- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ ਸ਼ਹਿਰ ਵਿੱਚ ਅਪਰਾਧ ਦੀ ਰੋਕਥਾਮ, ਐਮਰਜੈਂਸੀ ਕਾਲਾਂ ’ਤੇ ਤੁਰੰਤ ਪੁਲਿਸ ਸਹਾਇਤਾ ਅਤੇ ਸ਼ਹਿਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਿਸ ,ਅੰਮ੍ਰਿਤਸਰ ਵੱਲੋਂ ਪੀਸੀਆਰ ਪ੍ਰਬੰਧ ਵਿੱਚ ਵੱਡਾ ਸੁਧਾਰ ਕੀਤਾ ਗਿਆ ਹੈ।

ਰਿਪੋਰਟਰ, ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਵਿੱਚ ਅਪਰਾਧ ਦੀ ਰੋਕਥਾਮ, ਐਮਰਜੈਂਸੀ ਕਾਲਾਂ ’ਤੇ ਤੁਰੰਤ ਪੁਲਿਸ ਸਹਾਇਤਾ ਅਤੇ ਸ਼ਹਿਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਿਸ ,ਅੰਮ੍ਰਿਤਸਰ ਵੱਲੋਂ ਪੀਸੀਆਰ ਪ੍ਰਬੰਧ ਵਿੱਚ ਵੱਡਾ ਸੁਧਾਰ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ. ਵੱਲੋਂ ਪੀਸੀਆਰ ਦੀਆਂ ਨਵੀਆਂ ਤਾਇਨਾਤੀਆਂ, ਮੋਟਰਸਾਈਕਲਾਂ ਅਤੇ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਮੇਂ ਸ਼੍ਰੀਮਤੀ ਆਕਰਸ਼ੀ ਜੈਨ, ਡੀਸੀਪੀ ਸਥਾਨਕ, ਅੰਮ੍ਰਿਤਸਰ, ਸ਼੍ਰੀ ਜੁਗਰਾਜ ਸਿੰਘ ਡੀਸੀਪੀ ਆਪਰੇਸ਼ਨਜ਼, ਅੰਮ੍ਰਿਤਸਰ, ਸ੍ਰੀ ਪ੍ਰਭਜੋਤ ਸਿੰਘ ਵਿਰਕ ਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀਸੀਪੀ ਕਾਨੂੰਨ ਵਿਵਸਥਾ ਅੰਮ੍ਰਿਤਸਰ ਵੀ ਹਾਜ਼ਰ ਸਨ।
ਇਸ ਮੌਕੇ ਪੀਸੀਆਰ ਪ੍ਰਬੰਧ ਦੀ ਨਵੀਂ ਰੀ-ਅਲਾਈਨਮੈਂਟ ਕੀਤੀ ਗਈ ਹੈ, ਜਿਸ ਤਹਿਤ ਪਹਿਲਾਂ ਮੌਜੂਦ ਬੀਟਾਂ ਨੂੰ ਸ਼ਹਿਰ ਦੀ ਮੌਜੂਦਾ ਗਰਾਊਂਡ ਰਿਐਲਿਟੀ, ਆਬਾਦੀ ਦੀ ਘਣਤਾ ਅਤੇ ਥਾਣਿਆਂ ਦੀਆਂ ਹੱਦਾਂ ਦੇ ਅਨੁਸਾਰ ਦੁਬਾਰਾ ਤਿਆਰ ਕੀਤਾ ਗਿਆ ਹੈ। ਪਹਿਲਾਂ ਲਗਭਗ 50 ਬੀਟਾਂ ਸਨ, ਜਿਨ੍ਹਾਂ ਵਿੱਚ ਕਈ ਬੀਟਾਂ ਦੋ ਥਾਣਿਆਂ ਦੇ ਖੇਤਰਾਂ ਨਾਲ ਓਵਰਲੈਪ ਕਰਦੀਆਂ ਸਨ। ਇਸ ਕਾਰਨ ਐਮਰਜੈਂਸੀ ਸਮੇਂ ਪੁਲਿਸ ਟੀਮਾਂ ਦੀ ਤੁਰੰਤ ਕਾਰਵਾਈ ਵਿੱਚ ਮੁਸ਼ਕਲ ਆਉਂਦੀ ਸੀ। ਹੁਣ ਹਰੇਕ ਬੀਟ ਨੂੰ ਸਬੰਧਤ ਥਾਣੇ ਦੀ ਹੱਦ ਅੰਦਰ ਸਪਸ਼ਟ ਤੌਰ ’ਤੇ ਨਿਰਧਾਰਤ ਕੀਤਾ ਗਿਆ ਹੈ।
