ਹੜ੍ਹਾਂ ਦੀ ਮਾਰ ਪੈਣ ਤੋਂ ਪਹਿਲਾਂ ਬੰਨ੍ਹ ਪੱਕੇ ਕਰੋ, ਡੀਜ਼ਲ ਮੈ ਦੇਵਾਂਗਾ : ਸੁਖਬੀਰ ਬਾਦਲ ਹੜ੍ਹਾਂ ਦੀ ਮਾਰ ਤੋਂ ਬਚਣ ਤੋਂ ਪਹਿਲਾਂ ਬੰਨ੍ਹ ਪੱਕੇ ਕਰੋ, ਡੀਜ਼ਲ ਮੈ ਦੇਵਾਂਗਾ-ਸੁਖਬੀਰ ਬਾਦਲ
Publish Date: Tue, 21 Jul 2026 07:49 PM (IST)
Updated Date: Wed, 22 Jul 2026 04:10 AM (IST)
ਫੋਟੋ: 38 ਕੈਪਸ਼ਨ : ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ ਤੇ ਹੋਰ। * ਹਲਕਾ ਇੰਚਾਰਜ ਸਮਰਾ ਸਮੇਤ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ * ਕਿਹਾ, ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੈ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਜਨਾਲਾ ਖੇਤਰ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਸਮੇਤ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦਰਮਿਆਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਪਹੁੰਚੇ ਸਨ ਤੇ ਜੋ ਰਾਵੀ ਦਰਿਆ ਦੇ ਪਿਛਲੇ ਸਾਲ ਟੁੱਟੇ ਬੰਨ੍ਹ ਕਾਰਨ ਅਜਨਾਲਾ ਖੇਤਰ ’ਚ ਹੜ੍ਹਾਂ ਦੀ ਮਾਰ ਨਾਲ ਭਾਰੀ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਵੀ ਮੌਸਮ ਦੀ ਮਾਰ ਹਲਕੇ ਨੂੰ ਨਾ ਝੱਲਣੀ ਪਵੇ, ਇਸ ਲਈ ਉਹ ਮੌਕੇ ਦਾ ਦੌਰਾ ਕਰਨ ਪਹੁੰਚੇ ਸਨ, ਪਰ ਬਰਸਾਤ ਜ਼ਿਆਦਾ ਹੋਣ ਕਾਰਨ ਮੌਕੇ ’ਤੇ ਨਹੀਂ ਜਾ ਸਕੇ। ਪਰ ਉਨ੍ਹਾਂ ਜੋਧ ਸਿੰਘ ਸਮਰਾ ਨੂੰ ਕਿਹਾ ਕਿ ਜਿਹੜੇ ਬੰਨ੍ਹ ਕੱਚੇ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਸਮਾਂ ਰਹਿੰਦੇ ਪੱਕਾ ਕਰ ਲੈਣਾ ਚਾਹੀਦਾ ਹੈ, ਤਾਂ ਜੋ ਹੜ੍ਹਾ ਦੀ ਮਾਰ ਤੋਂ ਬਚਿਆ ਜਾ ਸਕੇ। ਬਾਦਲ ਨੇ ਸਮਰਾ ਨੂੰ ਕਿਹਾ ਕਿ ਜਿਸ ਲਈ ਉਹ ਆਪਣੇ ਸਾਥੀਆਂ ਸਮੇਤ ਟ੍ਰੈਕਟਰਾਂ ਦਾ ਇੰਤਜ਼ਾਮ ਕਰਨ ਤੇ ਇਸ ’ਤੇ ਖਰਚ ਹੋਣ ਵਾਲੇ ਤੇਲ ਨੂੰ ਉਹ ਆਪ ਦੇਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਸਾਲ ਵੀ ਪੰਜਾਬ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਸੀ, ਬਦਕਿਸਮਤੀ ਨਾਲ ਇਸ ਸਾਲ ਵੀ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ, ਇਸ ਲਈ ਬੰਨ੍ਹ ਦੀ ਰੋਕਥਾਮ ਸਮੇਂ ਰਹਿੰਦਿਆਂ ਕਰ ਲੈਣੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ‘ਆਪਣਾ ਪੰਜਾਬ ਆਪਾਂ ਬਚਾਈਏ’ ਮੁਹਿੰਮ ਤਹਿਤ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੜ੍ਹ ਸੁਰੱਖਿਆ ਉਪਾਅ ਕਰਨ, ਜਿਸ ਤਹਿਤ ਉਨ੍ਹਾਂ ਹਲਕਿਆਂ ਦਾ ਦੌਰਾ ਕਰ ਕੇ ਕਮਜ਼ੋਰ ਥਾਵਾਂ ਦਾ ਨਿਰੀਖਣ ਕੀਤਾ। ਅਜਨਾਲਾ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਲ ਦੇ ਭਿਆਨਕ ਹੜ੍ਹਾਂ ਤੋਂ ਕੋਈ ਸਬਕ ਨਹੀਂ ਸਿੱਖਿਆ, ਜਿਸ ਨੇ ਕਈ ਲੱਖ ਏਕੜ ਜ਼ਮੀਨ ’ਚ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਸੀ। ਇੱਥੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਮੌਨਸੂਨ ਤੋਂ ਪਹਿਲਾਂ ਹੜ੍ਹ ਸੁਰੱਖਿਆ ਦਾ ਕੋਈ ਕੰਮ ਨਹੀਂ ਕੀਤਾ ਗਿਆ ਹੈ। ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਬਜਾਏ, ਕਈ ਥਾਵਾਂ ਤੇ ਕੀਤੀ ਜਾ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਉਹ ਕਮਜ਼ੋਰ ਹੋ ਗਏ ਹਨ। ਅਜਨਾਲਾ ਤੇ ਡੇਰਾ ਬਾਬਾ ਨਾਨਕ ਦੋਵਾਂ ਥਾਵਾਂ ਤੇ ਪਾਰਟੀ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਤੇ ਸੁੱਚਾ ਸਿੰਘ ਲੰਗਾਹ ਨੇ ਪਾਰਟੀ ਪ੍ਰਧਾਨ ਨੂੰ ਭਰੋਸਾ ਦਿੱਤਾ ਕਿ ਉਹ ਇਲਾਕੇ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰ ਕੇ ਲੋੜੀਂਦੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਹਰ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਤੇ ਦੇਸ਼ ਭਰ ’ਚ ਗੁਰਦੁਆਰਾ ਪ੍ਰਬੰਧ ਤੇ ਕਬਜ਼ਾ ਕਰਨ ਲਈ ਕੰਮ ਕਰ ਰਹੀਆਂ ਹਨ, ਏਜੰਸੀਆਂ ਵੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੰਮ ਕਰ ਰਹੀਆਂ ਹਨ। ਲੋਕਾਂ ਨੂੰ ਇਨ੍ਹਾਂ ਸਾਜ਼ਿਸ਼ਾਂ ਨੂੰ ਸਮਝਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਵੀ ਮੌਜੂਦ ਸਨ।