- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਵਿਖੇ ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਤਿੰਨ ਸਿੱਖ ਸ਼ਰਧਾਲੂ ਗਾਇਬ ਹੋ ਗਏ ਹਨ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਵਿਖੇ ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ ਤਿੰਨ ਸਿੱਖ ਸ਼ਰਧਾਲੂ ਗਾਇਬ ਹੋ ਗਏ ਹਨ। ਜਥੇ ਦੇ ਪ੍ਰਬੰਧਕਾਂ ਨੂੰ ਇਹ ਸੂਚਨਾ ਉਸ ਸਮੇਂ ਲੱਗੀ ਜਦੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਜਥਾ ਅਗਲੇ ਪਾਸੇ ਰਵਾਨਾ ਹੋਣ ਲਈ ਜਾ ਰਿਹਾ ਸੀ।
ਲਾਪਤਾ ਸ਼ਰਧਾਲੂਆਂ ਵਿੱਚ ਫਿਲੌਰ (ਜਲੰਧਰ) ਦੇ ਪਿੰਡ ਖੋਖੇਵਾਲ ਦਾ ਬਿੱਕਰ ਸਿੰਘ ਪੁੱਤਰ ਗੁਰਦਾਸ ਰਾਮ, ਤਰਨਤਾਰਨ ਦੀ ਗੁਰੂ ਨਾਨਕ ਕਲੋਨੀ ਦੇ ਵਿਕਰਮਜੀਤ ਸਿੰਘ ਪੁੱਤਰ ਕੁੰਦਨ ਅਤੇ ਹਰਪ੍ਰੀਤ ਸਿੰਘ ਪੁੱਤਰ ਕਵਲਜੀਤ ਸਿੰਘ ਸੁਲਤਾਨਵਿੰਡ ਜ਼ਿਲ੍ਹਾ ਅੰਮ੍ਰਿਤਸਰ ਸ਼ਾਮਲ ਹਨ।
ਉਸ ਸਮੇਂ ਜਦੋਂ ਤਿੰਨ ਸ਼ਰਧਾਲੂਆਂ ਦੀ ਗਿਣਤੀ ਘਟੀ ਤਾਂ ਇਹ ਹਫੜਾ ਦਫੜੀ ਮੱਚ ਗਈ। ਗਾਇਬ ਹੋਏ ਤਿੰਨ ਵਿਅਕਤੀਆਂ ਦੀ ਭਾਲ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਆਸ ਹੈ ਕਿ 27 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਦੋਂ ਜਥਾ ਪਹੁੰਚੇਗਾ ਉਸ ਸਮੇਂ ਸ਼ਰਧਾਲੂਆਂ ਦੇ ਪਾਸਪੋਰਟਾਂ ‘ਤੇ ਐਂਟਰੀ ਹੋਵੇਗੀ ਤਾਂ ਲਿਸਟਾਂ ਮੁਤਾਬਕ ਘਟੇ ਹੋਏ ਯਾਤਰੂਆਂ ਦੀ ਪਹਿਚਾਣ ਹੋਵੇਗੀ।
ਫਿਲਹਾਲ ਗਿਣਤੀ ਵਿੱਚੋਂ ਤਿੰਨ ਸਿੱਖ ਮਰਦ ਗਾਇਬ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਜਥਾ ਇਕ ਦਸੰਬਰ ਨੂੰ ਭਾਰਤ ਵਾਪਸ ਪਰਤੇਗਾ ਅਤੇ ਉਸ ਸਮੇਂ ਵੀ ਵਾਹਘਾ ਸਰਹੱਦ ’ਤੇ ਜਥੇ ਨਾਲ ਗਏ ਅਤੇ ਵਾਪਸ ਆਉਣ ਵਾਲੇ ਸ਼ਰਧਾਲੂਆਂ ਦੀ ਜਾਂਚ ਅਤੇ ਗਿਣਤੀ ਹੁੰਦੀ ਹੈ। ਇਹ ਜਥਾ 22 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਭਾਰਤ ਤੋਂ ਰਵਾਨਾ ਹੋਇਆ ਸੀ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਸ਼ਾਮਲ ਸਨ।
ਪਿਛਲੇ ਸਾਲ ਲਾਪਤਾ ਹੋਈ ਸੀ ਸਰਬਜੀਤ ਕੌਰ
ਪਾਕਿਸਤਾਨ ਦੀ ਧਾਰਮਿਕ ਯਾਤਰਾ ਦੌਰਾਨ ਕਿਸੇ ਸ਼ਰਧਾਲੂ ਦੇ ਲਾਪਤਾ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ, ਕਪੂਰਥਲਾ ਜ਼ਿਲ੍ਹੇ ਦੇ ਅਮਨੀਪੁਰ ਪਿੰਡ ਦੀ ਸਰਬਜੀਤ ਕੌਰ ਵੀ ਪਾਕਿਸਤਾਨ ਗਈ ਸੀ, ਪਰ ਉਹ ਆਪਣੇ ਜੱਥੇ ਨਾਲ ਵਾਪਸ ਨਹੀਂ ਪਰਤੀ। ਉਹ 4 ਨਵੰਬਰ, 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਜਨਮ ਦਿਹਾੜੇ) ਦੇ ਮੌਕੇ 'ਤੇ ਪਾਕਿਸਤਾਨ ਗਈ ਸੀ। ਪੰਜਾਬ ਪੁਲਿਸ ਨੇ ਉਸ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਵੀ ਕੀਤੀ ਸੀ। ਹੁਣ, ਤਿੰਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਇਸ ਘਟਨਾ ਨੇ ਧਾਰਮਿਕ ਯਾਤਰਾਵਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ।