ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਬਾਰੇ ਆਏ ਫ਼ੈਸਲੇ ਦਾ ਜਥੇਦਾਰ ਵੱਲੋਂ ਸੁਆਗਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਬਾਰੇ ਆਏ ਫੈਸਲੇ ਦਾ ਜਥੇਦਾਰ ਵੱਲੋਂ ਸੁਆਗਤ
Publish Date: Fri, 30 Oct 2026 06:08 PM (IST)
Updated Date: Sat, 31 Oct 2026 04:02 AM (IST)
ਫੋਟੋ: 43 ਕੈਪਸ਼ਨ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਗਰਣ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸੱਚਖੰਡ ਸ੍ਰੀ ਅਬਿਚਲਨਗਰ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਬਹਾਲੀ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਖ਼ਾਲਸਾ ਪੰਥ ਦੀ ਅਮਾਨਤ ਹੈ, ਜਿਨ੍ਹਾਂ ਦਾ ਪ੍ਰਬੰਧ ਖੁਦਮੁਖਤਿਆਰ ਢੰਗ ਨਾਲ ਸਿੱਖਾਂ ਕੋਲ ਹੀ ਰਹਿਣਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਆਸ ਹੈ ਕਿ ਕਿਤੇ ਵੀ ਸਿੱਖ ਸੰਸਥਾਵਾਂ ਅੰਦਰ ਸਰਕਾਰੀ ਜਾਂ ਬਾਹਰੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਿੱਖਾਂ ਦਾ ਮੁੱਢਲਾ ਫਰਜ਼ ਹੈ ਕਿ ਇਸ ਵਿਰੁੱਧ ਸੰਘਰਸ਼ ਕਰ ਕੇ ਪ੍ਰਬੰਧ ਪੰਥਕ ਹੱਥਾਂ ’ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮਾਮਲੇ ’ਚ ਜਿਨ੍ਹਾਂ ਸਿੰਘਾਂ ਨੇ ਪ੍ਰਬੰਧਕੀ ਬੋਰਡ ਨੂੰ ਸਿੱਖ ਭਾਵਨਾਵਾਂ ਅਨੁਸਾਰ ਬਹਾਲ ਕਰਵਾਉਣ ਲਈ ਜੱਦੋ-ਜਹਿਦ ਕੀਤੀ ਹੈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਗੁਰਧਾਮਾਂ ਤੇ ਸਿੱਖ ਸੰਸਥਾਵਾਂ ਲਈ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਦਿਆਂ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਗੁਰਮਤਿ ਅਨੁਸਾਰ ਹੀ ਹੋ ਸਕਦਾ ਹੈ, ਇਸ ਲਈ ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਖ਼ਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।