ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: ਫਾਇਰਿੰਗ ਕਰਨ ਵਾਲੇ ਬਦਮਾਸ਼ ਨੇ ਘੇਰਾਬੰਦੀ ਦੌਰਾਨ ਤਾਣੀ ਪਿਸਤੌਲ, ਜਵਾਬੀ ਮੁਕਾਬਲੇ 'ਚ ਲੱਗੀ ਗੋਲੀ! ਅੰਮ੍ਰਿਤਸਰ 'ਚ ਘਰ 'ਤੇ ਫਾਇਰਿੰਗ ਦੀ ਵਾਰਦਾਤ ਦੇ ਮਾਮਲੇ 'ਚ ਪੁਲਿਸ ਨੇ ਮਹਿਜ਼ 36 ਘੰਟਿਆਂ ਦੇ ਅੰਦਰ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਨੇ ਪੁਲਿਸ ਟੀਮ 'ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਆਤਮ-ਰੱਖਿਆ 'ਚ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਖੱਬੀ ਲੱਤ 'ਚ ਗੋਲੀ ਲੱਗ ਗਈ।
Publish Date: Fri, 10 Jul 2026 12:35 PM (IST)
Updated Date: Fri, 10 Jul 2026 12:37 PM (IST)
ਡਿਜੀਟਲ ਡੈਸਕ, ਅੰਮ੍ਰਿਤਸਰ : ਅੰਮ੍ਰਿਤਸਰ 'ਚ ਘਰ 'ਤੇ ਫਾਇਰਿੰਗ ਦੀ ਵਾਰਦਾਤ ਦੇ ਮਾਮਲੇ 'ਚ ਪੁਲਿਸ ਨੇ ਮਹਿਜ਼ 36 ਘੰਟਿਆਂ ਦੇ ਅੰਦਰ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਨੇ ਪੁਲਿਸ ਟੀਮ 'ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਆਤਮ-ਰੱਖਿਆ 'ਚ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਖੱਬੀ ਲੱਤ 'ਚ ਗੋਲੀ ਲੱਗ ਗਈ।
ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਨਾਜਾਇਜ਼ ਹਥਿਆਰ, ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਿਸ (DSP) ਬਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਰੂਪੀ, ਪੁੱਤਰ ਮੰਗਲ ਸਿੰਘ, ਵਾਸੀ ਜਿਓਤੀਸਰ ਵਜੋਂ ਹੋਈ ਹੈ।
ਥਾਣਾ ਜੰਡਿਆਲਾ ਗੁਰੂ ਦੇ ਮੁਖੀ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਜਾਨੀਆਂ ਮੋੜ ਵੱਲ ਆਉਣ ਵਾਲਾ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਲਾਕੇ 'ਚ ਨਾਕਾਬੰਦੀ ਕਰ ਦਿੱਤੀ ਸੀ।
ਪੁਲਿਸ ਨੂੰ ਦੇਖ ਕੇ ਕਰ ਦਿੱਤੀ ਸੀ ਫਾਇਰਿੰਗ ਨਾਕਾਬੰਦੀ ਦੌਰਾਨ ਮੋਟਰਸਾਈਕਲ 'ਤੇ ਪਹੁੰਚੇ ਮੁਲਜ਼ਮ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਰੁਕਣ ਦੀ ਬਜਾਏ ਪੁਲਿਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਤਮ-ਰੱਖਿਆ 'ਚ ਜਵਾਬੀ ਕਾਰਵਾਈ ਕੀਤੀ, ਜਿਸ 'ਚ ਮੁਲਜ਼ਮ ਦੀ ਖੱਬੀ ਲੱਤ 'ਚ ਗੋਲੀ ਲੱਗੀ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ 30 ਬੋਰ ਦੀ ਮੈਗਜ਼ੀਨ ਵਾਲੀ ਪਿਸਤੌਲ, ਤਿੰਨ ਜਿੰਦਾ ਕਾਰਤੂਸ ਅਤੇ ਵਾਰਦਾਤ 'ਚ ਵਰਤਿਆ ਜਾ ਰਿਹਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ 9 ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਅਪਰਾਧਿਕ ਪਿਛੋਕੜ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਰੰਜਿਸ਼ ਤਹਿਤ ਚਲਾਈਆਂ ਸਨ ਘਰ 'ਤੇ ਗੋਲੀਆਂ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਮੁਹੱਲੇ 'ਚ ਹੋਈ ਫਾਇਰਿੰਗ ਦੀ ਵਾਰਦਾਤ ਦੇ ਪਿੱਛੇ ਪੁਰਾਣੀ ਰੰਜਿਸ਼ ਸੀ। ਪੁਲਿਸ ਮੁਤਾਬਕ, ਜਿਸ ਘਰ 'ਤੇ ਫਾਇਰਿੰਗ ਕੀਤੀ ਗਈ, ਉਸ ਪਰਿਵਾਰ ਦੇ ਮੈਂਬਰ ਬਲਜੀਤ ਸਿੰਘ ਉਰਫ਼ ਭੁੱਲੀ ਦੀ 8 ਜੁਲਾਈ ਨੂੰ ਜ਼ਿਲ੍ਹਾ ਜੇਲ੍ਹ ਅੰਮ੍ਰਿਤਸਰ ਦੇ ਅੰਦਰ ਸਾਜਨ ਉਰਫ਼ ਕਾਨਾ ਨਾਲ ਬਹਿਸ ਹੋਈ ਸੀ। ਬਲਜੀਤ ਸਿੰਘ ਇਸ ਸਮੇਂ ਜ਼ਿਲ੍ਹਾ ਜੇਲ੍ਹ 'ਚ ਬੰਦ ਹੈ।
ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਜੇਲ੍ਹ 'ਚ ਹੋਏ ਇਸੇ ਵਿਵਾਦ ਦਾ ਬਦਲਾ ਲੈਣ ਲਈ ਸਾਜਨ ਉਰਫ਼ ਕਾਨਾ ਨੇ ਆਪਣੇ ਸਾਥੀਆਂ ਰਾਹੀਂ ਸ਼ੇਖੂਪੁਰਾ ਮੁਹੱਲੇ 'ਚ ਫਾਇਰਿੰਗ ਕਰਵਾਈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ 'ਚ ਸਬੰਧਤ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਪੁੱਛਗਿੱਛ ਕਰਕੇ ਸਾਥੀਆਂ ਨੂੰ ਵੀ ਕਾਬੂ ਕਰੇਗੀ ਪੁਲਿਸ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਮਾਮਲੇ ਦੀ ਜਾਂਚ 'ਚ ਵੱਡੀ ਸਫਲਤਾ ਮਿਲੀ ਹੈ। ਹੁਣ ਉਸ ਕੋਲੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ 'ਚ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸਨ, ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਸ ਪੂਰੇ ਘਟਨਾਕ੍ਰਮ ਦੀ ਸਾਜ਼ਿਸ਼ ਕਿਸ ਤਰ੍ਹਾਂ ਤਿਆਰ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਫਰਾਰ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।