ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਈਏਪੀਈਐੱਨ ਇੰਡੀਆ ਨਾਲ ਸਮਝੌਤਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਈਏਪੀਈਐਨ ਇੰਡੀਆ ਨਾਲ ਮਹੱਤਵਪੂਰਨ ਸਮਝੌਤਾ
Publish Date: Fri, 13 Feb 2026 04:44 PM (IST)
Updated Date: Fri, 13 Feb 2026 04:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਅਧੀਨ ਡਾਇਟੀਟਿਕਸ ਐਂਡ ਨਿਊਟ੍ਰਿਸ਼ਨ ਡਿਵੀਜ਼ਨ ਨੇ ਪੋਸ਼ਣ ਵਿਗਿਆਨ ਦੇ ਖੇਤਰ ਵਿਚ ਖੋਜ ਅਤੇ ਹੁਨਰ-ਆਧਾਰਿਤ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਇੰਡੀਅਨ ਐਸੋਸੀਏਸ਼ਨ ਫਾਰ ਪੈਰੈਂਟਰਲ ਐਂਡ ਐਂਟਰਲ ਨਿਊਟ੍ਰਿਸ਼ਨ ਇੰਡੀਆ ਨਾਲ ਇਕ ਮਹੱਤਵਪੂਰਨ ਸਮਝੌਤਾ ਕੀਤਾ ਹੈ। ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਇਸ ਸਮਝੌਤੇ ਨੂੰ ਯੂਨੀਵਰਸਿਟੀ ਲਈ ਇਕ ਇਤਿਹਾਸਕ ਤੇ ਦੂਰਦਰਸ਼ੀ ਪਹਿਲ ਕਰਾਰ ਦਿੰਦਿਆਂ ਕਿਹਾ ਕਿ ਅੱਜ ਦੀ ਸਿੱਖਿਆ ਉਹੀ ਹੈ, ਜੋ ਵਿਦਿਆਰਥੀਆਂ ਨੂੰ ਸਮਾਜ ਦੀਆਂ ਅਸਲ ਲੋੜਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਸਿਰਫ ਡਿਗਰੀ ਦੇਣਾ ਨਹੀਂ, ਸਗੋਂ ਅਜਿਹੇ ਨਿਪੁੰਨ ਤੇ ਜ਼ਿੰਮੇਵਾਰ ਨੌਜਵਾਨ ਤਿਆਰ ਕਰਨਾ ਹੈ ਜੋ ਦੇਸ਼ ਦੀ ਸਿਹਤ ਅਤੇ ਵਿਕਾਸ ਵਿਚ ਯੋਗਦਾਨ ਪਾ ਸਕਣ।
ਇਸ ਮੌਕੇ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਂਝਾਂ ਨਾਲ ਅਕਾਦਮਿਕ ਸਿੱਖਿਆ ਅਤੇ ਜ਼ਮੀਨੀ ਹਕੀਕਤਾਂ ਵਿਚਕਾਰ ਦੀ ਦੂਰੀ ਘਟੇਗੀ ਅਤੇ ਵਿਦਿਆਰਥੀਆਂ ਨੂੰ ਖੋਜ, ਨਵੀਂ ਸੋਚ ਅਤੇ ਰੁਜ਼ਗਾਰ ਦੇ ਵਧੀਆ ਮੌਕੇ ਮਿਲਣਗੇ। ਇਹ ਸਮਝੌਤਾ ਯੂਨੀਵਰਸਿਟੀ ਵੱਲੋਂ ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਰਜਿਸਟਰਾਰਵਜੋਂ ਅਤੇ ਆਈਏਪੀਈਐੱਨ ਇੰਡੀਆ ਦੇ ਪ੍ਰਧਾਨ ਵੱਲੋਂ ਹਸਤਾਖਰ ਕਰ ਕੇ ਕੀਤਾ ਗਿਆ। ਇਸ ਦਾ ਮਕਸਦ ਕੂਪੋਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਲਈ ਖੋਜ, ਤਕਨੀਕੀ ਗਿਆਨ ਅਤੇ ਪ੍ਰੈਕਟੀਕਲ ਟ੍ਰੇਨਿੰਗ ਨੂੰ ਇਕੱਠਾ ਲਿਆਉਣਾ ਹੈ। ਇਸ ਮੌਕੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਉਦਯੋਗ ਦੀ ਲੋੜ ਅਨੁਸਾਰ ਕੋਰਸਾਂ ਵਿੱਚ ਸੁਧਾਰ, ਵਿਦਿਆਰਥੀਆਂ ਨੂੰ ਇੰਡਸਟਰੀ ਐਕਸਪੋਜ਼ਰ ਅਤੇ ਹੱਥੋਂ-ਹੱਥ ਟ੍ਰੇਨਿੰਗ, ਸਾਂਝੇ ਰਿਸਰਚ ਪ੍ਰਾਜੈਕਟ ਅਤੇ ਵਿਕਾਸ ਕਾਰਜ, ਛੋਟੇ ਸਮੇਂ ਦੇ ਸਕਿੱਲ ਕੋਰਸ ਅਤੇ ਗੈਸਟ ਲੈਕਚਰ, ਫੈਕਲਟੀ ਟ੍ਰੇਨਿੰਗ, ਇੰਟਰਨਸ਼ਿਪ ਅਤੇ ਪਲੇਸਮੈਂਟ ਵਿੱਚ ਸਹਿਯੋਗ ਦਿੱਤਾ ਜਾਵੇਗਾ।