ਦਰਸ਼ਨ ਅਕੈਡਮੀ ’ਚ ‘ਰੋਟੀ ਬੈਂਕ’ ਪਹਿਲ ਰਾਹੀਂ ਸੇਵਾ ਤੇ ਮਨੁੱਖਤਾ ਦਾ ਸੰਦੇਸ਼ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਰਸ਼ਨ ਅਕੈਡਮੀ ਅੰਮ੍ਰਿਤਸਰ ਵੱਲੋਂ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ
Publish Date: Tue, 01 Sep 2026 04:17 PM (IST)
Updated Date: Tue, 01 Sep 2026 04:19 PM (IST)
ਬੱਚਿਆਂ ਨੇ ਆਪਣੇ ਘਰਾਂ ਤੋਂ ਵਾਧੂ ਰੋਟੀਆਂ ਤਿਆਰ ਕਰਕੇ ਸਕੂਲ ਲਿਆਂਦੀਆ ਤੇ ਲੋੜਵੰਦਾਂ ਨੂੰ ਵੰਡੀਆਂ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਰਸ਼ਨ ਅਕੈਡਮੀ ਅੰਮ੍ਰਿਤਸਰ ਵੱਲੋਂ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿਖੇ ‘ਰੋਟੀ ਬੈਂਕ’ ਭਾਈਚਾਰਕ ਸੇਵਾ ਪਹਿਲ ਕਰਵਾਈ ਗਈ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਵਿਚ ਨਿਰਸਵਾਰਥ ਸੇਵਾ, ਕਰੁਣਾ, ਹਮਦਰਦੀ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ। ਇਸ ਪਹਿਲ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਆਪਣੇ ਘਰਾਂ ਤੋਂ ਵਾਧੂ ਰੋਟੀਆਂ ਤਿਆਰ ਕਰਕੇ ਸਕੂਲ ਲਿਆਂਦੀਆਂ। ਵਿਦਿਆਰਥੀਆਂ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਇਨ੍ਹਾਂ ਰੋਟੀਆਂ ਨੂੰ ਲੋੜਵੰਦ ਅਤੇ ਵਾਂਝੇ ਲੋਕਾਂ ਵਿਚ ਵੰਡਿਆ ਗਿਆ। ਬੱਚਿਆਂ ਨੇ ਪੂਰੇ ਸਮਰਪਣ ਤੇ ਸੰਵੇਦਨਸ਼ੀਲਤਾ ਨਾਲ ਇਸ ਸੇਵਾ ਕਾਰਜ ਵਿਚ ਹਿੱਸਾ ਲੈਂਦਿਆਂ ਇਹ ਸੰਦੇਸ਼ ਦਿੱਤਾ ਕਿ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ ਕਰਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹ ਸੇਵਾ ਕਾਰਜ ਸੰਤ ਰਾਜਿੰਦਰ ਸਿੰਘ ਮਹਾਰਾਜ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਅਤੇ ਦਰਸ਼ਨ ਅਕੈਡਮੀ ਦੇ ਸੇਵਾ, ਪ੍ਰੇਮ ਅਤੇ ਮਾਨਵਤਾ ਦੇ ਸੰਦੇਸ਼ ਤੋਂ ਪ੍ਰੇਰਿਤ ਸੀ। ਇਸ ਮੌਕੇ ਤੇ ਸਕੂਲ ਦੇ ਮੈਨੇਜਰ ਸੁਨੀਲ ਮਹਿਰਾ, ਐਲਐਮਸੀ ਮੈਂਬਰ ਸੁਸ਼ੀਲ ਮਹਿਰਾ, ਗੋਵਿੰਦ ਮਹਿਰਾ, ਜਸਬੀਰ ਕੌਰ, ਸੁਰਿੰਦਰ ਕੌਰ ਅਤੇ ਯੁਧਵੀਰ ਅਤੇ ਸਕੂਲ ਦੇ ਪ੍ਰਿੰਸੀਪਲ ਨਿਤਿਨ ਵਰਮਾ ਹਾਜ਼ਰ ਸਨ। ਸਕੂਲ ਦੇ ਮੈਨੇਜਰ ਸੁਨੀਲ ਮਹਿਰਾ ਨੇ ਕਿਹਾ ਸੇਵਾ ਸਿਰਫ਼ ਕਿਸੇ ਲੋੜਵੰਦ ਦੀ ਮਦਦ ਕਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਹੈ। ਸਕੂਲ ਦੇ ਪ੍ਰਿੰਸੀਪਲ ਨਿਤਿਨ ਵਰਮਾ ਨੇ ਕਿਹਾ ਕਿ ਦਰਸ਼ਨ ਅਕੈਡਮੀ ਵਿਚ ਸਿੱਖਿਆ ਦਾ ਉਦੇਸ਼ ਸਿਰਫ਼ ਅਕਾਦਮਿਕ ਉੱਤਮਤਾ ਪ੍ਰਾਪਤ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਵਿਚ ਮਾਨਵੀ ਕਦਰਾਂ-ਕੀਮਤਾਂ ਅਤੇ ਸਮਾਜਿਕ ਸੰਵੇਦਨਸ਼ੀਲਤਾ ਦਾ ਵਿਕਾਸ ਕਰਨਾ ਵੀ ਹੈ। ‘ਰੋਟੀ ਬੈਂਕ’ ਵਰਗੀ ਪਹਿਲ ਬੱਚਿਆਂ ਨੂੰ ਇਹ ਸਮਝਣ ਦਾ ਮੌਕਾ ਦਿੰਦੀ ਹੈ ਕਿ ਉਹਨਾਂ ਦੇ ਛੋਟੇ-ਛੋਟੇ ਯਤਨ ਵੀ ਕਿਸੇ ਲੋੜਵੰਦ ਦੇ ਜੀਵਨ ਵਿਚ ਵੱਡੀ ਰਾਹਤ ਅਤੇ ਖੁਸ਼ੀ ਲਿਆ ਸਕਦੇ ਹਨ।