- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਝਾ ਖੇਤਰ ਦੇ 200 ਤੋਂ ਵੱਧ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਦੋ ਭਾਈਵਾਲਾਂ ’ਤੇ 50 ਕਰੋੜ ਰੁਪਏ ਠੱਗਣ ਦਾ ਦੋਸ਼ ਲੱਗਾ ਹੈ। ਧੋਖਾਧੜੀ ਤੋਂ ਬਾਅਦ ਦੋਵਾਂ ਦੇ ਮੋਬਾਈਲ ਨੰਬਰ ਬੰਦ ਆ ਰਹੇ ਹਨ। ਪੀੜਤਾਂ ਨੇ ਕਿਸਾਨ ਆਗੂਆਂ ਦੇ ਸਮਰਥਨ ਨਾਲ ਕੰਵਰ ਐਵੀਨਿਊ ਸਥਿਤ ਮੁਲਜ਼ਮਾਂ ਦੇ ਘਰਾਂ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਾਝਾ ਖੇਤਰ ਦੇ 200 ਤੋਂ ਵੱਧ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਦੋ ਭਾਈਵਾਲਾਂ ’ਤੇ 50 ਕਰੋੜ ਰੁਪਏ ਠੱਗਣ ਦਾ ਦੋਸ਼ ਲੱਗਾ ਹੈ। ਧੋਖਾਧੜੀ ਤੋਂ ਬਾਅਦ ਦੋਵਾਂ ਦੇ ਮੋਬਾਈਲ ਨੰਬਰ ਬੰਦ ਆ ਰਹੇ ਹਨ। ਪੀੜਤਾਂ ਨੇ ਕਿਸਾਨ ਆਗੂਆਂ ਦੇ ਸਮਰਥਨ ਨਾਲ ਕੰਵਰ ਐਵੀਨਿਊ ਸਥਿਤ ਮੁਲਜ਼ਮਾਂ ਦੇ ਘਰਾਂ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।
ਪੀੜਤਾਂ ਅਨੁਸਾਰ ਜੁਗਰਾਜ ਸਿੰਘ ਨੇ ਆਪਣੇ ਭਰਾ ਜਰਨੈਲ ਸਿੰਘ ਨਾਲ ਮਿਲ ਕੇ ਕਰੀਬ ਪੰਜ ਸਾਲ ਪਹਿਲਾਂ ਨਿਊ ਅੰਮ੍ਰਿਤਸਰ ਵਿੱਚ ਦਫ਼ਤਰ ਖੋਲ੍ਹਿਆ ਸੀ। ਦੋਵੇਂ ਰੀਅਲ ਅਸਟੇਟ ਅਤੇ ਟਰੇਡਿੰਗ ਵਿੱਚ ਨਿਵੇਸ਼ ਦੀ ਗੱਲ ਕਰਦੇ ਸਨ ਅਤੇ 20 ਤੋਂ 24 ਮਹੀਨਿਆਂ ਵਿੱਚ ਪੈਸੇ ਦੁੱਗਣੇ ਕਰਨ ਦਾ ਭਰੋਸਾ ਦਿੰਦੇ ਸਨ। ਕੁਝ ਲੋਕਾਂ ਨੂੰ ਪਠਾਨਕੋਟ ਵਿੱਚ ਕਾਲੋਨੀਆਂ ਤੇ ਪਲਾਟ ਵੀ ਦਿਖਾਏ ਗਏ। ਹੁਣ ਦਫ਼ਤਰ ਬੰਦ ਹੈ ਅਤੇ ਦੋਵਾਂ ਦੇ ਫੋਨ ਵੀ ਬੰਦ ਹਨ।
ਪੀੜਤਾਂ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਖਾਸ ਕਰਕੇ ਸੇਵਾਮੁਕਤ ਫੌਜੀ ਮੁਲਾਜ਼ਮਾਂ, ਪੀਐੱਸਪੀਸੀਐੱਲ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ। ਪਹਿਲਾਂ ਇਕ ਵਿਅਕਤੀ ਨੂੰ ਨਿਵੇਸ਼ ਲਈ ਤਿਆਰ ਕਰਕੇ ਉਸ ਰਾਹੀਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਪੈਸਾ ਲਗਵਾਉਣ ਲਈ ਕਿਹਾ ਜਾਂਦਾ ਸੀ ਅਤੇ ਬਦਲੇ ਵਿੱਚ ਕਮਿਸ਼ਨ ਦਾ ਲਾਲਚ ਦਿੱਤਾ ਜਾਂਦਾ ਸੀ।
ਇਸਲਾਮਾਬਾਦ ਥਾਣੇ ਦੇ ਇੰਚਾਰਜ ਇੰਸਪੈਕਟਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਦੂਜੀ ਧਿਰ ਨੂੰ ਵੀ ਜਲਦ ਥਾਣੇ ਬੁਲਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਗੁਰਪ੍ਰੀਤ ਕੌਰ ਨਾਲ 3.25 ਕਰੋੜ ਦੀ ਠੱਗੀ
ਸੁਲਤਾਨਵਿੰਡ ਨੇੜੇ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਕਰੀਬ ਤਿੰਨ ਸਾਲ ਪਹਿਲਾਂ ਰਿਸ਼ਤੇਦਾਰ ਰਾਹੀਂ ਜੁਗਰਾਜ ਸਿੰਘ ਅਤੇ ਜਰਨੈਲ ਸਿੰਘ ਨੂੰ ਮਿਲੀ ਸੀ। ਮੁਲਜ਼ਮਾਂ ਦੇ ਕਹਿਣ ’ਤੇ ਉਸ ਦੇ ਪਰਿਵਾਰ ਨੇ ਜ਼ਮੀਨ ਤੇ ਘਰ ਗਿਰਵੀ ਰੱਖ ਕੇ ਪੈਸਾ ਲਗਾਇਆ। ਉਸ ਅਨੁਸਾਰ ਉਸ ਨੇ ਆਪਣੇ ਅਤੇ ਰਿਸ਼ਤੇਦਾਰਾਂ ਦੇ ਮਿਲਾ ਕੇ ਕਰੋੜਾਂ ਰੁਪਏ ਕੰਪਨੀ ਵਿੱਚ ਲਗਵਾਏ, ਪਰ ਪਿਛਲੇ ਇਕ ਸਾਲ ਤੋਂ ਦਫ਼ਤਰਾਂ ਦੇ ਚੱਕਰ ਲਾਉਣ ਦੇ ਬਾਵਜੂਦ ਪੈਸਾ ਵਾਪਸ ਨਹੀਂ ਮਿਲਿਆ।
ਘਰ ਤੇ ਜ਼ਮੀਨ ਗਿਰਵੀ ਰੱਖ ਕੇ ਦਿੱਤੇ 50 ਲੱਖ
ਖਲਚੀਆਂ ਨੇੜੇ ਦੀ ਨਿਰਮਲ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ 50 ਲੱਖ ਰੁਪਏ ਦਾ ਪ੍ਰਬੰਧ ਕਰਨ ਲਈ ਘਰ ਅਤੇ ਜ਼ਮੀਨ ਗਿਰਵੀ ਰੱਖ ਦਿੱਤੀ। ਸਾਰੇ ਭੁਗਤਾਨ ਆਨਲਾਈਨ ਕੀਤੇ ਗਏ, ਪਰ ਪੈਸਾ ਵਾਪਸ ਨਾ ਮਿਲਣ ਕਾਰਨ ਹੁਣ ਕਰਜ਼ਾ ਦੇਣ ਵਾਲੀ ਕੰਪਨੀ ਵੱਲੋਂ ਅਦਾਲਤੀ ਨੋਟਿਸ ਆਉਣ ਲੱਗੇ ਹਨ।
ਝਾਂਸੇ ਵਿੱਚ ਆ ਕੇ ਦਿੱਤੇ ਚਾਰ ਲੱਖ
ਬਿਆਸ ਖੇਤਰ ਦੇ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਜਾਇਦਾਦ ਵਿੱਚ ਨਿਵੇਸ਼ ਲਈ ਅੱਠ ਲੱਖ ਰੁਪਏ ਦਿੱਤੇ ਸਨ। ਬਾਅਦ ਵਿੱਚ ਉਸ ਨੇ ਚਾਰ ਲੱਖ ਰੁਪਏ ਵਾਪਸ ਲੈ ਲਏ, ਪਰ ਬਾਕੀ ਚਾਰ ਲੱਖ ਲਈ ਅਜੇ ਵੀ ਭਟਕ ਰਿਹਾ ਹੈ।
ਗੱਲਾਂ ਵਿੱਚ ਆ ਕੇ ਦਿੱਤੇ ਇਕ ਕਰੋੜ
ਅਜਨਾਲਾ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੈਸੇ ਜਲਦੀ ਦੁੱਗਣੇ ਹੋਣ ਦੇ ਝਾਂਸੇ ਵਿੱਚ ਆਪਣੀ ਜ਼ਮੀਨ ਗਿਰਵੀ ਰੱਖ ਕੇ ਇਕ ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਮੁਲਜ਼ਮਾਂ ਨੂੰ ਦੇ ਦਿੱਤਾ। ਉਸ ਨੂੰ ਬਦਲੇ ਵਿੱਚ ਕੁਝ ਨਹੀਂ ਮਿਲਿਆ।
ਪਹਿਲਾਂ ਵੀ 400 ਕਰੋੜ ਦੀ ਠੱਗੀ ਦਾ ਮਾਮਲਾ
ਸ਼ਹਿਰ ਵਿੱਚ ਇਸ ਤੋਂ ਪਹਿਲਾਂ ਵੀ 1,500 ਲੋਕਾਂ ਨਾਲ ਕਰੀਬ 400 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸ ਸਬੰਧੀ ਇਕ ਦਰਜਨ ਮੁਲਜ਼ਮਾਂ ਖ਼ਿਲਾਫ਼ ਦੋ ਐੱਫਆਈਆਰ ਦਰਜ ਹੋਈਆਂ ਸਨ। ਜ਼ਿਆਦਾਤਰ ਮੁਲਜ਼ਮ ਜ਼ਮਾਨਤ ’ਤੇ ਹਨ, ਜਦਕਿ ਤਿੰਨ ਅਜੇ ਵੀ ਭਗੌੜੇ ਦੱਸੇ ਜਾਂਦੇ ਹਨ। ਇਸ ਮਾਮਲੇ ਵਿੱਚ ਅਕਾਲੀ ਦਲ ਸਰਕਾਰ ਦੇ ਇਕ ