- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਨਾਂਦੇੜ ਵਿਖੇ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾਂ ਜੀ ਦੇ ਕੰਪਲੈਕਸ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਨਾਂਦੇੜ ਵਿਖੇ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾਂ ਜੀ ਦੇ ਕੰਪਲੈਕਸ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦਰਸ਼ਨ ਦੀਦਾਰ ਕਰਨ ਦੌਰਾਨ ਇਕ ਵਿਅਕਤੀ ਵਲੋਂ ਹਮਲਾ ਕੀਤਾ ਗਿਆ। ਗੁਰੂ ਘਰ ਦੇ ਦਰਸ਼ਨਾਂ ਲਈ ਪਰਿਵਾਰ ਸਮੇਤ ਗਏ ਬਾਦਲ ’ਤੇ ਹਮਲਾ ਕਰਨਾ ਜਿਥੇ ਪੰਥ ਵਿਰੋਧੀ ਤੇ ਸਿੱਖ ਰਵਾਇਤਾਂ ਦੇ ਉਲਟ ਹੈ, ਉਥੇ ਗੁਰਸਿੱਖਾਂ ਦੀ ਆਸਥਾ ਦੇ ਪ੍ਰਤੀਕ ਪਾਵਨ ਅਸਥਾਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ‘ਤੇ ਹਮਲਾ ਦੁਖਦਾਈ ਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਆਏ ਸਰਧਾਲੂਆਂ ‘ਤੇ ਹਮਲਾ ਕਰਨ ਦੀ ਗੁਰੂ ਘਰ ਵਿੱਚ ਕੋਈ ਵੀ ਮਰਿਆਦਾ ਨਹੀਂ ਹੈ, ਇਹ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਤੇ ਗੁਰੂ ਘਰ ਦੀ ਮਾਣ-ਮਰਿਆਦਾ ਦੇ ਉਲਟ ਹੈ। ਹਰ ਸ਼ਰਧਾਲੂ ਸਰਧਾ ਭਾਵਨਾ ਨਾਲ ਗੁਰੂ ਘਰ ਆਉਂਦਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਅਤੇ ਕਿਸੇ ਸ਼ਰਧਾਲੂ ’ਤੇ ਅਜਿਹਾ ਹਮਲਾ ਸਿੱਖ ਸ਼ਰਧਾ ਨੂੰ ਸਿੱਧੀ ਠੇਸ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਮਹਾਂਰਾਸਟਰ ਸਰਕਾਰ ਨੂੰ ਇਸ ਮਾਮਲੇ ਦੀ ਡੂੰਘੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ।