ਜ਼ੋਮੈਟੋ ਦੇ ਡਲਿਵਰੀ ਬੁਆਏ ਦਾ ਗੋਲ਼ੀਆਂ ਮਾਰ ਕੇ ਕਤਲ ਜ਼ੋਮੈਟੋ ਦੇ ਕਰਮਚਾਰੀ ਨੂੰ ਪੁਲਿਸ ਸਟੇਸ਼ਨ ਤੋਂ 50 ਮੀਟਰ ਦੂਰ ਗੋਲੀ ਮਾਰ ਕੇ ਕਤਲ
Publish Date: Fri, 18 Sep 2026 06:45 PM (IST)
Updated Date: Sat, 19 Sep 2026 04:03 AM (IST)
* ਪੁਲਿਸ ਸਟੇਸ਼ਨ ਤੋਂ 50 ਮੀਟਰ ਦੂਰ ਦਿੱਤਾ ਵਾਰਦਾਤ ਨੂੰ ਅੰਜਾਮ * ਪੁਲਿਸ ਨੇ ਅਣਪਛਾਤੇ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕੀਤਾ ਫੋਟੋ: 43-44 ਹਿੰਦੀ ਦਾ ਨੰ ਹੈ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕੋਟ ਖ਼ਾਲਸਾ ਥਾਣੇ ਤੋਂ 50 ਮੀਟਰ ਦੂਰ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਵੀਰਵਾਰ ਦੇਰ ਰਾਤ ਗੋਲ਼ੀਬਾਰੀ ਕੀਤੀ, ਜਿਸ ਨਾਲ ਜ਼ੋਮੈਟੋ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ। ਵਾਰਦਾਤ ਮਗਰੋਂ ਸ਼ੱਕੀ ਭੱਜ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਤੇ ਪੋਸਟਮਾਰਟਮ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸੀਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਐਕਟਿਵਾ ਸਵਾਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਅਣਪਛਾਤੇ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਕੋਟ ਖ਼ਾਲਸਾ ਵਾਸੀ ਹਨੀ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਪੁੱਤਰ ਸਾਹਿਲਪ੍ਰੀਤ ਗਿੱਲ (25) ਜ਼ੋਮੈਟੋ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਉਸ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ ਤੇ ਹੁਣ ਉਸ ਦਾ ਛੇ ਮਹੀਨੇ ਦਾ ਪੁੱਤਰ ਹੈ। ਵੀਰਵਾਰ ਰਾਤ ਨੂੰ ਉਹ ਆਪਣਾ ਕੰਮ ਖ਼ਤਮ ਕਰ ਕੇ ਘਰ ਵਾਪਸ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਗਲੇ ਦਿਨ ਲਈ ਬਾਜ਼ਾਰ ਤੋਂ ਸਾਮਾਨ ਖ਼ਰੀਦਣ ਲਈ ਕਿਹਾ। ਸਾਹਿਲਪ੍ਰੀਤ ਗਿੱਲ ਫਿਰ 10:45 ਵਜੇ ਘਰੋਂ ਨਿਕਲ ਗਿਆ। ਜਿਵੇਂ ਹੀ ਉਹ ਸੂਰਤਾ ਸਿੰਘ ਰੋਡ ਤੇ ਪਹੁੰਚਿਆ ਤਾਂ ਐਕਟਿਵਾ ਤੇ ਸਵਾਰ ਦੋ ਨੌਜਵਾਨ ਤੇਜ਼ੀ ਨਾਲ ਉਸ ਕੋਲ ਆਏ ਤੇ ਗੋਲ਼ੀਆਂ ਚਲਾ ਦਿੱਤੀਆਂ। ਹਨੀ ਨੇ ਕਿਹਾ ਕਿ ਚਸ਼ਮਦੀਦਾਂ ਨੇ ਦੱਸਿਆ ਕਿ ਸਾਹਿਲਪ੍ਰੀਤ ਗਿੱਲ ਦੇ ਢਿੱਡ ’ਚ ਚਾਰ ਗੋਲ਼ੀਆਂ ਲੱਗੀਆਂ ਅਤੇ ਸੱਤ ਤੋਂ ਅੱਠ ਉਸ ਦੇ ਖੱਬੇ ਤੇ ਸੱਜੇ ਪਾਸਿਓਂ ਲੰਘ ਗਈਆਂ। ਘਟਨਾ ਮਗਰੋਂ ਗੋਲ਼ੀਬਾਰੀ ਕਰਨ ਵਾਲੇ ਐਕਟਿਵਾ ਤੇ ਭੱਜ ਗਏ। ਪਰਿਵਾਰ ਨੇ ਕਿਹਾ ਕਿ ਸਾਹਿਲਪ੍ਰੀਤ ਗਿੱਲ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਹਾਲਾਂਕਿ ਜਿਸ ਤਰੀਕੇ ਨਾਲ ਉਸ ਨੂੰ ਗੋਲ਼ੀ ਮਾਰ ਕੇ ਮਾਰਿਆ ਗਿਆ, ਉਸ ਤੋਂ ਪੁਲਿਸ ਇਸ ਨੂੰ ਪੁਰਾਣੀ ਦੁਸ਼ਮਣੀ ਤੇ ਗੈਂਗਸਟਰ ਐਂਗਲ ਨਾਲ ਜੋੜ ਰਹੀ ਹੈ। ਸਾਹਿਲਪ੍ਰੀਤ ਗਿੱਲ ਦੀ ਕਾਲ ਡਿਟੇਲ ਵੀ ਪ੍ਰਾਪਤ ਕੀਤੀ ਜਾ ਰਹੀ ਹੈ।