ਅੰਮ੍ਰਿਤਸਰ ਦੇ ਇਤਿਹਾਸਕ ਲੰਗੂਰ ਮੇਲੇ ਦੀ ਧੂਮ : ਸ਼੍ਰੀ ਵੱਡਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਏ ਵੱਡੀ ਗਿਣਤੀ 'ਚ ਬੱਚੇ ਬੱਚਿਆਂ ਨੂੰ ਲੰਗੂਰ ਬਨਾਉਣ ਲਈ ਮਾਪਿਆ ਨੂੰ ਬਹੁਤ ਹੀ ਸਖਤ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ, ਜਿਸਦੇ ਨਾਲ ਹਰ ਰੋਜ ਨਿਯਮਾਂ ਮੁਤਾਬਕ ਹੀ ਖਾਣਾ ਤੇ ਮੱਥਾ ਟੇਕਣਾ ਹੁੰਦਾ ਹੈ ਤੇ ਲੰਗੂਰ ਮੇਲਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਲੰਗੂਰ ਬਣਨ ਵਾਲੇ ਬੱਚਿਆਂ ਦੇ ਮਾਪਿਆ ਵੱਲੋਂ ਮੰਦਰ ਆ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ
Publish Date: Sun, 11 Oct 2026 10:18 AM (IST)
Updated Date: Sun, 11 Oct 2026 10:34 AM (IST)
ਰਾਜਨ ਮਹਿਰਾ, ਅੰਮ੍ਰਿਤਸਰ : ਅੱਸੂ ਦੇ ਪਹਿਲੇ ਨਵਰਾਤਰੇ ਤੋਂ ਸ਼ੁਰੂ ਹੋਏ 10 ਦਿਨਾਂ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿਚ ਪੂਰੇ ਉਤੱਰੀ ਭਾਰਤ ਤੇ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਵੱਡਾ ਹਨੂੰਮਾਨ ਮੰਦਰ ’ਚ ਮੱਥਾ ਟੇਕਣ ਲਈ ਪਹੁੰਚੇ। ਸਵੇਰੇ ਸ਼੍ਰੀ ਹਨੂੰਮਾਨ ਜੀ ਦਾ ਸ਼ਿੰਗਾਰ ਕੀਤਾ ਗਿਆ ਤੇ ਲੱਡੂਆਂ ਦੇ ਨਾਲ ਭੋਗ ਲਗਾਉਣ ਤੋਂ ਬਾਅਦ ਮੇਲੇ ਦੀ ਸ਼ੁਰੂਆਤ ਕੀਤੀ ਗਈ, ਸਵੇਰੇ ਤੜਕੇ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਮੱਥਾ ਟੇਕਣ ਲਈ ਲੱਗੀਆਂ ਰਹੀਆਂ ਅਤੇ ਸ਼੍ਰੀ ਗਿਰੀਰਾਜ ਸੇਵਾ ਸੰਘ ਦੇ ਸੇਵਾਦਾਰ ਤੜਕੇ ਸੇਵਾ ਵਿੱਚ ਲੱਗੇ ਰਹੇ। ਅੱਜ ਪਹਿਲੇ ਨਵਰਾਤਰੇ ਸ਼੍ਰੀ ਵੱਡਾ ਹਨੂੰਮਾਨ ਮੰਦਰ ਸਵੇਰੇ ਤੜਕੇ 4 ਵਜੇ ਖੋਲਿਆ ਗਿਆ। ਦੱਸਣਯੋਗ ਹੈ ਕਿ ਸ਼੍ਰੀ ਵੱਡਾ ਹਨੂੰਮਾਨ ਮੰਦਰ ਪੂਰੇ ਉਤੱਰੀ ਭਾਰਤ ਦਾ ਇਕੋ ਅਜਿਹਾ ਮੰਦਰ ਹੈ, ਜਿੱਥੇ ਹਰ ਸਾਲ ਲੰਗੂਰ ਮੇਲਾ ਲੱਗਦਾ ਹੈ ਤੇ ਸ਼ਰਧਾਲੂ ਮੇਲੇ ਦੌਰਾਨ ਸਨਤਾਨ ਪ੍ਰਾਪਤੀ ਲਈ ਮੰਣਤ ਮੰਗਦੇ ਹਨ ਅਤੇ ਮੰਣਤ ਪੂਰੀ ਹੋਣ ਤੇ ਸ਼ਰਧਾਲੂ ਆਪਣੇ ਬੱਚਿਆਂ ਨੂੰ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਵਾ ਕੇ ਪੂਜਾ ਕਰਨ ਤੋਂ ਬਾਅਦ ਲੰਗੂਰਾਂ ਦਾ ਪਹਿਰਾਵਾ ਪਾ ਕੇ ਮੰਦਰ ’ਚ ਮੱਥਾ ਟੇਕਣ ਲਈ ਆਉਂਦੇ ਹਨ। ਲੰਗੂਰ ਬਣਨ ਵਾਲ਼ੇ ਬੱਚਿਆਂ ਨੂੰ ਪਹਿਲਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਗਿਆ ਤੇ ਪੂਜਾ ਕਰਨ ਤੋਂ ਬਾਅਦ ਹੀ ਲੰਗੂਰਾਂ ਦਾ ਪਹਿਰਾਵਾ ਪਵਾ ਕੇ ਢੋਲ ਦੀ ਥਾਪ ਤੇ ਨੱਚਦੇ-ਟੱਪਦੇ ਲੰਗੂਰ ਬਣੇ ਬੱਚਿਆਂ ਨੇ ਪਰਿਵਾਰਾਂ ਦੇ ਨਾਲ ਸ਼੍ਰੀ ਹਨੂੰਮਾਨ ਮੰਦਰ ਵਿਚ ਮੱਥਾ ਟੇਕਿਆ। 10 ਦਿਨ ਚਲਣ ਵਾਲੇ ਇਸ ਲੰਗੂਰ ਮੇਲੇ ਵਿਚ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਸਵੇਰੇ ਸ਼ਾਮ ਮੱਥਾ ਟੇਕਦੇ ਹਨ ਅਤੇ ਦੁਸ਼ਹਿਰੇ ਤੋਂ ਅਗਲੇ ਦਿਨ ਮੱਥਾ ਟੇਕ ਕੇ ਹੀ ਲੰਗੂਰ ਦਾ ਪਹਿਰਾਵਾ ਉਤਾਰਿਆ ਜਾਂਦਾ ਹੈ।
ਇਹ ਵੀ ਦਸਣਯੋਗ ਹੈ ਕਿ ਇਸ ਮੰਦਰ ਦਾ ਇਤਿਹਾਸ ਰਾਮਾਇਣ ਕਾਲ ਨਾਲ ਜੁੜਿਆ ਹੋਇਆ ਹੈ, ਰਾਮਾਇਣ ਕਾਲ ਦੌਰਾਨ ਜਿਸ ਵੇਲੇ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਸੀ ਤਾਂ ਲਵ-ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਨਾਲ ਬੰਨ ਦਿੱਤਾ, ਇਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਸ਼੍ਰੀ ਹਨੂੰਮਾਨ ਜੀ ਵੀ ਇਸ ਸਥਾਨ ਤੇ ਪੁੱਜੇ ਅਤੇ ਲਵ-ਕੁਸ਼ ਨਾਲ ਗੱਲਬਾਤ ਕਰਨ ਤੇ ਸ਼੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋਇਆ ਕਿ ਇਹ ਸ਼੍ਰੀ ਰਾਮ ਜੀ ਦੇ ਬੱਚੇ ਹਨ, ਇਸੇ ਦੌਰਾਨ ਹਨੂੰਮਾਨ ਜੀ ਨੇ ਪਿਆਰ ਵੱਸ ਹੋ ਕੇ ਲਵ-ਕੁਸ਼ ਨੂੰ ਕੁਝ ਨਹੀਂ ਕਿਹਾ ਤੇ ਲਵ-ਕੁਸ਼ ਨੇ ਸ਼੍ਰੀ ਹਨੂੰਮਾਨ ਜੀ ਨੂੰ ਇਸੇ ਮੰਦਰ ਸਥਾਨ ਵਿਚ ਸਥਿਤ ਵੱਟ (ਦਰਖਤ) ਨਾਲ ਬਣਿਆ ਸੀ ਅਤੇ ਇਸੇ ਹੀ ਵੱਟ (ਦਰਖਤ) ਤੇ ਸ਼ਰਧਾਲੂ ਸਨਤਾਨ ਪ੍ਰਾਪਤੀ ਲਈ ਮੋਲੀ ਬਣ ਕੇ ਮੰਣਤ ਮੰਗਦੇ ਹਨ ਅਤੇ ਮੰਣਤ ਪੂਰੀ ਹੋਣ ਤੇ ਬੱਚਿਆਂ ਨੂੰ ਲੰਗੂਰ ਬਣਾ ਕੇ ਅੱਸੂ ਦੇ ਪਹਿਲੇ ਨਵਰਾਤਰੇ ਤੋਂ ਦੁਸ਼ਿਹਰੇ ਤੱਕ ਸਵੇਰੇ-ਸ਼ਾਮ ਢੋਲ ਦੀ ਥਾਪ ਤੇ ਨੱਚਦੇ-ਟੱਪਦੇ ਨੰਗੇ ਪੈਰੀ ਮੱਥਾ ਟੇਕਣ ਲਈ ਆਉਂਦੇ ਹਨ। ਇਹ ਵੀ ਦੱਸਣਯੋਗ ਹੈ ਕਿ ਇਸੇ ਮੰਦਰ ਵਿੱਚ ਸ਼੍ਰੀ ਹਨੂੰਮਾਨ ਜੀ ਦੀ ਬੈਠੀ ਮੁਦਰਾ ਵਿੱਚ ਮੂਰਤੀ ਹੈ, ਜਿਥੇ ਸ਼ਰਧਾਲੂ ਮੱਥਾ ਟੇਕਦੇ ਹਨ। ਬੱਚਿਆਂ ਨੂੰ ਲੰਗੂਰ ਬਨਾਉਣ ਲਈ ਮਾਪਿਆ ਨੂੰ ਬਹੁਤ ਹੀ ਸਖਤ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ, ਜਿਸਦੇ ਨਾਲ ਹਰ ਰੋਜ ਨਿਯਮਾਂ ਮੁਤਾਬਕ ਹੀ ਖਾਣਾ ਤੇ ਮੱਥਾ ਟੇਕਣਾ ਹੁੰਦਾ ਹੈ ਤੇ ਲੰਗੂਰ ਮੇਲਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਲੰਗੂਰ ਬਣਨ ਵਾਲੇ ਬੱਚਿਆਂ ਦੇ ਮਾਪਿਆ ਵੱਲੋਂ ਮੰਦਰ ਆ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਸ਼ਰਧਾਲੂ ਲੰਗੂਰਾਂ ਦੀ ਵਰਦੀ ਲੈਂਦੇ ਹਨ, ਲੰਗੂਰ ਮੇੇਲੇ ਵਿਚ ਵੱਡੀ ਗਿਣਤੀ 'ਚ ਬੱਚੇ ਲੰਗੂਰ ਬਣੇ ਹਨ, ਜਿਨ੍ਹਾਂ ਵਿੱਚ ਲੜਕੀਆਂ ਵੀ ਲੰਗੂਰ ਬਣੀਆਂ ਹਨ ਤੇ ਸ਼ਰਧਾਲੂਆਂ ਵੱਲੋਂ ਸਨਤਾਨ ਪ੍ਰਾਪਤੀ ਲਈ ਮੰਗੀ ਮੰਣਤ ਚਾਹੇ ਪੁੱਤਰ ਜਾਂ ਧੀ ਦੋਨਾਂ ਵਿੱਚ ਕੋਈ ਫਰਕ ਨਾ ਦੇਖਦੇ ਹੋਏ ਸ਼ਰਧਾਲੂ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ ਤੇ ਧੀਆਂ ਨੂੰ ਵੀ ਲੰਗੂਰ ਬਣਾ ਕੇ ਸ਼ਰਧਾਲੂਆਂ ਨੇ ਸਮਾਜ ਵਿੱਚ ਧੀਆਂ ਦੇ ਮਾਨ-ਸੰਮਾਨ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਹੈ। ਸ਼ਰਧਾਲੂਆਂ ਵੱਲੋਂ ਸ਼੍ਰੀ ਹਨੂੰਮਾਨ ਜੀ ਨੂੰ ਮੋਤੀ ਚੂਰ ਦੇ ਲੱਡੂ ਪ੍ਰਸ਼ਾਦ ਦੇ ਰੂਪ ਵਿਚ ਲਿਆ ਕੇ ਭੋਗ ਲਗਾਇਆ ਗਿਆ ਤੇ ਜੈ ਸ਼੍ਰੀ ਰਾਮ, ਜੈ ਬਜਰੰਗ ਬਲੀ ਦੇ ਜੈਕਾਰੇ ਲਗਾਏ ਗਏ ਅਤੇ ਵੱਖ-ਵੱਖ ਟੋਲੀਆਂ ’ਚ ਬਜਰੰਗੀ ਸੈਨਾ ਨੇ ਨੱਚਦੇ-ਚੱਪਦੇ ਸ਼੍ਰੀ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਿਆ।
ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਕਿਹਾ ਕਿ ਲੰਗੂਰ ਮੇਲੇ ਵਿੱਚ ਆਏ ਸ਼ਰਧਾਲੂਆਂ ਦੀ ਸੁਰੱਖਿਆਂ ਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਮੰਦਰ ਕਮੇਟੀ ਵੱਲੋਂ ਕੀਤਾ ਗਿਆ ਹੈ ਤੇ ਵਰਤ ਰੱਖਣ ਵਾਲੇ ਸ਼ਰਧਾਲੂਆਂ ਲਈ ਵਰਤ ਵਾਲਾ ਪ੍ਰਸ਼ਾਦ ਤਿਆਰ ਕਰਵਾਇਆ ਗਿਆ ਹੈ, ਇਸਦੇ ਨਾਲ ਹੀ ਮੰਦਰ ਕਮੇਟੀ ਵੱਲੋਂ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ 125 ਦੇ ਕਰੀਬ ਪੰਡਿਤ ਦੀ ਵਿਵਸਥਾ ਕੀਤੀ ਹੈ ਨਾਲ ਹੀ ਆਉਂਦੇ ਸ਼ਰਧਾਲੂਆਂ ਦੇ ਰਹਿਣ ਦੇ ਪ੍ਰਬੰਧ ਵੀ ਕੀਤੇ ਗਏ ਹਨ ਤੇ ਹਰ ਰੋਜ ਸ਼ਰਧਾਲੂਆਂ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪਹਿਲੇ ਨਵਰਾਤਰੇ ਨੂੰ ਸ਼੍ਰੀ ਹਨੂੰਮਾਨ ਮੰਦਰ ਸਵੇਰੇ 4 ਤੜਕੇ ਵਜੇ ਖੋਲਿਆ ਗਿਆ ਹੈ ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਜਗ੍ਹਾ-ਜਗ੍ਹਾ ਤੇ ਤੈਨਾਤ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਬਾਹੁਬਲੀ ਹਨੂੰਮਾਨ ਦੇ ਮੰਦਰ ਅੰਦਰ ਆਉਣ ਤੇ ਪਾਬੰਦੀ ਲਗਾਈ ਗਈ ਹੈ ਅਤੇ ਟੋਲੀਆਂ ਦੇ ਨਾਲ ਪਹਿਲਾਂ ਹੀ ਮੀਟਿੰਗ ਕਰਕੇ ਨਿਰਦੇਸ਼ ਦੇ ਦਿੱਤੇ ਗਏ ਸੀ ਤਾਂ ਜੌ ਬਜਰੰਗੀ ਸੈਨਾ ਪੂਰੀ ਮਰਿਯਾਦਾ ਦੇ ਨਾਲ ਮੰਦਰ ਵਿੱਚ ਮੱਥਾ ਟੇਕ ਸਕਣ।
ਬੱਚਿਆਂ ਨੂੰ ਲੰਗੂਰ ਬਣਾਉਣ ਦੇ ਸਖਤ ਨਿਯਮ ਨਵਰਾਤਰੇ ਦੇ ਪਹਿਲੇ ਦਿਨ ਪੂਜਾ ਦਾ ਸਮਾਨ, ਮਿਠਾਈ, ਫੱਲ, ਨਾਰਿਅਲ, ਫੱਲ ਸੇਹਰਾ, ਜਮੀਨ ਤੇ ਹੀ ਸੋਨਾ, ਚਮੜੇ ਦੇ ਬੂਟ, ਚੱਪਲ, ਬੈਲਟ ਆਦਿ ਦਾ ਇਸਤੇਮਾਲ ਨਹੀਂ ਕਰ ਸਕਦੇ ਅਤੇ ਨੰਗੇ ਪੈਰ ਮੰਦਰ ਵਿਚ ਆਉਣਾ ਜਰੂਰੀ ਹੈ, ਚਾਕੂ ਦੇ ਨਾਲ ਕੱਟਿਆ ਹੋਇਆ ਕੁਝ ਵੀ ਨਹੀਂ ਖਾਣਾ ਤੇ ਪਿਆਜ, ਲਸਣ, ਪਾਨ ਅਤੇ ਕਿਸੇ ਵੀ ਮਾਦਕ ਵਸਤੂ ਦਾ ਸੇਵਨ ਨਹੀਂ ਕਰਨਾ ਅਤੇ ਵਰਤ ਦਾ ਪਾਲਣ ਜਰੂਰੀ ਹੈ, ਦੂਸਰਿਆਂ ਦੇ ਘਰ ਦੇ ਦਰਵਾਜੇ ਅੰਦਰ ਨਹੀਂ ਜਾਣਾ, ਦੂਸਰਿਆਂ ਦੇ ਘਰ ਦਾ ਭੋਜਨ ਨਹੀਂ ਖਾਣਾ, ਸਾਰੇ ਸ਼ਰੀਰ ਵਿੱਚ ਤੇਲ, ਸ਼ੈਂਪੂ, ਸਾਬਣ ਲਗਾਉਣ ਤੇ ਪਾਬੰਦੀ ਹੈ, ਆਪਣੇ ਹੱੱਥਾਂ ਨਾਲ ਤੇ ਸਾਬਣ ਨਾਲ ਕੱਪੜੇ ਧੋਨਾ ਮਨ੍ਹਾ ਹੈ, ਨਿਯਮਪੂਰਵਕ ਸ਼੍ਰੀ ਹਨੂੰਮਾਨ ਜੀ ਦੇ ਮੰਦਰ ਵਿੱਚ ਦੋ ਸਮੇਂ ਮੱਥਾ ਟੇਕਣਾ ਜਰੂਰੀ ਹੈ, ਦੁਸ਼ਿਹਰੇ ਦੇ ਅਗਲੇ ਦਿਨ ਏਕਾਦਸ਼ੀ ਨੂੰ ਲੰਗੂਰ ਬਣੇ ਬੱਚਿਆਂ ਦਾ ਪਹਿਰਾਵਾ ਸ਼੍ਰੀ ਹਨੂੰਮਾਨ ਮੰਦਰ ਵਿੱਚ ਉਤਾਰੀ ਜਾਏਗੀ।
ਸ਼੍ਰੀ ਗਿਰੀਰਾਜ ਸੇਵਾ ਸੰਘ ਦੇ ਪ੍ਰਧਾਨ ਸੰਜੇ ਮਹਿਰਾ ਨੇ ਕਿਹਾ ਕਿ 1986 ਤੋਂ ਮੰਦਰ ਵਿਚ ਸੇਵਾ ਕਰ ਰਹੇ ਹਨ ਅਤੇ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਸੰਘ ਦੇ ਸੇਵਾਦਾਰ ਤੜਕੇ ਤੋਂ ਹੀ ਮੰਦਰ ਵਿੱਚ ਸੇਵਾ ਕਰ ਰਹੇ ਹਨ।