ਰਣਜੀਤ ਸਿੰਘ ਰਾਣਾ ਸਮਾਜ ਸੇਵੀ ਵੱਜੋਂ ਉਭਰ ਕੇ ਬਣੇ ਸਰਪੰਚ ਰਣਜੀਤ ਸਿੰਘ ਰਾਣਾ ਸਮਾਜ ਸੇਵੀ ਵੱਜੋਂ ਉਭਰ ਕੇ ਬਣੇ ਸਰਪੰਚ
Publish Date: Mon, 07 Sep 2026 07:39 PM (IST)
Updated Date: Tue, 08 Sep 2026 04:08 AM (IST)
ਕਿਹਾ- ਰਾਜਨੀਤਿਕ ਪਾਰਟੀ ਨਹੀਂ ਆਜ਼ਾਦ ਉਮੀਦਵਾਰ ਵੱਜੋਂ ਲੋਕਾਂ ਨੇ ਕੀਤੇ ਕੰਮਾਂ ਦੇ ਆਧਾਰ ‘ਤੇ ਬਣਾਇਆ ਸਰਪੰਚ ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ : ਲੋਕਾਂ ਦੇ ਚੁੱਣੇ ਹੋਏ ਨੁਮਾਇੰਦੇ ਨੂੰ ਆਪਣੇ ਖੇਤਰ ਦੇ ਲੋਕਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਰ ਹਿੱਲੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਪੈਦਾ ਹੋਈ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਸਮਾਜ ਵਿਚ ਸੇਵਾ ਲਈ ਕੋਈ ਵੀ ਰਾਜਨੀਤਿਕ ਪਾਰਟੀ ਅਹਿਮੀਅਤ ਨਹੀਂ ਰੱਖਦੀ, ਜੇਕਰ ਲੋਕ ਤੁਹਾਡੇ ਨਾਲ ਹੋਣ ਤਾਂ ਤੁਹਾਨੂੰ ਹਰ ਮੁਕਾਮ ਹਾਸਲ ਹੋ ਜਾਂਦਾ ਹੈ। ਉਪਰੋਕਤ ਵਿਚਾਰਾਂ ਦੀ ਸਾਂਝ ਪਾਉਂਦਿਆ ਪਿੰਡ ਧਿਆਨਪੁਰ ਬਾਬਾ ਬਕਾਲਾ ਸਾਹਿਬ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਖੇਤਰ ਵਿਚ ਸਮਾਜ ਦੀ ਸੇਵਾ ਕਰਨ ਨੂੰ ਅਹਿਮੀਅਤ ਦਿੱਤੀ ਹੈ, ਜਿਸ ਸਕਦਾ ਰਾਜਨੀਤਕ ਪਾਰਟੀ ਨਹੀਂ ਆਜ਼ਾਦ ਉਮੀਦਵਾਰ ਵੱਜੋਂ ਸਰਪੰਚ ਦੀ ਚੋਣ ਲੜੀ ਤੇ ਲੋਕਾਂ ਨੇ ਉਨ੍ਹਾਂ ਦੇ ਕੀਤੇ ਕੰਮਾਂ ਦੇ ਆਧਾਰ ’ਤੇ ਸਰਪੰਚ ਬਣਾਇਆ। ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਅੰਦਰ ਲੋਕ ਭਲਾਈ ਦੇ ਕੰਮ ਕਰਨ ਦੀ ਲਾਲਸਾ ਪੈਦਾ ਹੋਈ। 2024 ਵਿਚ ਸਰਪੰਚੀ ਦੀਆਂ ਹੋਈਆਂ ਚੋਣਾਂ ਦੌਰਾਨ 15 ਦਿਨ ਪਹਿਲਾਂ ਫੈਸਲਾ ਲਿਆ ਸੀ ਕਿ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਨਾ ਲੜ ਕੇ ਸਗੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਜਾਵੇ। ਇਨ੍ਹਾਂ ਚੋਣਾਂ ਵਿਚ ਲੋਕਾਂ ਨੇ ਉਨ੍ਹਾਂ ਨੂੰ ਅਜਾਦ ਸਰਪੰਚ ਬਣਾਇਆ। ਉਨ੍ਹਾਂ ਦੱਸਿਆ ਕਿ ਪਿੰਡ ਧਿਆਨ ਪੁਰ ਵਿਚ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਗਰਾਊਂਡ ਬਣਾਉਂਣ ਦਾ ਯਤਨ ਨਹੀਂ ਕੀਤਾ, ਜਿਸ ਨੂੰ ਬਣਵਾਉਂਣ ਉਨ੍ਹਾਂ ਦਾ ਨਿੱਜੀ ਸੁਪਣਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਸਭ ਤੋਂ ਪਹਿਲਾਂ ਪਿੰਡ ਵਿਚ ਗਰਾਉਂਡ ਬਣਾਈ ਜਾਵੇ ਤਾਂ ਜੋ ਲੜਕੇ ਅਤੇ ਲੜਕੀਆਂ ਖੇਡਾਂ ਰਾਹੀਂ ਪਿੰਡ ਅਤੇ ਮਾਪਿਆ ਦਾ ਨਾਮ ਰੋਸ਼ਨ ਕਰ ਸਕਣ। ਇਸ ਲਈ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਗਰਾਊਂਡ ਬਣਾਉਂਣ ਦੀ ਮੰਗ ਰੱਖੀ ਗਈ ਤੇ ਉਹਨਾਂ ਨੇ ਵੀ ਇਸ ਲਈ ਪੂਰਾ ਸਮਰਥਨ ਦਿੱਤਾ ਤਾਂ ਜੋ ਇਲਾਕੇ ਦੇ ਨੌਜਵਾਨਾਂ ਲਈ ਗਰਾਉਂਡ ਬਣਾਈ ਜਾ ਸਕੇ। ਇਸ ਗਰਾਊਂਡ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਜਲਦ ਹੀ ਮੁਕੰਮਲ ਹੋਣ ‘ਤੇ ਪਿੰਡ ਵਾਸੀਆਂ ਨੂੰ ਗਰਾਊਂਡ ਸਮਰਪਿਤ ਕੀਤੀ ਜਾਵੇਗੀ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਕੌਂਸਲਿੰਗ ਕਰ ਕੇ ਨਸ਼ਿਆਂ ਨੂੰ ਛੱਡਣ ਲਈ ਸਮਝਾਇਆ ਗਿਆ ਹੈ, ਜੋ ਨੌਜਵਾਨ ਨਸ਼ਾ ਛੱਡਣ ਲਈ ਤਿਆਰ ਹੋਏ ਸਨ, ਉਨ੍ਹਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਭਰਤੀ ਕਰਵਾਇਆ ਗਿਆ, ਜੋ ਪਰਿਵਾਰ ਨਸ਼ਾ ਛੁਡਾਊ ਕੇਂਦਰਾਂ ਦੀਆਂ ਫੀਸਾਂ ਭਰਨ ਤੋਂ ਅਸਮਰੱਥ ਸਨ, ਉਹਨਾਂ ਨੂੰ ਪੰਚਾਇਤ ਦੇ ਖਰਚੇ ‘ਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਭੇਜਣ ਲਈ ਰਣਨੀਤੀ ਵੀ ਤਿਆਰ ਕੀਤੀ ਗਈ ਹੈ। ਪਿੰਡ ਵਿਚ ਆਪਸੀ ਭਾਈਚਾਰਕ ਸਾਂਝ ਬਣਾਉਂਣ, ਸਾਫ ਸਫਾਈ ਰੱਖਣ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਰਾਜਨੀਤਿਕ ਆਗੂਆਂ ਨੂੰ ਕਿਹਾ ਕਿ ਜਿਹੜੇ ਲੋਕ ਇਸ ਉਮੀਦ ਨਾਲ ਸਾਨੂੰ ਜਿੰਮੇਵਾਰੀ ਸੌਂਪਦੇ ਹਨ, ਉਹਨਾਂ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਲਵਪ੍ਰੀਤ ਸਿੰਘ, ਤਜਿੰਦਰ ਸਿੰਘ, ਸਿਮਰਨਜੀਤ ਸਿੰਘ, ਰਾਜਾ ਭੈਣੀ ਬਦੇਸ਼ਾ ਆਦਿ ਮੌਜੂਦ ਸਨ।