- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਪੰਜ ਵਿਅਕਤੀ 21 ਕਿਲੋ ਹੈਰੋਇਨ, 970 ਗ੍ਰਾਮ ਆਈਸੀਈ ਅਤੇ ਇੱਕ ਪਿਸਤੌਲ ਸਮੇਤ ਕਾਬੂ

* ਮੁਲਜ਼ਮ ਸੁਖਪ੍ਰੀਤ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਨੇ
ਫੋਟੋ: 45
ਕੈਪਸ਼ਨ : ਫੜੀ ਹੈਰੋਇਨ, ਆਈਸੀਈ ਅਤੇ ਪਿਸਤੌਲ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ 21.299 ਕਿੱਲੋ ਹੈਰੋਇਨ, 970 ਗ੍ਰਾਮ ਆਈਸੀਈ (ਮੈਥਾਮਫੇਟਾਮਾਈਨ), .30 ਬੋਰ ਗ਼ੈਰ-ਕਾਨੂੰਨੀ ਪਿਸਤੌਲ ਤੇ ਚਾਰ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗਗਨ ਉਰਫ਼ ਡਿਸ਼ਕਾ (23) ਤੇ ਜਸਪਿੰਦਰ ਸਿੰਘ (25) ਦੋਵੇਂ ਵਾਸੀ ਪਿੰਡ ਨਿਕੋਸਰਨ, ਗੁਰਦਾਸਪੁਰ; ਸੁਖਪ੍ਰੀਤ ਸਿੰਘ ਉਰਫ਼ ਸੁੱਖ (30) ਵਾਸੀ ਅੱਡਾ ਜੈਂਤੀਪੁਰ, ਅੰਮ੍ਰਿਤਸਰ ਦਿਹਾਤੀ; ਅਭਿਸ਼ੇਕ ਸਭਰਵਾਲ ਉਰਫ਼ ਅਭੀ (25) ਵਾਸੀ ਸ਼ਰਮਾ ਕਾਲੋਨੀ, ਅੰਮ੍ਰਿਤਸਰ ਤੇ ਮਨਪ੍ਰੀਤ ਸਿੰਘ ਉਰਫ਼ ਮੰਨੂ (26) ਵਾਸੀ ਪਿੰਡ ਚੰਨਣਕੇ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਵਿਦੇਸ਼ ਅਧਾਰਤ ਤਸਕਰ ਦੇ ਸਿੱਧੇ ਸੰਪਰਕ ’ਚ ਸੀ, ਜਿਸ ਨੇ ਅੰਤਰਰਾਸ਼ਟਰੀ ਸਰਹੱਦ ਪਾਰੋਂ ਹੈਰੋਇਨ ਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ’ਚ ਮਦਦ ਕੀਤੀ ਸੀ, ਜੋ ਅੱਗੇ ਸਪਲਾਈ ਕੀਤੇ ਜਾਣੇ ਸਨ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰਲੇ ਇਸ ਤਸਕਰੀ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਤੇ ਇਸ ਨੈੱਟਵਰਕ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ। ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਪੁਖਤਾ ਇਤਲਾਹ 'ਤੇ ਕਾਰਵਾਈ ਕਰਦਿਆਂ ਪਹਿਲਾਂ ਮੁਲਜ਼ਮ ਗਗਨ ਉਰਫ਼ ਡਿਸ਼ਕਾ ਤੇ ਜਸਪਿੰਦਰ ਸਿੰਘ ਨੂੰ ਇਕ ਪਿਸਤੌਲ ਤੇ ਚਾਰ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਬਿਆਨਾਂ ’ਤੇ ਪੁਲਿਸ ਨੂੰ 1.01 ਕਿੱਲੋ ਹੈਰੋਇਨ ਤੇ 970 ਗ੍ਰਾਮ ਆਈਸੀਈ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਆਪਣੇ ਸਾਥੀਆਂ ਦੀ ਸ਼ਮੂਲੀਅਤ ਬਾਰੇ ਖੁਲਾਸਾ ਕੀਤਾ ਤੇ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸੁਖਪ੍ਰੀਤ ਉਰਫ਼ ਸੁੱਖ, ਅਭਿਸ਼ੇਕ ਸਭਰਵਾਲ ਉਰਫ਼ ਅਭੀ ਤੇ ਮਨਪ੍ਰੀਤ ਉਰਫ਼ ਮੰਨੂ ਨੂੰ 20.2 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੁਖਪ੍ਰੀਤ ਉਰਫ਼ ਸੁੱਖ ਆਦਤਨ ਅਪਰਾਧੀ ਹੈ ਤੇ ਉਸ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਹਨ।