ਖਾਣ ਦੇ ਪਦਾਰਥਾਂ ਦੀ ਮਿਲਾਵਟਖੋਰੀ ਨੂੰ ਰੋਕਣ ਲਈ 5 ਐੱਫਐੱਸਓ ਅਤੇ ਇੱਕ ਡੀਐੱਚਓ ਨਿਯੁਕਤ ਖਾਣ ਦੇ ਪਦਾਰਥਾਂ ਦੀ ਮਿਲਾਵਟਖੋਰੀ ਨੂੰ ਰੋਕਣ ਲਈ ਪੰਜ ਐਫਐਸਓ ਅਤੇ ਇੱਕ ਡੀਐਚਓ ਕੀਤੇ ਨਿਯੁਕਤ
Publish Date: Sun, 23 Aug 2026 07:33 PM (IST)
Updated Date: Mon, 24 Aug 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰੱਖੜੀ ਦੇ ਨਾਲ ਹੋਰਨਾਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਜਿਵੇਂ ਕਿ ਤਿਉਹਾਰਾਂ ਦੌਰਾਨ ਮਠਿਆਈਆਂ, ਖੋਇਆ, ਪਨੀਰ, ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਮੰਗ ਵਧਦੀ ਹੈ, ਮਿਲਾਵਟਖੋਰ ਵੀ ਸਰਗਰਮ ਹੋ ਜਾਂਦੇ ਹਨ। ਅੰਮ੍ਰਿਤਸਰ ਵਿੱਚ ਫੂਡ ਸੇਫਟੀ ਵਿਭਾਗ ਨੇ ਲੋਕਾਂ ਨੂੰ ਮਿਲਾਵਟੀ ਭੋਜਨ ਤੋਂ ਬਚਾਉਂਣ ਲਈ ਤਿਆਰੀ ਕਰ ਲਈ ਹੈ। ਜ਼ਿਲ੍ਹੇ ਵਿਚ ਫੂਡ ਸੇਫਟੀ ਵਿਭਾਗ ਦੇ ਅੰਦਰ ਸਾਰੇ ਅਹੁਦਿਆਂ ਤੇ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੇ ਨਾਲ ਵਿਭਾਗ ਦੀਆਂ ਟੀਮਾਂ ਹੁਣ ਲਗਾਤਾਰ ਖਾਣ-ਪੀਣ ਦੀਆਂ ਚੀਜ਼ਾਂ ਦੇ ਨਮੂਨੇ ਲੈ ਰਹੀਆਂ ਹਨ ਅਤੇ ਜਾਂਚ ਕਰ ਰਹੀਆਂ ਹਨ। ਵਿਭਾਗ ਹਰ ਦੋ ਦਿਨਾਂ ਵਿਚ ਇਕ ਵਾਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਛਾਪੇਮਾਰੀ ਕਰ ਰਿਹਾ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੋਲ ਨੇ ਦੱਸਿਆ ਕਿ ਅਗਸਤ ਵਿਚ ਹੁਣ ਤੱਕ ਲਗਭਗ 40 ਭੋਜਨ ਨਮੂਨੇ ਇਕੱਠੇ ਕੀਤੇ ਗਏ ਹਨ, ਜਦ ਕਿ ਜੁਲਾਈ ਵਿਚ ਇਹ ਗਿਣਤੀ 80 ਸੀ। ਇਹ ਨਮੂਨੇ ਜਾਂਚ ਲਈ ਲੈਬ ਵਿਚ ਭੇਜੇ ਗਏ ਹਨ। ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਇਨ੍ਹਾਂ ਵਿੱਚੋਂ ਕਿੰਨੇ ਨਮੂਨੇ ਮਿਆਰਾਂ ਤੇ ਖਰੇ ਉਤਰਦੇ ਹਨ ਅਤੇ ਕਿੰਨੇ ਘਟੀਆ ਜਾਂ ਅਸੁਰੱਖਿਅਤ ਪਾਏ ਗਏ ਹਨ। ਹਾਲਾਂਕਿ ਰਿਪੋਰਟਾਂ ਵਿਚ ਇੱਕ ਤੋਂ ਦੋ ਮਹੀਨੇ ਲੱਗਦੇ ਹਨ। ਫੂਡ ਸੇਫਟੀ ਵਿਭਾਗ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜ ਫੂਡ ਸੇਫਟੀ ਅਫਸਰਾਂ ਅਤੇ ਇਕ ਜ਼ਿਲ੍ਹਾ ਸਿਹਤ ਅਫਸਰ ਦੀ ਤਾਇਨਾਤੀ ਨਾਲ ਆਪਣੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਅਧਿਕਾਰੀਆਂ ਦੀਆਂ ਟੀਮਾਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਖਾਣ-ਪੀਣ ਦੀਆਂ ਵਸਤਾਂ, ਖਾਸ ਕਰਕੇ ਮਿਠਾਈਆਂ ਦੀਆਂ ਦੁਕਾਨਾਂ, ਖੋਆ ਅਤੇ ਪਨੀਰ ਵਿਕਰੇਤਾਵਾਂ ਦੀ ਜਾਂਚ ਕਰ ਰਹੀਆਂ ਹਨ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੋਲ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਭੋਜਨ ਦੀ ਖਪਤ ਵਿਚ ਕਾਫ਼ੀ ਵਾਧਾ ਹੁੰਦਾ ਹੈ, ਜਿਸ ਕਾਰਨ ਗੁਣਵੱਤਾ ਦੀ ਜਾਂਚ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਮਿਲਾਵਟੀ ਜਾਂ ਘਟੀਆ ਖਾਣ-ਪੀਣ ਦੀਆਂ ਵਸਤਾਂ ਵੇਚੀਆਂ ਜਾਣ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਬਾਕਸ: ਕੁਝ ਦੁੱਧ ਦੇ ਨਮੂਨੇ ਘਟੀਆ ਪਾਏ ਗਏ ਵਿਭਾਗ ਦੁਆਰਾ ਇਕੱਠੇ ਕੀਤੇ ਗਏ ਕੁਝ ਨਮੂਨੇ ਘਟੀਆ ਪਾਏ ਗਏ ਹਨ। ਡਾ. ਰਟੋਲ ਦੇ ਅਨੁਸਾਰ ਕੁਝ ਦੁੱਧ ਦੇ ਨਮੂਨਿਆਂ ਵਿਚ ਫੈਟ ਦੀ ਮਾਤਰਾ ਨਿਰਧਾਰਤ ਮਿਆਰ ਤੋਂ ਘੱਟ ਪਾਈ ਗਈ। ਅਜਿਹੇ ਮਾਮਲਿਆਂ ਵਿੱਚ ਸਬੰਧਤ ਵਿਕਰੇਤਾਵਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਘਟੀਆ ਖਾਣ-ਪੀਣ ਦੀਆਂ ਚੀਜ਼ਾਂ ਦੇ ਮਾਮਲਿਆਂ ਵਿਚ ਏਡੀਸੀ ਨਿਯਮਾਂ ਅਨੁਸਾਰ ਜੁਰਮਾਨੇ ਲਗਾਏਗਾ। ਬਾਕਸ: ਜਾਂਚ ਮੁਹਿੰਮ ਤਹਿਤ ਲਏ ਜਾ ਰਹੇ ਨਮੂਨੇ ਖੁਰਾਕ ਸੁਰੱਖਿਆ ਵਿਭਾਗ ਸ਼ਿਕਾਇਤਾਂ ਮਿਲਣ ਤੇ ਨਾ ਸਿਰਫ਼ ਨਮੂਨੇ ਇਕੱਠੇ ਕਰਦਾ ਹੈ, ਸਗੋਂ ਆਮ ਚੈਕਿੰਗ ਸਮੇਂ ਵੀ ਨਮੂਨੇ ਲੈਂਦਾ ਹੈ। ਵਿਭਾਗ ਨਿਗਰਾਨੀ ਸਮੇਂ ਵਿਭਾਗ ਸਮੇਂ-ਸਮੇਂ ਤੇ ਕਈ ਤਰਾਂ ਦੇ ਭੋਜਨ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਨਮੂਨੇ ਇਕੱਠੇ ਕਰਦਾ ਹੈ। ਉਦਾਹਰਣ ਵਜੋਂ ਸਰ੍ਹੋਂ ਦੇ ਤੇਲ ਦੇ ਨਮੂਨੇ ਹਾਲ ਹੀ ਵਿਚ ਇਕੱਠੇ ਕੀਤੇ ਗਏ ਸਨ ਅਤੇ ਜਾਂਚ ਲਈ ਭੇਜੇ ਗਏ ਸਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੇ ਨਮੂਨੇ ਵੀ ਹਰ ਮਹੀਨੇ ਲਏ ਜਾਂਦੇ ਹਨ। ਡਾ. ਰਟੋਲ ਦੇ ਅਨੁਸਾਰ ਹਰ ਮਹੀਨੇ 15 ਮਿਡ-ਡੇ ਮੀਲ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਬਾਕਸ: ਜਾਗਰੂਕਤਾ ਲਈ ਪਿੰਡਾਂ ਵਿਚ ਵੈਨਾਂ ਭੇਜੀਆਂ ਜਾ ਰਹੀਆਂ ਹਨ ਖੁਰਾਕ ਸੁਰੱਖਿਆ ਵਿਭਾਗ ਭੋਜਨ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਿੰਡਾਂ ਵਿੱਚ ਜਾਗਰੂਕਤਾ ਵੈਨਾਂ ਵੀ ਭੇਜ ਰਿਹਾ ਹੈ। ਵੈਨਾਂ ਲੋਕਾਂ ਨੂੰ ਸਫਾਈ, ਭੋਜਨ ਦੀ ਗੁਣਵੱਤਾ ਅਤੇ ਸੁਰੱਖਿਅਤ ਖਾਣ-ਪੀਣ ਬਾਰੇ ਜਾਗਰੂਕ ਕਰਦੀਆਂ ਹਨ। ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਾਵਟ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨਾ ਹੈ। ਬਾਕਸ: ਮਠਿਆਈ, ਖੋਆ ਅਤੇ ਪਨੀਰ ਦੀਆਂ ਦੁਕਾਨਾਂ ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਡਾ. ਰਟੋਲ ਨੇ ਕਿਹਾ ਕਿ ਵਿਭਾਗ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਤਰਜੀਹਾਂ ਨਿਰਧਾਰਤ ਕੀਤੀਆਂ ਹਨ। ਮਿਠਾਈ ਦੀਆਂ ਦੁਕਾਨਾਂ ਦੇ ਨਾਲ-ਨਾਲ ਖੋਆ ਅਤੇ ਪਨੀਰ ਵੇਚਣ ਵਾਲਿਆਂ ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ਤਿਉਹਾਰਾਂ ਦੌਰਾਨ ਦੁੱਧ ਉਤਪਾਦਾਂ ਦੀ ਮੰਗ ਵਧ ਜਾਂਦੀ ਹੈ, ਇਸ ਲਈ ਗੁਣਵੱਤਾ ਜਾਂਚ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਵਿਭਾਗ ਦੀਆਂ ਟੀਮਾਂ ਆਉਂਣ ਵਾਲੇ ਦਿਨਾਂ ਵਿਚ ਆਪਣੇ ਛਾਪੇ ਅਤੇ ਨਮੂਨੇ ਲੈਣ ਦੀਆਂ ਮੁਹਿੰਮਾਂ ਜਾਰੀ ਰੱਖਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨੂੰ ਖਤਰੇ ਵਿੱਚ ਪਾਉਣ ਵਾਲੇ ਕਿਸੇ ਵੀ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।