ਪੁਲਿਸ ਨੇ ਬੰਦ ਦੌਰਾਨ ਸੱਤ ਫੈੱਡਰੇਸ਼ਨ ਆਗੂ ਹਿਰਾਸਤ ’ਚ ਲਏ
ਪੁਲਿਸ ਨੇ ਪੰਜਾਬ ਬੰਦ ਦੌਰਾਨ ਭਾਈ ਰਣਜੀਤ ਸਿੰਘ, ਭੁਪਿੰਦਰ ਸਿੰਘ ਸਮੇਤ ਸੱਤ ਹਿਰਾਸਤ ‘ਚ ਲਏ, ਬਾਅਦ ਦੁਪਹਿਰ ਕੀਤਾ ਰਿਹਾਅ
Publish Date: Fri, 21 Aug 2026 07:05 PM (IST)
Updated Date: Sat, 22 Aug 2026 04:03 AM (IST)
ਫੋਟੋ: 52 ਕੈਪਸ਼ਨ : ਭਾਈ ਰਣਜੀਤ ਸਿੰਘ ਤੇ ਹੋਰਨਾਂ ਨੂੰ ਹਿਰਾਸਤ ’ਚ ਲੈਂਦੇ ਹੋਏ ਪੁਲਿਸ ਮੁਲਾਜ਼ਮ। * ਦਸ ਮਿੰਟ ਦੀ ਗਹਿਮਾ-ਗਹਿਮੀ ਮਗਰੋਂ ਪੁਲਿਸ ਨੇ ਕੀਤੀ ਕਾਰਵਾਈ * ਬਾਅਦ ਦੁਪਹਿਰ ਬੰਦ ਦਾ ਸਮਾਂ ਖ਼ਤਮ ਹੋਣ ’ਤੇ ਕੀਤਾ ਰਿਹਾਅ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਜਲੰਧਰ-ਦਿੱਲੀ ਹਾਈਵੇ ਨੂੰ ਜਾਮ ਕਰਨ ਪੁੱਜੇ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਸਣੇ 7 ਫੈੱਡਰੇਸ਼ਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਫੈੱਡਰੇਸ਼ਨ ਆਗੂਆਂ ਦੀ ਪੁਲਿਸ ਨਾਲ ਗਹਿਮੋ-ਗਹਿਮੀ, ਧੱਕਾ-ਮੁੱਕੀ ਤੇ ਤਕਰਾਰ ਵੀ ਹੋਇਆ। ਦੋਵੇਂ ਪਾਸਿਓਂ ਬੰਦ ਕੀਤੀ ਆਵਾਜਾਈ ਨੂੰ ਖੁੱਲ੍ਹਵਾਉਣ ਲਈ ਪੁਲਿਸ ਨੇ ਪਹਿਲਾਂ ਗੱਲਬਾਤ ਕੀਤੀ, ਦਸ ਮਿੰਟ ਗਹਿਮਾ-ਗਹਿਮੀ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਭਾਈ ਰਣਜੀਤ ਸਿੰਘ, ਭਾਈ ਭੁਪਿੰਦਰ ਸਿੰਘ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ ਮੰਨਾ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਨੂੰ ਹਿਰਾਸਤ ’ਚ ਲੈ ਲਿਆ ਤੇ ਆਵਾਜਾਈ ਸ਼ੁਰੂ ਕਰਵਾਈ। ਜਿਸ ਉਪਰੰਤ ਬਾਅਦ ਦੁਪਹਿਰ ਬੰਦ ਦਾ ਸਮਾਂ ਖ਼ਤਮ ਹੋਣ ’ਤੇ ਉਪਰੋਕਤਾਂ ਨੂੰ ਰਿਹਾਅ ਕਰ ਦਿੱਤਾ ਗਿਆ।