ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਲਈ ਸੰਗਤਾਂ ਬਣ ਰਹੀਆਂ ਸਾਈਬਰ ਠੱਗੀ ਦਾ ਸ਼ਿਕਾਰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਲਈ ਸੰਗਤਾਂ ਬਣ ਰਹੀਆਂ ਸਾਇਬਰ ਠੱਗੀ ਦਾ ਸ਼ਿਕਾਰ
Publish Date: Tue, 08 Sep 2026 06:27 PM (IST)
Updated Date: Wed, 09 Sep 2026 04:05 AM (IST)
ਜਾਅਲੀ ਵੈੱਬਸਾਈਟਾਂ ਰਾਹੀਂ ਸਾਈਬਰ ਠੱਗਾਂ ਨੇ ਲੱਖਾਂ ਰੁਪਏ ਸੰਗਤਾਂ ਤੋਂ ਵਸੂਲੇ : ਮੈਨੇਜਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ : ਸਾਈਬਰ ਠੱਗ ਇਸ ਨੀਂਵੇ ਪੱਧਰ ‘ਤੇ ਜਾ ਕੇ ਠੱਗੀ ਕਰ ਸਕਦੇ ਹਨ ਇਹ ਕੋਈ ਸੋਚ ਵੀ ਨਹੀਂ ਸਕਦਾ ਕਿ ਸਾਈਬਰ ਠੱਗ ਧਾਰਮਿਕ ਅਸਥਾਨਾਂ ਦੀਆ ਸੰਗਤਾਂ ਦੀ ਆਸਥਾ ਨੂੰ ਠੱਗੀ ਰਾਹੀਂ ਆਪਣਾ ਸ਼ਿਕਾਰ ਬਣਾ ਰਹੇ ਹਨ। ਸਾਈਬਰ ਠੱਗ ਲਗਾਤਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਉਂਣ ਵਾਲੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ’ਚ ਕਮਰੇ ਆਨਲਾਈਨ ਬੁੱਕ ਕਰਨ ਦੇ ਨਾਮ ‘ਤੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਉਂਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ’ਚ ਕਮਰੇ ਆਨਲਾਈਨ ਬੁੱਕ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਸਹੂਲਤ ਦਾ ਕੁਝ ਸਾਈਬਰ ਠੱਗਾਂ ਵੱਲੋਂ ਕਥਿਤ ਤੌਰ ’ਤੇ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ। ਜਾਅਲੀ ਵੈੱਬਸਾਈਟਾਂ, ਕਿਊਆਰ ਕੋਡ, ਫਰਜ਼ੀ ਰਸੀਦਾਂ ਤੇ ਐੱਸਜੀਪੀਸੀ ਦੇ ਲੋਗੋ ਦੀ ਵਰਤੋਂ ਕਰ ਕੇ ਸ਼ਰਧਾਲੂਆਂ ਤੋਂ ਪੈਸੇ ਵਸੂਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਈਬਰ ਠੱਗ ਲਗਾਤਾਰ ਨਵੀਆਂ ਵੈੱਬਸਾਈਟਾਂ ਤਿਆਰ ਕਰ ਕੇ ਸੰਗਤਾਂ ਨੂੰ ਆਪਣੇ ਜਾਲ ’ਚ ਫਸਾ ਰਹੇ ਹਨ। ਉਨ੍ਹਾਂ ਅਨੁਸਾਰ ਸਾਰਾਗੜ੍ਹੀ ਨਿਵਾਸ ਸਮੇਤ ਸਰਾਵਾਂ ਵਿਚ ਕਮਰਿਆਂ ਦਾ ਕਿਰਾਇਆ ਸ਼੍ਰੋਮਣੀ ਕਮੇਟੀ ਵੱਲੋਂ ਇਕ ਹਜ਼ਾਰ ਤੇ ਇਕ ਹਜ਼ਾਰ 600 ਰੁਪਏ ਰੱਖਿਆ ਹੈ, ਜਦਕਿ ਜਾਅਲੀ ਵੈੱਬਸਾਈਟਾਂ ਰਾਹੀਂ ਸ਼ਰਧਾਲੂਆਂ ਤੋਂ 2500 ਤੋਂ 3500 ਰੁਪਏ ਤੱਕ ਵਸੂਲ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਠੱਗ ਐੱਸਜੀਪੀਸੀ ਦਾ ਲੋਗੋ ਲਾ ਕੇ ਜਾਅਲੀ ਰਸੀਦਾਂ ਵੀ ਤਿਆਰ ਕਰ ਰਹੇ ਹਨ। ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 7 ਮਈ 2025 ਨੂੰ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਪ੍ਰਸ਼ਾਸਨ ਨੂੰ ਸਾਈਬਰ ਠੱਗੀ ਦੀਆਂ ਘਟਨਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਅੱਜ ਤੱਕ ਕੋਈ ਕਾਰਵਾਈ ਕਰ ਕੇ ਕਿਸੇ ਠੱਗ ਨੂੰ ਕਾਬੂ ਕਰਨ ’ਚ ਸਾਇਬਰ ਕ੍ਰਾਈਮ ਵਿਭਾਗ ਅਸਫਲ ਰਿਹਾ ਹੈ। ਉਨ੍ਹਾਂ ਪੁਲਿਸ ਸਾਇਬਰ ਕ੍ਰਾਈਮ ਵਿਭਾਗ ਵਿਭਾਗ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਈਬਰ ਠੱਗਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਸਜੀਪੀਸੀ ਦੇ ਇੰਟਰਨੈੱਟ ਵਿਭਾਗ ਵੱਲੋਂ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਨਕਲੀ ਵੈੱਬਸਾਈਟਾਂ ਨੂੰ ਬੰਦ ਕਰਵਾਉਂਣ ਲਈ ਸਬੰਧਤ ਡੋਮੇਨ ਕੰਪਨੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ। ਇੰਟਰਨੈੱਟ ਵਿਭਾਗ ਦੇ ਇੰਚਾਰਜ ਬਿਕਰਮਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਤੱਕ ਵੱਡੀ ਗਿਣਤੀ ’ਚ ਜਾਅਲੀ ਵੈੱਬਸਾਈਟਾਂ ਨੂੰ ਬੰਦ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਰਾਵਾਂ ’ਚ ਕਮਰੇ ਬੁੱਕ ਕਰਵਾਉਂਣ ਸਮੇਂ ਸਿਰਫ ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕੀਤੀ ਜਾਵੇ। ਕਿਸੇ ਅਣਜਾਣ ਵੈੱਬਸਾਈਟ, ਫੋਨ ਨੰਬਰ ਜਾਂ ਕਿਊਆਰ ਕੋਡ ਰਾਹੀਂ ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਪੁਸ਼ਟੀ ਕੀਤੀ ਜਾਵੇ। ਮੈਨੇਜਰ ਨੇ ਕਿਹਾ ਕਿ ਸੰਗਤਾਂ ਦੀ ਜਾਗਰੂਕਤਾ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਨਾਲ ਅਜਿਹੀ ਸਾਈਬਰ ਠੱਗੀ ’ਤੇ ਰੋਕ ਲਾਈ ਜਾ ਸਕਦੀ ਹੈ।