- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ 'ਚ ਪਰਵਿੰਦਰ ਸਿੰਘ ਦੇ ਕਤਲ ਦੀ ਜਥੇਦਾਰ ਨੇ ਸਖਤ ਸ਼ਬਦਾਂ ਵਿਚ ਕੀਤੀ ਨਿੰਦਾ

ਫੋਟੋ: 48
ਕੈਪਸ਼ਨ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਨਸਾ ਵਿਖੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਕਤਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ’ਚ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਹੈ ਕਿ ਅੱਜ ਫਿਰ ਪੰਥ ਤੇ ਪੰਜਾਬ ਦਾ ਪੁੱਤਰ ਪਰਵਿੰਦਰ ਸਿੰਘ ਨਸ਼ਾ ਤਸਕਰਾਂ ਦਾ ਵਿਰੋਧ ਕਰਦਿਆਂ ਆਪਣੇ ਮਾਪਿਆਂ, ਬੱਚਿਆਂ ਤੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਿਆ। ਇਸ ਘਟਨਾ ਨੇ ਇਕ ਵਾਰ ਫਿਰ ਪੰਜਾਬ ਅੰਦਰ ਨਸ਼ਿਆਂ ਦੀ ਵੱਡੀ ਸਮੱਸਿਆ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਸ਼ਰੇਆਮ ਵੀ ਕਤਲ ਕਰ ਰਹੇ ਹਨ ਤੇ ਨਸ਼ਾ ਵੀ ਵੇਚ ਰਹੇ ਹਨ, ਜਦਕਿ ਸਰਕਾਰਾਂ ਸੁੱਤੀਆਂ ਪਈਆਂ ਹਨ। ਇਹ ਨਸ਼ਾ ਤਸਕਰ ਪਾਬੰਦੀਸ਼ੁਦਾ ਗੋਲ਼ੀਆਂ ਨਾਲ ਤਾਂ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਹੀ ਰਹੇ ਹਨ ਪਰ ਹੁਣ ਇਹ ਸਿੱਧਾ ਗੋਲ਼ੀਆਂ ਮਾਰ ਕੇ ਵੀ ਜਵਾਨਾਂ ਨੂੰ ਕਤਲ ਕਰਨ ਲੱਗੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਸੁਣ ਕੇ ਬਹੁਤ ਦੁੱਖ ਲੱਗਾ ਜੋ ਇਹ ਕਹਿ ਰਹੇ ਹਨ ਕਿ ਪਰਵਿੰਦਰ ਸਿੰਘ ਦੀ ਕਾਤਲ ਨਾਲ ਨਿੱਜੀ ਲੜਾਈ ਸੀ, ਜਿਸ ਕਰ ਕੇ ਉਹ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਨਿੱਜੀ ਲੜਾਈ ਕੀ ਸੀ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਰੋਕਣਾ ਤੇ ਨਸ਼ੇ ਨੂੰ ਵੇਚਣ ਵਾਲੇ ਦਾ ਵਿਰੋਧ ਕਰਨਾ ਨਿੱਜੀ ਲੜਾਈ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੇ ਦਾਅਵੇ ਕਰਦੀ ਹੈ ਜਦਕਿ ਜ਼ਮੀਨੀ ਸੱਚਾਈ ਸਾਡੇ ਸਾਹਮਣੇ ਹੈ। ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।