ਨਵੰਬਰ ’ਚ ਦਿੱਲੀ ਵਿਖੇ ਵੱਡੇ ਘਿਰਾਓ ਦਾ ਐਲਾਨ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰ ਐਂਡ ਹੈਲਪਰ (ਸੀਟੂ) ਦੀ ਕੌਮੀ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ। ਇਸ ਮੀਟਿੰਗ ਵਿੱਚ ਦੇਸ਼ ਦੇ 20 ਵੱਖ-ਵੱਖ ਰਾਜਾਂ ਤੋਂ
Publish Date: Tue, 18 Aug 2026 04:16 PM (IST)
Updated Date: Tue, 18 Aug 2026 04:18 PM (IST)
ਆਂਗਨਵਾੜੀ ਵਰਕਰਾਂ ਦੀ ਹੋਈ ਕੌਮੀ ਮੀਟਿੰਗ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰ ਐਂਡ ਹੈਲਪਰ (ਸੀਟੂ) ਦੀ ਕੌਮੀ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ। ਇਸ ਮੀਟਿੰਗ ਵਿੱਚ ਦੇਸ਼ ਦੇ 20 ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿਚ ਡੈਲੀਗੇਟਾਂ ਨੇ ਹਿੱਸਾ ਲਿਆ ਤੇ ਵਰਕਰਾਂ ਦੀਆਂ ਭਖਦੀਆਂ ਮੰਗਾਂ ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਕੌਮੀ ਪ੍ਰਧਾਨ ਏਆਰ ਸਿੱਧੂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਤਿੱਖੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸਕੀਮ ਵਰਕਰਾਂ ਦੇ ਬਜਟ ਵਿੱਚ ਲਗਾਤਾਰ ਵੱਡੀ ਕਟੌਤੀ ਕੀਤੀ ਜਾ ਰਹੀ ਹੈ। ਇਸ ਬਜਟ ਕਟੌਤੀ ਕਾਰਨ ਕਈ ਰਾਜਾਂ ਵਿੱਚ ਆਂਗਣਵਾੜੀ ਅਤੇ ਹੋਰ ਸਕੀਮ ਵਰਕਰਾਂ ਨੂੰ ਕਈ-ਕਈ ਮਹੀਨਿਆਂ ਤੋਂ ਉਨ੍ਹਾਂ ਦਾ ਬਣਦਾ ਮਿਹਨਤਾਨਾ ਵੀ ਨਸੀਬ ਨਹੀਂ ਹੋ ਰਿਹਾ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। ਕੌਮੀ ਪ੍ਰਧਾਨ ਨੇ ਆਖਿਆ ਕਿ ਸਾਲ 2022 ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਸਪੱਸ਼ਟ ਫੈਸਲੇ ਦੇ ਬਾਵਜੂਦ ਵੀ ਸਰਕਾਰ ਵਰਕਰਾਂ ਦੀ ਗ੍ਰੈਜੁਟੀ ਦੇ ਮਸਲੇ ਦਾ ਨਿਪਟਾਰਾ ਨਹੀਂ ਕਰ ਰਹੀ। ਇਸ ਤੋਂ ਇਲਾਵਾ, ਨਵੀਂ ਸਿੱਖਿਆ ਨੀਤੀ 2020 ਦੀ ਆੜ ਹੇਠ ਦੇਸ਼ ਭਰ ਵਿੱਚ ਕਈ ਆਂਗਨਵਾੜੀ ਕੇਂਦਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਸਮੁੱਚੇ ਦੇਸ਼ ਵਿੱਚੋਂ 55 ਲੱਖ ਤੋਂ ਵੱਧ ਲੋੜਵੰਦ ਲਾਭਪਾਤਰੀਆਂ ਨੂੰ ਇਸ ਸਕੀਮ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਹੈ, ਜੋ ਕਿ ਬੇਹੱਦ ਮੰਦਭਾਗਾ ਹੈ। ਵਰਕਰਾਂ ਦੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਨਾ ਤਾਂ ਮੋਬਾਈਲ ਫੋਨ ਦਿੱਤੇ ਗਏ ਹਨ, ਨਾ ਡਾਟਾ ਪੈਕ ਅਤੇ ਨਾ ਹੀ ਲੋੜੀਂਦੇ ਫੰਡ ਤੇ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਸਰਕਾਰਾਂ ਦੇ ਇਸ ਅੜੀਅਲ ਵਤੀਰੇ ਖ਼ਿਲਾਫ਼ ਆਉਂਦੇ ਨਵੰਬਰ ਮਹੀਨੇ ਵਿੱਚ ਦਿੱਲੀ ਵਿਖੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਅਤੇ ਕੇਂਦਰ ਸਰਕਾਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀਨਾ ਗੁਪਤਾ, ਇੰਦਰਾਣੀ ਮੁਖਰਜੀ, ਹਰਜੀਤ ਕੌਰ ਪੰਜੋਲਾ, ਸੁਭਾਸ਼ ਰਾਣੀ, ਅੰਮ੍ਰਿਤ ਪਾਲ ਕੌਰ, ਸੁੱਚਾ ਸਿੰਘ ਅਜਨਾਲਾ, ਗੁਰਮਿੰਦਰ ਕੌਰ ਅਤੇ ਜਸਪਾਲ ਕੌਰ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ।