- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਦਾਰ ਗੜਗੱਜ ਨੇ ਨਾਰਵੇ ਸੰਸਦ ਦੇ ਪ੍ਰਧਾਨ ਮਸੂਦ ਗ੍ਹਰਾਹਖਾਨੀ ਨਾਲ ਕੀਤੀ ਮੁਲਾਕਾਤ

ਫੋਟੋ: 23
ਕੈਪਸ਼ਨ : ਨਾਰਵੇ ਸੰਸਦ ਦੇ ਪ੍ਰਧਾਨ ਮਸੂਦ ਗ੍ਹਰਾਹਖਾਨੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਨਾਰਵੇ ਸੰਸਦ ਦੇ ਪ੍ਰਧਾਨ ਮਸੂਦ ਗ੍ਹਰਾਹਖਾਨੀ ਦੀ ਵਿਸ਼ੇਸ਼ ਮੁਲਾਕਾਤ ਓਸਲੋ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ। ਮਸੂਦ ਗ੍ਹਰਾਹਖਾਨੀ ਵੱਲੋਂ ਜਥੇਦਾਰ ਗੜਗੱਜ ਤੇ ਉਨ੍ਹਾਂ ਨਾਲ ਗਏ ਸਿੱਖ ਵਫ਼ਦ ਦਾ ਨਿੱਘਾ ਸੁਆਗਤ ਕੀਤਾ ਗਿਆ। ਜਥੇਦਾਰ ਗੜਗੱਜ ਨੇ ਇਸ ਮੌਕੇ ਗ੍ਹਰਾਹਖਾਨੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ। ਇਸ ਮੁਲਾਕਾਤ ’ਚ ਨਾਰਵੇ ਤੋਂ ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਬਲਜੀਤ ਸਿੰਘ, ਗੁਰਿੰਦਰ ਸਿੰਘ, ਭੁਪਿੰਦਰ ਸਿੰਘ, ਇਕਬਾਲ ਸਿੰਘ ਤੇ ਜਸਕਰਨ ਸਿੰਘ ਵੀ ਮੌਜੂਦ ਰਹੇ। ਮੁਲਾਕਾਤ ਦੌਰਾਨ ਮਸੂਦ ਗ੍ਹਰਾਹਖਾਨੀ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਚਕਾਰ ਨਾਰਵੇ ’ਚ ਸਿੱਖਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਇਸ ਦੇਸ਼ ਦੀ ਤਰੱਕੀ ਤੇ ਵਿਕਾਸ ’ਚ ਪਾਏ ਜਾ ਰਹੇ ਯੋਗਦਾਨ ਬਾਰੇ ਚਰਚਾ ਹੋਈ। ਉਨ੍ਹਾਂ ਗ੍ਹਰਾਹਖਾਨੀ ਨੂੰ ਨਾਰਵੇ ਅੰਦਰ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣੂ ਕਰਵਾਇਆ, ਜਿਸ ’ਤੇ ਉਨ੍ਹਾਂ ਸਿੱਖ ਵਫ਼ਦ ਨੂੰ ਸਕਾਰਾਤਮਕ ਹੱਲ ਦਾ ਭਰੋਸਾ ਦਿੱਤਾ। ਸਿੱਖ ਦਸਤਾਰ ਦਿਵਸ ਮਨਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਤੇ ਇਸ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਨਾਰਵੇ ਅੰਦਰ ਭਾਈਚਾਰਿਆਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਿੱਖ ਹਮੇਸ਼ਾ ਮੂਹਰੇ ਹੋ ਕੇ ਨਿਸ਼ਕਾਮ ਸੇਵਾਵਾਂ ਨਿਭਾਉਂਦੇ ਹਨ। ਜਥੇਦਾਰ ਨੇ ਕਿਹਾ ਕਿ ਮਸੂਦ ਗ੍ਹਰਾਹਖਾਨੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਣ ਨਾਲ ਉਹ ਸਿੱਖ ਸਿਧਾਂਤਾਂ ਨੂੰ ਨੇੜਿਓਂ ਜਾਣਨਗੇ ਅਤੇ ਸਿੱਖਾਂ ਤੇ ਨਾਰਵੇ ਦੇ ਲੋਕਾਂ ਦਰਮਿਆਨ ਦੋਸਤੀ, ਆਪਸੀ ਸਤਿਕਾਰ ਤੇ ਸਮਝ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਇਕ ਅਰਥਪੂਰਨ ਮੌਕਾ ਹੋਵੇਗਾ।