- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਢਲੀ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੁਪਹਿਰ ਕਰੀਬ ਤਿੰਨ ਵਜੇ ਦੋਵੇਂ ਸੇਵਾਦਾਰ ਡੇਰਾ ਬਿਆਸ ਦੀ ਜ਼ਮੀਨ ’ਤੇ ਖੇਤੀਬਾੜੀ ਦਾ ਕੰਮ ਕਰਨ ਪਿੰਡ ਗਾਜ਼ੀਵਾਲ ਪਹੁੰਚੇ ਸਨ। ਇਸੇ ਦੌਰਾਨ ਜ਼ਮੀਨ ਨੂੰ ਲੈ ਕੇ ਵਿਵਾਦ ਵਿੱਚ ਸ਼ਾਮਲ ਦੂਜੀ ਧਿਰ ਦੇ ਲੋਕ ਵੀ ਉੱਥੇ ਆ ਗਏ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਿਆਸ ਦੇ ਪਿੰਡ ਗਾਜ਼ੀਵਾਲ ਵਿੱਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਖੇਤੀ ਵਾਲੀ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਸ਼ਨਿਚਰਵਾਰ ਨੂੰ ਖੂਨੀ ਟਕਰਾਅ ਵਿੱਚ ਬਦਲ ਗਿਆ। ਛੇ ਕਨਾਲ ਜ਼ਮੀਨ ਨੂੰ ਲੈ ਕੇ ਹੋਈ ਗੋਲੀਬਾਰੀ ਵਿੱਚ ਡੇਰਾ ਬਿਆਸ ਦੇ ਸੇਵਾਦਾਰ ਮਨਜੀਤ ਸਿੰਘ ਵਾਸੀ ਦੁਲੋਨੰਗਲ ਦੀ ਮੌਤ ਹੋ ਗਈ, ਜਦਕਿ ਦੂਜਾ ਸੇਵਾਦਾਰ ਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦਾਖ਼ਲ ਕਰਵਾਇਆ ਗਿਆ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੁਪਹਿਰ ਕਰੀਬ ਤਿੰਨ ਵਜੇ ਦੋਵੇਂ ਸੇਵਾਦਾਰ ਡੇਰਾ ਬਿਆਸ ਦੀ ਜ਼ਮੀਨ ’ਤੇ ਖੇਤੀਬਾੜੀ ਦਾ ਕੰਮ ਕਰਨ ਪਿੰਡ ਗਾਜ਼ੀਵਾਲ ਪਹੁੰਚੇ ਸਨ। ਇਸੇ ਦੌਰਾਨ ਜ਼ਮੀਨ ਨੂੰ ਲੈ ਕੇ ਵਿਵਾਦ ਵਿੱਚ ਸ਼ਾਮਲ ਦੂਜੀ ਧਿਰ ਦੇ ਲੋਕ ਵੀ ਉੱਥੇ ਆ ਗਏ। ਪਿੰਡ ਵਾਸੀ ਯੁੱਧਬੀਰ ਸਿੰਘ ਉਰਫ਼ ਜੋਧਾ ਦੇ ਪਰਿਵਾਰ ਨਾਲ ਕਰੀਬ ਛੇ ਕਨਾਲ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਵਾਂ ਧਿਰਾਂ ਵਿਚਾਲੇ ਤਕਰਾਰ ਮਗਰੋਂ ਗੋਲੀਬਾਰੀ ਹੋਈ। ਦੋਸ਼ ਹੈ ਕਿ ਯੁੱਧਬੀਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਸੇਵਾਦਾਰਾਂ ’ਤੇ ਗੋਲੀਆਂ ਚਲਾਈਆਂ। ਮਨਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦਵਿੰਦਰ ਸਿੰਘ ਜ਼ਖ਼ਮੀ ਹੋ ਗਿਆ।
ਪਤਨੀ ਤੇ ਨਾਬਾਲਗ ਪੁੱਤਰ ਸਮੇਤ ਤਿੰਨ ਗ੍ਰਿਫ਼ਤਾਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਿਆਸ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਮੁੱਖ ਮੁਲਜ਼ਮ ਯੁੱਧਬੀਰ ਸਿੰਘ ਉਰਫ਼ ਜੋਧਾ, ਉਸ ਦੀ ਪਤਨੀ ਅਤੇ 16 ਸਾਲਾ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ ਤੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਗੋਲੀਬਾਰੀ ਸਮੇਂ ਮੌਜੂਦ ਹੋਰ ਲੋਕਾਂ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਪੁਲਿਸ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼, ਜਵਾਬੀ ਫਾਇਰਿੰਗ ’ਚ ਜ਼ਖ਼ਮੀ
ਪੁਲਿਸ ਅਨੁਸਾਰ ਅਗਲੇਰੀ ਕਾਰਵਾਈ ਲਈ ਲਿਜਾਂਦੇ ਸਮੇਂ ਮੁੱਖ ਮੁਲਜ਼ਮ ਨੇ ਪੁਲਿਸ ਵਾਹਨ ਵਿੱਚ ਇੱਕ ਮੁਲਾਜ਼ਮ ਦੀ ਪਿਸਤੌਲ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੇ ਪੁਲਿਸ ’ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿੱਚ ਕੀਤੀ ਫਾਇਰਿੰਗ ਦੌਰਾਨ ਉਸ ਦੀ ਲੱਤ ਵਿੱਚ ਗੋਲੀ ਲੱਗੀ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜ਼ਮੀਨੀ ਵਿਵਾਦ ਦੀ ਪੁਰਾਣੀ ਰੰਜਿਸ਼ ਦੀ ਜਾਂਚ
ਪੁਲਿਸ ਛੇ ਕਨਾਲ ਜ਼ਮੀਨ ਦੇ ਵਿਵਾਦ ਨਾਲ ਜੁੜੇ ਪੁਰਾਣੇ ਰਿਕਾਰਡ, ਦੋਵਾਂ ਧਿਰਾਂ ਦੇ ਦਾਅਵਿਆਂ ਅਤੇ ਵਾਰਦਾਤ ਸਮੇਂ ਮੌਜੂਦ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਗੋਲੀਬਾਰੀ ਵਿੱਚ ਵਰਤੇ ਹਥਿਆਰਾਂ ਅਤੇ ਬਰਾਮਦ ਕਾਰਤੂਸਾਂ ਦੀ ਵੀ ਜਾਂਚ ਕੀਤੀ ਜਾਵੇਗੀ।