ਹੁਣ ਸ਼ਹਿਰ ਵਿੱਚ 68 ਪੀਸੀਆਰ ਬੀਟਾਂ
ਨਵੇਂ ਪ੍ਰਬੰਧ ਤਹਿਤ ਸ਼ਹਿਰ ਨੂੰ ਕੁੱਲ 68 ਪੀਸੀਆਰ ਬੀਟਾਂ ਵਿੱਚ ਵੰਡਿਆ ਗਿਆ ਹੈ। ਪੁਰਾਣੇ ਅਤੇ ਭੀੜ-ਭਾੜ ਵਾਲੇ ਅੰਮ੍ਰਿਤਸਰ ਸ਼ਹਿਰ ਵਿੱਚ ਮੋਟਰਸਾਈਕਲ ਪੀਸੀਆਰ ਨੂੰ ਵੱਧ ਤਰਜੀਹ ਦਿੱਤੀ ਗਈ ਹੈ, ਜਦਕਿ ਨਵੇਂ ਅਤੇ ਖੁੱਲ੍ਹੇ ਇਲਾਕਿਆਂ ਵਿੱਚ ਪੀਸੀਆਰ ਗੱਡੀਆਂ ਦੀ ਵਰਤੋਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ 13 ਨਵੇਂ ਪੀਸੀਆਰ ਮੋਟਰਸਾਈਕਲ ਵੀ ਪ੍ਰਬੰਧ ਵਿੱਚ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦਾ ਟਰਾਇਲ ਰਨ ਪਿਛਲੇ ਕੁਝ ਦਿਨਾਂ ਤੋਂ ਕੀਤਾ ਜਾ ਰਿਹਾ ਸੀ। ਨਵੇਂ ਮੋਟਰਸਾਈਕਲਾਂ ਦੇ ਸ਼ਾਮਲ ਹੋਣ ਨਾਲ ਪੀਸੀਆਰ ਦੀ ਮੋਬਿਲਿਟੀ ਅਤੇ ਤੁਰੰਤ ਰਿਸਪਾਂਸ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ।
112 ਕਾਲ ’ਤੇ ਤੁਰੰਤ ਰਿਸਪਾਂਸ
ਨਵੀਂ ਪ੍ਰਣਾਲੀ ਦਾ ਮੁੱਖ ਉਦੇਸ਼ 112 ਐਮਰਜੈਂਸੀ ਕਾਲ ਮਿਲਣ ਤੋਂ ਬਾਅਦ ਪੁਲਿਸ ਦੀ ਤੁਰੰਤ ਪਹੁੰਚ ਯਕੀਨੀ ਬਣਾਉਣਾ ਹੈ। ਕੰਟਰੋਲ ਰੂਮ ਵੱਲੋਂ ਕਾਲ ਮਿਲਦੇ ਹੀ ਸਬੰਧਤ ਖੇਤਰ ਦੀ ਪੀਸੀਆਰ ਮੋਟਰਸਾਈਕਲ ਜਾਂ ਗੱਡੀ ਨੂੰ ਤੁਰੰਤ ਅਲਰਟ ਕੀਤਾ ਜਾਵੇਗਾ।
ਪੀਸੀਆਰ ਟੀਮਾਂ ਨੂੰ ਇਸ ਤਰੀਕੇ ਨਾਲ ਤਾਇਨਾਤ ਕੀਤਾ ਗਿਆ ਹੈ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਐਮਰਜੈਂਸੀ ਕਾਲ ’ਤੇ ਘੱਟ ਤੋਂ ਘੱਟ ਸਮੇਂ ਵਿੱਚ ਪੁਲਿਸ ਸਹਾਇਤਾ ਪਹੁੰਚਾਈ ਜਾ ਸਕੇ ਅਤੇ ਰਿਸਪਾਂਸ ਟਾਈਮ ਨੂੰ ਲਗਭਗ 5 ਤੋਂ 10 ਮਿੰਟ ਦੇ ਅੰਦਰ ਰੱਖਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਰੈੱਡ ਅਲਰਟ ਪੁਆਇੰਟਾਂ ਰਾਹੀਂ ਤੁਰੰਤ ਨਾਕਾਬੰਦੀ
