ਪਨਪੈਡੀਕਾਨ-2026 ਕਾਨਫਰੰਸ ਬਾਲ ਰੋਗਾਂ ਦੇ ਖੇਤਰ ’ਚ ਨਵੀਆਂ ਖੋਜਾਂ ਤੇ ਆਧੁਨਿਕ ਇਲਾਜ ਤਕਨੀਕਾਂ ਦੇ ਆਦਾਨ-ਪ੍ਰਦਾਨ ਦਾ ਬਣਿਆ ਮੰਚ ਪਨਪੈਡੀਕਾਨ-2026 ਕਾਨਫਰੰਸ ਬਾਲ ਰੋਗਾਂ ਦੇ ਖੇਤਰ ਵਿੱਚ ਨਵੀਆਂ ਖੋਜਾਂ ਅਤੇ ਆਧੁਨਿਕ ਇਲਾਜ ਤਕਨੀਕਾਂ ਦੇ ਆਦਾਨ-ਪ੍ਰਦਾਨ ਦਾ ਬਣਿਆ ਮੰਚ
Publish Date: Sat, 28 Nov 2026 07:35 PM (IST)
Updated Date: Sun, 29 Nov 2026 04:05 AM (IST)
ਫੋਟੋ: 43 ਕੈਪਸ਼ਨ : ਦੇਸ਼ ਭਰ ਤੋਂ ਪੁੱਜੇ ਬਾਲ ਰੋਗ ਮਾਹਿਰਾਂ ਨੂੰ ਵਡਮੁੱਲੀਆਂ ਸੇਵਾਵਾਂ ਲਈ ਸਨਮਾਨਿਤ ਕਰਦੇ ਪ੍ਰਬੰਧਕ ਤੇ ਹੋਰ। * ਦੇਸ਼ ਭਰ ਤੋਂ ਪੁੱਜੇ ਲਗਭਗ 250 ਬਾਲ ਰੋਗ ਮਾਹਿਰਾਂ ਨੇ ਕੀਤੀ ਸ਼ਮੂਲੀਅਤ * ਸੀਨੀਅਰ ਮਾਹਿਰਾਂ ਦਾ ਵਡਮੁੱਲੀਆਂ ਸੇਵਾਵਾਂ ਲਈ ਸਨਮਾਨ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਵਿਖੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੀ ਸਾਲਾਨਾ ਸੂਬਾ ਪੱਧਰੀ ਕਾਨਫਰੰਸ ‘ਪਨਪੈਡੀਕਾਨ-2026’ ਹੋਈ। ਇਸ ਤਿੰਨ ਰੋਜ਼ਾ ਕਾਨਫਰੰਸ ਵਿਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 250 ਬਾਲ ਰੋਗ ਮਾਹਿਰਾਂ, ਪ੍ਰਸਿੱਧ ਡਾਕਟਰਾਂ ਤੇ ਮੈਡੀਕਲ ਸਿੱਖਿਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਬਾਲ ਸਿਹਤ ਸੰਭਾਲ ਦੇ ਖੇਤਰ ਵਿੱਚ ਨਵੀਆਂ ਖੋਜਾਂ, ਆਧੁਨਿਕ ਇਲਾਜ ਪ੍ਰਣਾਲੀਆਂ ਅਤੇ ਤਕਨੀਕੀ ਵਿਕਾਸ ਸਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਕਾਨਫਰੰਸ ਦਾ ਆਗਾਜ਼ ਪੰਜ ਵਿਸ਼ੇਸ਼ ਮੁੱਢਲੀਆਂ ਸਿਖਲਾਈ ਵਰਕਸ਼ਾਪਾਂ ਨਾਲ ਹੋਇਆ। ਇਨ੍ਹਾਂ ਵਿੱਚ ਨਰਸਿੰਗ ਸਟਾਫ਼ ਲਈ ਵਿਸ਼ੇਸ਼ ਸਿਖਲਾਈ, ਗੁਰਦਿਆਂ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੋਣ ਦੀ ਸੂਰਤ ਵਿੱਚ ਬਦਲਵੇਂ ਇਲਾਜ, ਮਰੀਜ਼ ਦੇ ਬਿਸਤਰੇ ਕੋਲ ਅਲਟਰਾਸਾਊਂਡ ਰਾਹੀਂ ਜਾਂਚ, ਐਲਰਜੀ ਅਤੇ ਨਵਜੰਮੇ ਬੱਚਿਆਂ ਦੀ ਉੱਨਤ ਸਿਹਤ ਸੰਭਾਲ ਸਬੰਧੀ ਵਰਕਸ਼ਾਪਾਂ ਸ਼ਾਮਲ ਸਨ। ਇਨ੍ਹਾਂ ਦਾ ਮੁੱਖ ਉਦੇਸ਼ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੂੰ ਵਿਹਾਰਕ ਸਿਖਲਾਈ ਦੇਣ ਦੇ ਨਾਲ-ਨਾਲ ਬਾਲ ਰੋਗਾਂ ਦੇ ਇਲਾਜ ਵਿੱਚ ਵਰਤੀਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਅਤੇ ਵਿਧੀਆਂ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੀ ਕੌਮੀ ਸਕੱਤਰ ਡਾ. ਰੁਚਿਰਾ ਮਹੇਸ਼ਵਰੀ ਅਤੇ ਉੱਤਰੀ ਜ਼ੋਨ ਦੇ ਉਪ ਪ੍ਰਧਾਨ ਡਾ. ਦੇਵੇਂਦਰ ਸਰੀਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਨਫਰੰਸ ਦਾ ਆਯੋਜਨ ਯੂਨੀਵਰਸਿਟੀ ਦੇ ਡੀਨ ਡਾ. ਏ.ਪੀ. ਸਿੰਘ, ਉਪ ਕੁਲਪਤੀ ਡਾ. ਮਨਜੀਤ ਸਿੰਘ ਉੱਪਲ ਅਤੇ ਮੈਡੀਕਲ ਸੰਸਥਾ ਦੀ ਪ੍ਰਿੰਸੀਪਲ ਡਾ. ਅਨੁਪਮਾ ਮਹਾਜਨ ਦੀ ਰਹਿਨੁਮਾਈ ਹੇਠ ਕੀਤਾ ਗਿਆ। ਕਾਨਫਰੰਸ ਦੀ ਪ੍ਰਬੰਧਕੀ ਅਗਵਾਈ ਸਾਪਾ-2026 ਦੇ ਪ੍ਰਧਾਨ ਅਤੇ ਪਨਪੈਡੀਕਾਨ-2026 ਦੇ ਮੁੱਖ ਪ੍ਰਬੰਧਕੀ ਚੇਅਰਪਰਸਨ ਡਾ. ਗੁਰਸ਼ਰਨ ਸਿੰਘ ਨਾਰੰਗ ਨੇ ਕੀਤੀ। ਇਸ ਦੇ ਨਾਲ ਹੀ ਡਾ. ਮਨਦੀਪ ਸਿੰਘ ਖੁਰਾਣਾ ਪ੍ਰੋਫੈਸਰ ਬਾਲ ਰੋਗ ਵਿਭਾਗ ਅਤੇ ਸਾਪਾ-2026 ਦੇ ਸਕੱਤਰ, ਡਾ. ਸੀਮਾ ਰਾਏ ਪ੍ਰੋਫੈਸਰ ਬਾਲ ਰੋਗ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਅਤੇ ਡਾ. ਗੁਰਮੀਤ ਸਿੰਘ ਪ੍ਰੋਫੈਸਰ ਬਾਲ ਰੋਗ ਵਿਭਾਗ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਸੰਸਥਾ ਨੇ ਵੀ ਕਾਨਫਰੰਸ ਦੇ ਸੁਚੱਜੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ। ਕਾਨਫਰੰਸ ਦੌਰਾਨ ਦੇਸ਼ ਅਤੇ ਸੂਬੇ ਦੇ ਪ੍ਰਸਿੱਧ ਬਾਲ ਰੋਗ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਵਿਸ਼ੇਸ਼ ਭਾਸ਼ਣ, ਵਿਗਿਆਨਕ ਸੈਸ਼ਨ ਅਤੇ ਵਿਚਾਰ-ਵਟਾਂਦਰੇ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ਰਾਹੀਂ ਬਾਲ ਰੋਗਾਂ ਦੀ ਪਛਾਣ, ਇਲਾਜ, ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਅਤੇ ਆਧੁਨਿਕ ਡਾਕਟਰੀ ਤਕਨੀਕਾਂ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਬਾਲ ਰੋਗਾਂ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਮਾਹਿਰਾਂ ਅਤੇ ਉੱਘੀਆਂ ਅਕਾਦਮਿਕ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਕਾਨਫਰੰਸ ਦੇ ਸਮਾਪਤੀ ਦਿਵਸ ਮੌਕੇ ਵਿਗਿਆਨਕ ਖੋਜ ਪੱਤਰਾਂ ਦੀ ਪੇਸ਼ਕਾਰੀ, ਖੋਜ ਪੋਸਟਰਾਂ ਦੀ ਪ੍ਰਦਰਸ਼ਨੀ ਅਤੇ ਬਾਲ ਰੋਗਾਂ ਨਾਲ ਸਬੰਧਤ ਗਿਆਨ-ਪਰਖ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਗਤੀਵਿਧੀਆਂ ਨੇ ਨੌਜਵਾਨ ਬਾਲ ਰੋਗ ਮਾਹਿਰਾਂ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਆਪਣੀ ਖੋਜ, ਅਕਾਦਮਿਕ ਸਮਰੱਥਾ ਅਤੇ ਵਿਸ਼ੇ ਨਾਲ ਸਬੰਧਤ ਗਿਆਨ ਸਾਂਝਾ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਇਸ ਮੌਕੇ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੇ ਸਾਲ 2027 ਦੇ ਕੌਮੀ ਪ੍ਰਧਾਨ ਡਾ. ਵਿਨੀਤ ਸਕਸੈਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਨਪੈਡੀਕਾਨ-2026 ਦੀ ਸਫਲਤਾ ਨੇ ਬਾਲ ਸਿਹਤ ਸੰਭਾਲ ਨੂੰ ਹੋਰ ਬਿਹਤਰ ਬਣਾਉਣ, ਮੈਡੀਕਲ ਸਿੱਖਿਆ ਅਤੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਅਤੇ ਡਾਕਟਰੀ ਖੇਤਰ ਵਿੱਚ ਨਵੀਨਤਮ ਇਲਾਜ ਤਕਨੀਕਾਂ ਨੂੰ ਪ੍ਰਫੁੱਲਤ ਕਰਨ ਲਈ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਅਤੇ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਸੰਸਥਾ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ।