ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਨਾਂ ਸੌਂਪਿਾ ਮੰਗ ਪੱਤਰ
ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ
Publish Date: Fri, 13 Feb 2026 05:42 PM (IST)
Updated Date: Fri, 13 Feb 2026 05:45 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਉਲੀਕੇ ਸੰਘਰਸ਼ ਤਹਿਤ ਫਰੰਟ ਵਿੱਚ ਸ਼ਾਮਲ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਧਿਰਾਂ ਵੱਲੋਂ ਸੁਖਦੇਵ ਸਿੰਘ ਪੰਨੂ, ਜੁਗਿੰਦਰ ਸਿੰਘ, ਸੁਖਦੇਵ ਰਾਜ ਕਾਲੀਆ ਅਤੇ ਰਾਮ ਲੁਭਾਇਆ ਦੀ ਸਾਂਝੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਸਾਹਮਣੇ ਇਕੱਠੇ ਹੋ ਕੇ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾ ਸੂਬਾ ਕਮੇਟੀ ਵੱਲੋਂ ਤਿਆਰ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਚਾਰ ਸਾਲ ਬੀਤਣ ਬਾਅਦ ਵੀ ਪੈਨਸ਼ਨਰਾਂ ਦੀਆਂ ਪੈਂਡਿੰਗ ਜਾਇਜ਼ ਮੰਗਾਂ ਨੂੰ ਪੂਰਾ ਤਾਂ ਕੀ ਕਰਨਾ ਸੀ, ਸਗੋਂ ਮੰਗਾਂ ਸਬੰਧੀ ਵਿਚਾਰ ਚਰਚਾ ਕਰਨ ਲਈ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੌਕੇ ’ਤੇ ਮੀਟਿੰਗਾਂ ਰੱਦ ਕਰਨ ਲਈ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਰੋਸ ਰੈਲੀ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੁਖਦੇਵ ਸਿੰਘ ਪੰਨੂ, ਜੁਗਿੰਦਰ ਸਿੰਘ, ਸੁਖਦੇਵ ਰਾਜ ਕਾਲੀਆ, ਰਾਮ ਲੁਭਾਇਆ, ਚਰਨ ਸਿੰਘ ਸੰਧੂ, ਮਦਨ ਗੋਪਾਲ, ਸ਼ਤੀਸ਼ ਕੁਮਾਰ, ਜਤਿੰਦਰ ਕੁਮਾਰ ਤੇ ਲਖਣਪਾਲ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਹੁਣ ਵੀ ਮੀਟਿੰਗ ਦਾ ਸਮਾਂ ਦਾ ਦੇ ਕੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਬੁਲਾਰਿਆਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਮੰਗ ਪੱਤਰ ਦੇਣ ਉਪਰੰਤ ਵੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿਖੇ ਵੱਡੀ ਰੋਸ ਰੈਲੀ ਕਰਨ ਉਪਰੰਤ ਸੰਗਰੂਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਜਾਵੇਗਾ ਅਤੇ ਉਥੋਂ ਹੀ ਅਗਲੇ ਸੰਘਰਸ਼ ਦਾ ਪ੍ਰੋਗਰਾਮ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਰੋਸ ਰੈਲੀ ਅਤੇ ਮੰਗ ਪੱਤਰ ਦੇਣ ਵੇਲੇ ਚਰਨ ਸਿੰਘ, ਨਰਿੰਦਰ ਸ਼ਰਮਾ, ਅਸ਼ੋਕ ਕੁਮਾਰ, ਗੁਰਬੀਰ ਸਿੰਘ, ਰੇਸ਼ਮ ਸਿੰਘ, ਸਾਈਂ ਦਾਸ, ਰਮੇਸ਼ ਭਨੋਟ, ਕਰਤਾਰ ਸਿੰਘ, ਨਾਨਕ ਚੰਦ, ਬਲਵਿੰਦਰ ਸਿੰਘ, ਜੈ ਕਿਸ਼ਨ, ਜੁਗਿੰਦਰ ਪਾਲ, ਸੁਰਜੀਤ ਸਿੰਘ, ਸ਼ਿਵ ਕੁਮਾਰ ਆਦਿ ਹਾਜ਼ਰ ਸਨ।