ਨਵੀਂ ਪੀ.ਸੀ.ਆਰ ਪ੍ਰਣਾਲੀ ਵਿੱਚ ਰੈੱਡ ਅਲਰਟ ਪੁਆਇੰਟ ਵੀ ਨਿਰਧਾਰਤ ਕੀਤੇ ਗਏ ਹਨ। ਜੇਕਰ ਕਿਸੇ ਖੇਤਰ ਵਿੱਚ ਤੁਰੰਤ ਨਾਕਾਬੰਦੀ ਦੀ ਲੋੜ ਪੈਂਦੀ ਹੈ ਤਾਂ ਕੰਟਰੋਲ ਰੂਮ ਵੱਲੋਂ ਸਬੰਧਤ ਪੀਸੀਆਰ ਟੀਮਾਂ ਨੂੰ ਤੁਰੰਤ ਅਲਰਟ ਕਰਕੇ ਨਿਰਧਾਰਤ ਪੁਆਇੰਟਾਂ ’ਤੇ ਨਾਕਾਬੰਦੀ ਲਈ ਭੇਜਿਆ ਜਾਵੇਗਾ।
ਇਸ ਪ੍ਰਣਾਲੀ ਤਹਿਤ ਲੋੜ ਪੈਣ ’ਤੇ ਕੁਝ ਹੀ ਮਿੰਟਾਂ ਵਿੱਚ ਸ਼ਹਿਰ ਦੇ ਕਈ ਮਹੱਤਵਪੂਰਨ ਪੁਆਇੰਟਾਂ ’ਤੇ ਨਾਕਾਬੰਦੀ ਕੀਤੀ ਜਾ ਸਕੇਗੀ। ਇਸ ਨਾਲ ਕਿਸੇ ਵੀ ਅਪਰਾਧਿਕ ਘਟਨਾ ਤੋਂ ਬਾਅਦ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਤੁਰੰਤ ਚੈਕਿੰਗ ਅਤੇ ਘੇਰਾਬੰਦੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ।
ਪੀਸੀਆਰ ਬੀਟ ਕਦੇ ਵੀ ਖਾਲੀ ਨਹੀਂ ਰਹੇਗੀ
ਪੀ.ਸੀ.ਆਰ ਮੋਟਰਸਾਈਕਲਾਂ ਵਿੱਚ ਮਕੈਨੀਕਲ ਖਰਾਬੀ ਜਾਂ ਕਿਸੇ ਹੋਰ ਕਾਰਨ ਡਿਊਟੀ ਪ੍ਰਭਾਵਿਤ ਨਾ ਹੋਵੇ, ਇਸ ਲਈ ਵਾਧੂ ਮੋਟਰਸਾਈਕਲਾਂ ਪੁਲਿਸ ਲਾਈਨ ਵਿੱਚ ਰਿਜ਼ਰਵ ਰੱਖੀਆਂ ਗਈਆਂ ਹਨ।
ਜੇਕਰ ਕਿਸੇ ਬੀਟ ਵਿੱਚ ਤਾਇਨਾਤ ਮੋਟਰਸਾਈਕਲ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਪੁਲਿਸ ਲਾਈਨ ਤੋਂ ਤੁਰੰਤ ਬਦਲਵਾਂ ਮੋਟਰਸਾਈਕਲ ਮੌਕੇ ’ਤੇ ਭੇਜਿਆ ਜਾਵੇਗਾ। ਇਸ ਨਾਲ ਕਿਸੇ ਵੀ ਹਾਲਾਤ ਵਿੱਚ ਪੀਸੀਆਰ ਬੀਟ ਖਾਲੀ ਨਹੀਂ ਰਹੇਗੀ ਅਤੇ ਪੁਲਿਸ ਦੀ ਲਗਾਤਾਰ ਮੌਜੂਦਗੀ ਯਕੀਨੀ ਬਣਾਈ ਜਾਵੇਗੀ।
ਹਰੇਕ ਪੀਸੀਆਰ ਬੀਟ ਲਈ ਵਿਸ਼ੇਸ਼ ਬੀਟ ਬੁੱਕ
ਨਵੀਂ ਪ੍ਰਣਾਲੀ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਬੀਟ ਬੁੱਕ ਹੈ। ਹਰੇਕ ਪੀਸੀਆਰ ਬੀਟ ਲਈ ਵਿਸ਼ੇਸ਼ ਬੀਟ ਬੁੱਕ ਤਿਆਰ ਕੀਤੀ ਗਈ ਹੈ, ਜਿਸ ਵਿੱਚ ਉਸ ਖੇਤਰ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਦਰਜ ਕੀਤੀ ਜਾਵੇਗੀ।
