ਬਿਨ੍ਹਾਂ ਢੱਕੇ ਕੂੜੇ ਦੀ ਢੋਆ ਢੁਆਈ ਦਾ ਆਲਮ ਜ਼ੋਰਾਂ ’ਤੇ
ਬਿਨ੍ਹਾਂ ਢੱਕੇ ਕੂੜੇ ਦੀ ਢੋਆ ਢੁਆਈ ਦਾ ਆਲਮ ਜ਼ੋਰਾਂ ’ਤੇ
Publish Date: Tue, 24 Mar 2026 04:36 PM (IST)
Updated Date: Wed, 25 Mar 2026 03:59 AM (IST)

ਕਮਿਸ਼ਨਰ ਨਗਰ ਨਿਗਮ ਦਫਤਰ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਸਭ ਕੁਝ ਬੇਅਸਰ ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਗਰੀ ਵਿੱਚੋਂ ਕੂੜੇ ਦੀ ਢੋਆ ਢੁਆਈ ਤੇ ਸਾਂਭ ਸੰਭਾਲ ਨੂੰ ਲੈ ਕੇ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਦੀ ਨਾਕਸ ਕਾਰਜਸ਼ੈਲੀ ਬਾਬਤ ਕਮਿਸ਼ਨਰ ਨਗਰ ਨਿਗਮ ਦਫਤਰ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਸਿਲਸਿਲਾ ਜਿਉਂ ਦਾ ਤਿਉਂ ਬਰਕਰਾਰ ਹੈ। ਬੀਤੇ ਕਈ ਦਿਨ੍ਹਾਂ ਤੋਂ ਹਰੇਕ ਪ੍ਰਕਾਰ ਦੇ ਕੂੜੇ ਦੀ ਚੁਕਾਈ ਨਾ ਹੋਣ ਕਾਰਨ ਪਹਿਲਾਂ ਹੀ ਸ਼ਹਿਰ ਵਾਸੀ ਡਾਹਢੇ ਪ੍ਰੇਸ਼ਾਨ ਹਨ। ਜਦੋਂ ਕਿ ਤੰਗ ਗਲੀਆਂ ਦੇ ਅੰਦਰ-ਬਾਹਰ ਲੱਗੇ ਕੂੜੇ ਦੇ ਅੰਬਾਰਾਂ ਨੇ ਲੋਕਾਂ ਦਾ ਜਿਉੂਣਾ ਮੁਹਾਲ ਕਰ ਰੱਖਿਆ ਹੈ ਪਰ ਕੁੰਭਕਰਨੀ ਨੀਂਦ ਸੁੱਤੇ ਨਗਰ ਨਿਗਮ ਨੂੰ ਕਿਸੇ ਦੀ ਕੋਈ ਸਾਰ ਨਹੀਂ। ਕੂੜੇ ਦੀ ਢੋਆ ਢੁਆਈ, ਸਾਂਭ ਸੰਭਾਲ ਤੇ ਚੁੱਕ ਚੁਕਾਈ ਦੇ ਵਿਚ ਲੱਗੀਆਂ ਅਧਿਕਾਰਤ ਕੰਪਨੀਆਂ ਦੇ ਵੱਲੋਂ ਬੀਤੇ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੀ ਸੂਰਤ ਵਿਚ ਇਸ ਕਾਰਜ ਤੋਂ ਹੱਥ ਖੜੇ ਕਰ ਲਏ ਜਾਣ ਤੋਂ ਬਾਅਦ ਇਸ ਸਮੁੱਚੇ ਸਿਲਸਿਲੇ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਸਿਰ ਤੇ ਆਣ ਪਈ ਸੀ। ਜਿਸ ਦੇ ਵੱਲੋਂ ਸਬੰਧਤ ਵਿਭਾਗਾਂ ਨੂੰ ਇਸ ਮੁਸ਼ਕਿਲ ਦੇ ਨਾਲ ਨਜਿੱਠਣ ਦੇ ਦਿਸ਼ਾਂ-ਨਿਰਦੇਸ਼ ਦਿੱਤੇ ਗਏ ਸੀ। ਪਰ ਕੁੱਝ ਇੱਕ ਇਲਾਕਿਆਂ ਵਿਚੋਂ ਕੂੜਾ ਚੁੱਕਣ ਦੇ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਸੰਜੀਦਗੀ ਤੇ ਸੁਹਿਰਦਤਾ ਦਿਖਾਈ ਜਾ ਰਹੀ ਹੈ। ਜਦੋਂ ਕਿ ਕਈ ਇਲਾਕੇ ਅਜੇ ਵੀ ਇਸ ਪ੍ਰੇਸ਼ਾਨੀ ਦੇ ਨਾਲ ਜੂਝ ਰਹੇ ਹਨ। ਜਿਸ ਦੇ ਨਾਲ ਜਾਨ ਲੇਵਾ ਬੀਮਾਰੀਆਂ ਅਤੇ ਮਹਾਮਾਰੀ ਫੈਲਣ ਦਾ ਖੌਅ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਕੂੜੇ ਦੀ ਲਿਫਟਿੰਗ ’ਤੇ ਸ਼ਿਕਾਇਤਾਂ ਹੇਤੂ ਲੋਕਾਂ ਦੇ ਘਰਾਂ ਦੇ ਦਰਵਾਜਿਆਂ ਤੇ ਕਿਆਉਂ ਆਰ ਕੋਡ ਸਟਿੱਕਰ ਵੀ ਚਿਪਕਾਏ ਗਏ ਸਨ ਜੋ ਕਿ ਹੁਣ ਚਿੱਟਾ ਹਾਥੀ ਸਾਬਿਤ ਹੋ ਰਹੇ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕੂੜੇ ਦੀ ਢੋਆ ਢੁਆਈ ਦੇ ਵਿੱਚ ਲੱਗੇ ਕਈ ਵਾਹਨਾਂ ਦੇ ਵੱਲੋਂ ਬਿਨ੍ਹਾਂ ਢੱਕੇ ਕੂੜਾ ਲੈ ਕੇ ਜਾਣ ਦੇ ਕਾਰਨ ਰਾਹਗੀਰਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੇ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਹੇਤੂ ਕਮਿਸ਼ਨਰ ਨਗਰ ਨਿਗਮ ਦਫਤਰ ਨੂੰ ਸਬੂਤਾਂ ਸਮੇਤ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਵੀ ਇਹ ਮਾਮਲਾ ਜਿਉਂ ਦਾ ਤਿਉਂ ਹੈ। ਬੀਤੇ ਦੋ ਦਿਨਾਂ ਤੋਂ ਨਗਰ ਨਿਗਮ ਦੇ ਕਈ ਵਾਹਨ ਪ੍ਰਤੱਖਕਾਰੀਆਂ ਦੇ ਵੱਲੋਂ ਦੇਖੇ ਗਏ। ਇਸ ਦੌਰਾਨ ਲੋਕਾਂ ਵੱਲੋਂ ਨਗਰ ਨਿਗਮ ਦੇ ਖਿਲਾਫ ਦਿਲ ਖੋਲ ਕੇ ਭੜਾਸ ਵੀ ਕੱਢੀ ਗਈ। ਹੁਣ ਵੇਖਣਾ ਇਹ ਹੈ ਕਿ ਗੁਰੂ ਨਗਰੀ ਦੀ ਦਿੱਖ ਸੰਵਾਰਨ ਅਤੇ ਆਕਰਸ਼ਕ ਬਣਾਉਣ ਦੇ ਦਾਅਵੇ ਕਰਨ ਵਾਲਾ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਇਸ ਪਰੇਸ਼ਾਨੀ ਤੋਂ ਨਿਜ਼ਾਤ ਦਿਵਾਉਣ ਵਿਚ ਕਿੰਨਾ ਤੇ ਕਦੋਂ ਤੱਕ ਕਾਮਯਾਬ ਹੁੰਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਗਰ ਨਿਗਮ ਨੂੰ ਲੋਕਾਂ ਦੇ ਖੁੱਲਮ ਖੁੱਲੇ ਰੋਹ ਦਾ ਸਾਹਮਣਾ ਕਰਨਾ ਪਵੇਗਾ।