ਵਾਰਡ ਨੰਬਰ 76 ਕੋਟ ਖਾਲਸਾ ‘ਚ ਲੋਕ ਤੇ ਦੁਕਾਨਦਾਰ ਕੂੜੇ ਤੋਂ ਪਰੇਸ਼ਾਨ ਵਾਰਡ ਨੰਬਰ 76 ਕੋਟ ਖਾਲਸਾ ‘ਚ ਲੋਕ ਅਤੇ ਦੁਕਾਨਦਾਰ ਕੂੜੇ ਤੋਂ ਪ੍ਰੇਸ਼ਾਨ
Publish Date: Sun, 23 Aug 2026 05:35 PM (IST)
Updated Date: Mon, 24 Aug 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਾਰਡ ਨੰਬਰ 76 ਕੋਟ ਖਾਲਸਾ ਵਿਚ ਲੋਕ ਅਤੇ ਦੁਕਾਨਦਾਰ ਮੁੱਖ ਬਾਜ਼ਾਰ ਦੇ ਵਿਚਕਾਰ ਖਾਲੀ ਪਲਾਟ ਵਿਚ ਕੂੜਾ ਸੁੱਟ ਰਹੇ ਹਨ, ਜਿਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਸਕੂਲੀ ਬੱਚਿਆਂ ਲਈ ਕਾਫੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਸਥਾਨਕ ਸਮਾਜ ਸੇਵਕ ਸਰਬਜੀਤ ਸਿੰਘ ਹੇਰੀ ਨੇ ਦੱਸਿਆ ਕਿ ਮਾਰਕੀਟ ਦੇ ਵਿਚਕਾਰ ਖਾਲੀ ਪਲਾਟ ਵਿਚ ਸੁੱਟੀ ਜਾ ਰਹੀ ਗੰਦਗੀ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਕਾਫ਼ੀ ਅਸੁਵਿਧਾ ਦਾ ਕਾਰਨ ਬਣ ਰਹੀ ਹੈ। ਸਵੇਰੇ ਗੁਰਦੁਆਰੇ ਅਤੇ ਮੰਦਰ ਜਾਣ ਵਾਲਿਆਂ ਨੂੰ ਕੂੜੇ ਦੀ ਬਦਬੂ ਕਾਰਨ ਆਪਣੇ ਮੂੰਹ ਢੱਕਣੇ ਪੈਂਦੇ ਹਨ। ਗੰਦਗੀ ਅਤੇ ਕੂੜੇ ਦੇ ਢੇਰ ਇਲਾਕੇ ਵਿਚ ਬਦਬੂ ਪੈਦਾ ਕਰ ਰਹੇ ਹਨ, ਜਿਸ ਨਾਲ ਬਿਮਾਰੀ ਦਾ ਡਰ ਵਧ ਰਿਹਾ ਹੈ। ਜੇਕਰ ਇਲਾਕੇ ਵਿਚ ਕੂੜਾ ਚੁੱਕਣ ਦਾ ਕੰਮ ਇਸੇ ਤਰ੍ਹਾਂ ਰੁਕਦਾ ਰਿਹਾ ਤਾਂ ਨੇੜਲੇ ਭਵਿੱਖ ਵਿਚ ਵਸਨੀਕਾਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਂਣ ਦਾ ਦਾਅਦਾ ਕਰਦੀ ਹੈ, ਪਰ ਹਕੀਕਤ ਬਿਲਕੁਲ ਉਲਟ ਹੈ। ਸ਼ਹਿਰ ਦਾ ਹਰ ਵਾਰਡ ਸਮਾਰਟ ਸਿਟੀ ਨਹੀਂ, ਸਗੋਂ ਗੰਦਗੀ ਦਾ ਢੇਰ ਜਾਪਦਾ ਹੈ। ਬਾਕਸ: ਵੱਖ-ਵੱਖ ਥਾਵਾਂ ਤੇ ਕੂੜੇਦਾਨ ਲਾਉਂਣੇ ਚਾਹੀਦੇ ਹਨ : ਡਾ. ਗੋਲਡੀ ਸਥਾਨਕ ਨਿਵਾਸੀ ਡਾ. ਸੁਖਬੀਰ ਸਿੰਘ ਗੋਲਡੀ ਨੇ ਕਿਹਾ ਕਿ ਨਗਰ ਨਿਗਮ ਦੇ ਕੂੜਾ ਇਕੱਠਾ ਕਰਨ ਵਾਲੇ ਵਾਹਨ ਕਈ ਇਲਾਕਿਆਂ ਵਿਚ ਕੂੜਾ ਇਕੱਠਾ ਕਰਨ ਲਈ ਸਮੇਂ ਸਿਰ ਨਹੀਂ ਪਹੁੰਚ ਰਹੇ ਹਨ। ਨਤੀਜੇ ਵਜੋਂ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਕੂੜਾ ਸੜਕ ਤੇ ਸੁੱਟਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਸੜਕ ਤੇ ਵੱਖ-ਵੱਖ ਥਾਵਾਂ ਤੇ ਕੂੜੇਦਾਨ ਲਗਾਉਂਣੇ ਚਾਹੀਦੇ ਹਨ ਤਾਂ ਜੋ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ ਉਹਨਾਂ ਵਿਚ ਸੁੱਟ ਸਕਣ। ਬਾਕਸ: ਰੋਜ਼ਾਨਾ ਹੋ ਰਿਹਾ ਕੂੜਾ ਇਕੱਠਾ : ਸੈਨੇਟਰੀ ਇੰਸਪੈਕਟਰ ਕਾਰਪੋਰੇਸ਼ਨ ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਕਿਹਾ ਕਿ ਕੂੜਾ ਇਕੱਠਾ ਕਰਨ ਵਾਲੇ ਵਾਹਨ ਰੋਜ਼ਾਨਾ ਕੂੜਾ ਇਕੱਠਾ ਕਰ ਰਹੇ ਹਨ, ਪਰ ਲੋਕ ਅਜੇ ਵੀ ਆਪਣੇ ਘਰਾਂ ਦਾ ਕੂੜਾ ਸੜਕ ਤੇ ਸੁੱਟਣਾ ਜਾਰੀ ਰੱਖ ਰਹੇ ਹਨ। ਨਿਗਮ ਸਾਰੇ ਵਾਰਡਾਂ ਵਿਚ ਰੋਜ਼ਾਨਾ ਕੂੜਾ ਇਕੱਠਾ ਕਰ ਰਿਹਾ ਹੈ। ਕੂੜਾ ਇਕੱਠਾ ਕਰਨ ਵਾਲੀ ਥਾਂ ਤੇ ਅਕਸਰ ਅਗਲੇ ਦਿਨ ਉਸੇ ਮਾਤਰਾ ਵਿਚ ਕੂੜਾ ਪਾਇਆ ਜਾਂਦਾ ਹੈ। ਫਿਰ ਇਹ ਸਮੇਂ ਸਿਰ ਇਕੱਠਾ ਕੀਤਾ ਜਾਂਦਾ ਹੈ।