ਇਨ੍ਹਾਂ ਬੀਟ ਬੁੱਕਾਂ ਵਿੱਚ ਹਸਪਤਾਲ, ਧਾਰਮਿਕ ਅਸਥਾਨ, ਬੈਂਕ, ਏ.ਟੀ.ਐਮ., ਰੇਲਵੇ ਲਾਈਨ, ਮੁੱਖ ਸੜਕਾਂ, ਸੰਵੇਦਨਸ਼ੀਲ ਸਥਾਨ, ਮਹੱਤਵਪੂਰਨ ਅਦਾਰੇ ਅਤੇ ਹੋਰ ਜ਼ਰੂਰੀ ਸਥਾਨਾਂ ਦੀ ਜਾਣਕਾਰੀ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਬੀਟ ਦਾ ਲੈਮੀਨੇਟਿਡ ਨਕਸ਼ਾ ਵੀ ਬੀਟ ਬੁੱਕ ਵਿੱਚ ਰੱਖਿਆ ਜਾਵੇਗਾ।
ਇਸ ਦਾ ਉਦੇਸ਼ ਇਹ ਹੈ ਕਿ ਜੇਕਰ ਕਿਸੇ ਬੀਟ ਵਿੱਚ ਨਵਾਂ ਪੁਲਿਸ ਕਰਮਚਾਰੀ ਤਾਇਨਾਤ ਹੁੰਦਾ ਹੈ ਤਾਂ ਉਹ ਬੀਟ ਬੁੱਕ ਦੀ ਮਦਦ ਨਾਲ ਆਪਣੇ ਪੂਰੇ ਖੇਤਰ, ਮਹੱਤਵਪੂਰਨ ਸਥਾਨਾਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਤੁਰੰਤ ਜਾਣਕਾਰੀ ਹਾਸਲ ਕਰ ਸਕੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੈਟਰੋਲਿੰਗ ਕਰ ਸਕੇ।
ਅਪਰਾਧ ਦੀ ਰੋਕਥਾਮ ’ਤੇ ਵਿਸ਼ੇਸ਼ ਫੋਕਸ
ਪੁਲਿਸ ਕਮਿਸ਼ਨਰ, ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ. ਨੇ ਕਿਹਾ ਕਿ ਪੀਸੀਆਰ ਦੀ ਨਵੀਂ ਰੀ-ਅਲਾਈਨਮੈਂਟ ਦਾ ਮੁੱਖ ਉਦੇਸ਼ “Prevention of Crime” ਨੂੰ ਹੋਰ ਮਜ਼ਬੂਤ ਕਰਨਾ ਹੈ। ਪੁਲਿਸ ਦੀ ਮੌਜੂਦਗੀ ਨੂੰ ਸਿਰਫ਼ ਘਟਨਾ ਤੋਂ ਬਾਅਦ ਦੀ ਕਾਰਵਾਈ ਤੱਕ ਸੀਮਤ ਨਾ ਰੱਖਦੇ ਹੋਏ ਸ਼ਹਿਰ ਦੇ ਹਰ ਮਹੱਤਵਪੂਰਨ ਖੇਤਰ ਵਿੱਚ ਨਿਰੰਤਰ ਪੈਟਰੋਲਿੰਗ ਅਤੇ ਦਿੱਖਯੋਗ ਪੁਲਿਸ ਮੌਜੂਦਗੀ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਨਵੀਂ ਪੀਸੀਆਰ ਪ੍ਰਣਾਲੀ ਰਾਹੀਂ ਤੇਜ਼ ਰਿਸਪਾਂਸ, ਬਿਹਤਰ ਪੈਟਰੋਲਿੰਗ, ਤੁਰੰਤ ਨਾਕਾਬੰਦੀ ਅਤੇ ਅਪਰਾਧ ਦੀ ਰੋਕਥਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।
ਇਸ ਨਵੀਂ ਪ੍ਰਣਾਲੀ ਦੀ ਲਗਾਤਾਰ ਮਾਨੀਟਰਿੰਗ ਕੀਤੀ ਜਾਵੇਗੀ ਅਤੇ ਪੀਸੀਆਰ ਸਟਾਫ਼ ਦੀ ਬ੍ਰੀਫਿੰਗ ਵੀ ਨਿਯਮਿਤ ਤੌਰ ’ਤੇ ਕੀਤੀ ਜਾਵੇਗੀ, ਤਾਂ ਜੋ ਜ਼ਮੀਨੀ ਪੱਧਰ ’ਤੇ ਇਸ ਪ੍ਰਬੰਧ ਦਾ ਵੱਧ ਤੋਂ ਵੱਧ ਲਾਭ ਸ਼ਹਿਰ ਵਾਸੀਆਂ ਨੂੰ ਮਿਲ ਸਕੇ।