ਰੱਖੜ ਪੁੰਨਿਆ ਮੇਲੇ ’ਚ ਅਕਾਲੀ ਦਲ ਨੇ ‘ਵਾਰਿਸ ਪੰਜਾਬ ਦੇ’ ਤੇ ‘ਆਪ’ ਨੂੰ ਘੇਰਿਆ ਰੱਖੜ ਪੁੰਨਿਆ ਮੇਲੇ ‘ਚ ਅਕਾਲੀ ਦਲ ਨੇ ‘ਵਾਰਿਸ ਪੰਜਾਬ ਦੇ’ ਤੇ ‘ਆਪ’ ਨੂੰ ਘੇਰਿਆ
Publish Date: Fri, 28 Aug 2026 07:32 PM (IST)
Updated Date: Sat, 29 Aug 2026 04:04 AM (IST)
ਫੋਟੋ: 45 ਕੈਪਸ਼ਨ : ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ, ਜੋਧ ਸਿੰਘ ਸਮਰਾ ਤੇ ਹੋਰ। * ਜ਼ਬਰ ਜਨਾਹ ਦੇ ਦੋਸ਼ੀ ਨੂੰ ਬਚਾਉਂਣ ਵਾਸਤੇ 5 ਕਰੋੜ ਰੁਪਏ ਕਿਸਨੇ ਲਏ : ਸੁਖਬੀਰ ਬਾਦਲ * ਆਸਟ੍ਰੇਲੀਆ ’ਚ 2500 ਏਕੜ ਜ਼ਮੀਨ ਵਾਸਤੇ ਪੈਸਾ ਕਿਥੋਂ ਆਇਆ? ਗੌਰਵ ਜੋਸ਼ੀ, ਪੰਜਾਬੀ ਜਾਗਰਣ ਬਾਬਾ ਬਕਾਲਾ ਸਾਹਿਬ : ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਕਾਨਫਰੰਸ ਮੌਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਪੰਥ ਵਿਰੋਧੀ ਏਜੰਸੀਆਂ ਦੀਆਂ ਕਠਪੁਤਲੀਆਂ ਨੂੰ ਮਾਤ ਦੇਣ, ਜੋ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਸੂਬੇ ਨੂੰ ਮੁੜ 1980 ਦੇ ਦੌਰ ’ਚ ਲਿਜਾਣ ਵਾਸਤੇ ਸਰਗਰਮ ਹਨ। ਰੱਖੜ ਪੁੰਨਿਆ ਦੀ ਰੈਲੀ ਨੂੰ ਸੰਬੋਧਨ ਕਰਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੋਕ ਸਾਡੇ ਧਰਮ ਦਾ ਕੋਈ ਸਤਿਕਾਰ ਨਹੀਂ ਕਰਦੇ। ਇਸੇ ਤਰੀਕੇ ਇਹ ਸਾਡੀ ਧਾਰਮਿਕ ਪਛਾਣ ਦੀ ਵਰਤੋਂ ਸਾਡੇ ਗੁਰੂ ਘਰਾਂ ’ਚ ਸਾਡੇ ’ਤੇ ਹਮਲੇ ਕਰਨ ਵਾਸਤੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਤਾ ’ਚ ਆਏ ਤਾਂ ਇਹ ਸਾਡੇ ਘਰਾਂ ’ਤੇ ਹਮਲੇ ਕਰਨਗੇ। ਇਹ ਚਾਹੁੰਦੇ ਹਨ ਕਿ 1980 ਵਾਲਾ ਦੌਰ ਪਰਤੇ ਜਦੋਂ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰਦੇ ਸਨ ਤੇ ਸਾਡੀਆਂ ਧੀਆਂ-ਭੈਣਾਂ ਦੀ ਪੱਤ ਰੋਲੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਤਾਕਤਾਂ ਖ਼ੁਦ ਨੂੰ ਵਾਰਿਸ ਪੰਜਾਬ ਦੇ ਕਹਾਉਂਦੀਆਂ ਹਨ, ਅਸਲ ’ਚ ਉਹ ਬਹਿਰੂਪੀਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਆਗੂ ਖੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਭੇਸ ਧਾਰਨ ਕਰ ਕੇ ਬੈਠਾ ਹੈ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਕੀਤੀ ਤੇ ਇਹ ਜਨਤਕ ਤੌਰ ’ਤੇ ਜੱਗ ਜ਼ਾਹਰ ਹੋਇਆ ਤਾਂ ਇਸ ਨੇ ਕੋਈ ਟਿੱਪਣੀ ਨਹੀਂ ਕੀਤੀ। ਕੀ ਇਹ ਦੱਸ ਸਕਦਾ ਹੈ ਕਿ ਅਜਿਹਾ ਕਿਉਂ ਕੀਤਾ? ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕ ਪਹਿਲਾਂ ਪੁਲਿਸ ਦੇ ਡਰੋਂ ਭੱਜ ਗਏ, ਉਨ੍ਹਾਂ ਪੁਲਿਸ ਥਾਣੇ ਅੱਗੇ ਰੋਸ ਵਿਖਾਵੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਕ ਢਾਲ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਸੀ। ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿੱਧਾ ਹਮਲਾ ਬੋਲਦਿਆਂ ਦੋਸ਼ ਲਗਾਉਂਦਿਆ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦੀ ਪਤਨੀ ’ਤੇ ਇਕ ਜਬਰ ਜਨਾਹ ਦੇ ਦੋਸ਼ੀ ਤੋਂ 5 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਮਾਨ ਪਰਿਵਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤਾਂ ਪਹਿਲਾਂ ਵੀ ਲੱਗਦੇ ਰਹੇ ਹਨ, ਦੋਸ਼ ਹੈ ਕਿ ਆਸਟ੍ਰੇਲੀਆ ’ਚ 2500 ਏਕੜ ਜ਼ਮੀਨ ਬਣਾਈ ਹੈ। ਬਾਦਲ ਨੇ ਕਿਹਾ ਕਿ ਇਨ੍ਹਾਂ ਭ੍ਰਿਸ਼ਟ ਕਾਰਵਾਈਆਂ ਲਈ ਜਵਾਬਦੇਹੀ ਲਈ ਜਾਵੇਗੀ। ਬਾਦਲ ਨੇ ਦੋਸ਼ ਲਾਇਆ ਕਿ ‘ਆਪ’ ਦੇ ਆਗੂ ਨਸ਼ਾ ਮਾਫੀਆ ਤੋਂ ਮਹੀਨੇ ਲੈ ਰਹੇ ਹਨ ਪਰ ਜਦੋਂ 2027 ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਇਹਨਾਂ ਤੋਂ ਜਵਾਬਦੇਹੀ ਲਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਬਚਾਉਂਣ ਲਈੇ ਅੱਗੇ ਆਉਣ, ਸਿਰਫ ਅਕਾਲੀ ਦਲ ਹੀ ਸ਼ਾਂਤੀ, ਤਰੱਕੀ ਤੇ ਤੇਜ਼ ਰਫਤਾਰ ਵਿਕਾਸ ਕਰਵਾ ਸਕਦਾ ਹੈ। ‘ਆਪ’ ਸਰਕਾਰ ਨੇ ਤਾਂ ਪਿਛਲੇ ਸਾਢੇ ਚਾਰ ਸਾਲਾਂ ’ਚ ਸੂਬੇ ਸਿਰ ਢਾਈ ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਕੇ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ ਤੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਸਮਾਜ ਦੇ ਹਰ ਵਰਗ ਵਾਸਤੇ ਯੋਜਨਾਬੰਦੀ ਕੀਤੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕੀਤੀ ਜਾਵੇਗੀ, ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ, ਆਟਾ ਦਾਲ ਸਕੀਮ ਤਹਿਤ 50 ਕਿਲੋ ਕਣਕ 4 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਵੇਗੀ, ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਵਿਆਜ਼ ਮੁਕਤ ਪ੍ਰਦਾਨ ਕੀਤਾ ਜਾਵੇਗਾ। ਪੰਜਾਬੀ ਹੁਣ ਸਿੱਧੇ ਹੋ ਕੇ ‘ਆਪ’ ਆਗੂਆਂ ਨੂੰ ਪੈ ਰਹੇ ਨੇ : ਮਜੀਠੀਆ ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਹੁਣ ਸਿੱਧੇ ਹੋ ਕੇ ਆਪ ਆਗੂਆਂ ਨੂੰ ਪੈ ਰਹੇ ਹਨ, ਜਿਸ ਕਾਰਨ ਆਪ ਸਰਕਾਰ ਬੌਖਲਾ ਗਈ ਹੈ ਤੇ ਇਸ ਦੇ ਵਿਧਾਇਕ ਭੱਜ ਨੱਠ ਕਰ ਕੇ ਖਹਿੜਾ ਛੁਡਾ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ’ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਦੀ ਨਿਖੇਧੀ ਕੀਤੀ। ਇਸ ਮੌਕੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ, ਜੋਧ ਸਿੰਘ ਸਮਰਾ, ਬਲਜੀਤ ਸਿੰਘ, ਲਖਬੀਰ ਸਿੰਘ ਲੋਧੀਨੰਗਲ, ਕੰਚਨਪ੍ਰੀਤ ਕੌਰ, ਰਾਜਾ ਲਾਦੇਹ ਆਦਿ ਮੌਜੂਦ ਸਨ।