾ ਚ ਆਉਣ ਦੇ ਇੰਨੇ ਸਮੇਂ ਬਾਅਦ ਵੀ ਤਸਕਰਾਂ ਤੇ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਜਪਾ ਦੀ ਇਹ 4,000 ਕਿਲੋਮੀਟਰ ਲੰਬੀ ਯਾਤਰਾ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਚੋਂ ਹੋ ਕੇ ਲੰਘੇਗੀ। ਇਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਪੰਜਾਬ ਨੂੰ ਨਸ਼ੇ ਦੇ ਦਲਦਲ ਚੋਂ ਬਾਹਰ ਕੱਢਣਾ ਹੈ। ਸਲਿਲ ਕਪੂਰ ਅਤੇ ਇੰਚਾਰਜ ਕੁਮਾਰ ਅਮਿਤ ਨੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਪ੍ਰਣ ਦੁਹਰਾਉਂਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਚਨਬੱਧ ਹੈ। ਇਹ ਯਾਤਰਾ ਸੂਬੇ ਦੇ ਹਰ ਕੋਨੇ ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਨਸ਼ੇ ਖਿਲਾਫ ਇਕ ਜਨ-ਅੰਦੋਲਨ ਖੜ੍ਹਾ ਕਰੇਗੀ। ਪੱਛਮੀ ਵਿਧਾਨ ਸਭਾ ਦੇ ਵੱਖ-ਵੱਖ ਖੇਤਰਾਂ ਚੋਂ ਲੰਘਦੀ ਹੋਈ ਇਸ ਯਾਤਰਾ ਚ ਸਥਾਨਕ ਨਿਵਾਸੀਆਂ ਅਤੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਪੱਛਮੀ ਵਿਧਾਨ ਸਭਾ ਚ ਰਹਿਣ ਵਾਲੇ ਰਾਸ਼ਟਰੀ ਤੇ ਸੂਬਾਈ ਮੈਂਬਰ, ਜ਼ਿਲ੍ਹਾ ਟੀਮ ਦੇ ਮੈਂਬਰ, ਪੱਛਮੀ ਵਿਧਾਨ ਸਭਾ ਦੇ ਚਾਰਾਂ ਮੰਡਲ ਪ੍ਰਧਾਨਾਂ ਤੇ ਉਨ੍ਹਾਂ ਦੀਆਂ ਟੀਮਾਂ ਦੇ ਮੈਂਬਰਾਂ ਸਮੇਤ ਸੈਂਕੜਿਆਂ ਦੀ ਗਿਣਤੀ ਚ ਭਾਜਪਾ ਵਰਕਰ ਤੇ ਆਮ ਲੋਕ ਹਾਜ਼ਰ ਸਨ।