2.9 ਕਿੱਲੋ ਹੈਰੋਇਨ, 8 ਪਿਸਤੌਲਾਂ ਤੇ ਛੇ ਕਾਰਤੂਸਾਂ ਸਣੇ ਛੇ ਗ੍ਰਿਫ਼ਤਾਰ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਛੇ ਵਿਅਕਤੀ 2.9 ਕਿਲੋ ਹੈਰੋਇਨ, 8 ਪਿਸਤੌਲਾਂ ਸਮੇਤ ਕਾਬੂ
Publish Date: Fri, 28 Aug 2026 06:44 PM (IST)
Updated Date: Sat, 29 Aug 2026 04:01 AM (IST)
* ਹਥਿਆਰ ਤੇ ਨਸ਼ਾ ਤਸਕਰੀ ਮਾਡਿਊਲਾਂ ਦਾ ਕੀਤਾ ਪਰਦਾਫਾਸ਼ * ਅਗਾਊਂ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ : ਡੀਜੀਪੀ ਫੋਟੋ: 24 ਕੈਪਸ਼ਨ : ਹੈਰੋਇਨ ਤੇ ਪਿਸਤੌਲਾਂ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਵੱਖ-ਵੱਖ ਆਪਰੇਸ਼ਨਾਂ ਦੌਰਾਨ ਛੇ ਵਿਅਕਤੀਆਂ ਨੂੰ 2.9 ਕਿੱਲੋਗ੍ਰਾਮ ਹੈਰੋਇਨ ਤੇ ਅੱਠ ਆਧੁਨਿਕ ਪਿਸਤੌਲਾਂ ਦੇ ਨਾਲ-ਨਾਲ ਛੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਕੇ ਹਥਿਆਰ ਤੇ ਨਸ਼ਾ ਤਸਕਰੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਇੰਦਰਪਾਲ ਸਿੰਘ ਤੇ ਸਿਕੰਦਰਜੀਤ ਸਿੰਘ ਦੋਵੇਂ ਵਾਸੀ ਪਿੰਡ ਭਿੰਡੀ ਔਲਖ, ਅੰਮ੍ਰਿਤਸਰ; ਹੈਪੀ ਸਿੰਘ ਉਰਫ਼ ਵੀਰਪਾਲ ਸਿੰਘ ਵਾਸੀ ਕੱਕੜ, ਅੰਮ੍ਰਿਤਸਰ; ਸੁਨੀਲ ਮਸੀਹ ਤੇ ਰਾਜਨ ਮਸੀਹ ਦੋਵੇਂ ਵਾਸੀ ਮਾਹਲ, ਗੁਰਦਾਸਪੁਰ ਤੇ ਪ੍ਰਦੀਪ ਸਿੰਘ ਵਾਸੀ ਨੂਰਪੁਰ, ਅੰਮ੍ਰਿਤਸਰ ਵਜੋਂ ਦੱਸੀ ਹੈ। ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਹੁੰਡਈ ਵੈਨਿਊ ਕਾਰ ਤੇ ਸਪਲੈਂਡਰ ਮੋਟਰਸਾਈਕਲ ਜਿਨ੍ਹਾਂ ਦੀ ਵਰਤੋਂ ਤਸਕਰੀ ਸਬੰਧੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ, ਨੂੰ ਵੀ ਜ਼ਬਤ ਕੀਤਾ ਹੈ। ਡੀਜੀਪੀ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਸਰਹੱਦ ਪਾਰੋਂ ਚੱਲ ਰਹੀ ਤਸਕਰੀ ’ਚ ਸ਼ਾਮਲ ਸਨ ਅਤੇ ਉਹ ਡ੍ਰੋਨ ਰਾਹੀਂ ਭੇਜੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਦੇ ਸਨ ਅਤੇ ਸੂਬੇ ’ਚ ਅਪਰਾਧਿਕ ਤੱਤਾਂ ਨੂੰ ਡਿਲੀਵਰ ਕਰਦੇ ਸਨ। ਪਹਿਲੇ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਸ਼ੱਕੀ ਸੁਨੀਲ ਤੇ ਰਾਜਨ ਨੇ ਗ਼ੈਰ-ਕਾਨੂੰਨੀ ਪਿਸਤੌਲਾਂ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ ਤੇ ਉਹ ਸੰਭਾਵੀ ਤੌਰ ’ਤੇ ਇਹ ਖੇਪ ਅੰਮ੍ਰਿਤਸਰ ਦੇ ਪਿੰਡ ਨੂਰਪੁਰ ਦੇ ਇਲਾਕੇ ’ਚ ਆਪਣੇ ਸਾਥੀ ਪ੍ਰਦੀਪ ਸਿੰਘ ਨੂੰ ਡਲੀਵਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਜਾਣਕਾਰੀ ਦੇ ਅਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਤਿੰਨਾਂ ਨੂੰ ਸੱਤ ਪਿਸਤੌਲਾਂ ਸਮੇਤ ਕਾਬੂ ਕਰ ਲਿਆ। ਦੂਜੇ ਆਪ੍ਰੇਸ਼ਨ ਬਾਰੇ ਏਆਈਜੀ ਨੇ ਦੱਸਿਆ ਕਿ ਐੱਸਐੱਸਓਸੀ ਅੰਮ੍ਰਿਤਸਰ ਦੀਆਂ ਟੀਮਾਂ ਨੇ ਇੰਦਰਪਾਲ, ਸਿਕੰਦਰਜੀਤ ਤੇ ਹੈਪੀ ਸਿੰਘ ਨੂੰ 2.9 ਕਿੱਲੋਗ੍ਰਾਮ ਹੈਰੋਇਨ ਤੇ ਇਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ। ਏਆਈਜੀ ਸੁਖਮਿੰਦਰ ਮਾਨ ਨੇ ਦੱਸਿਆ ਕਿ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।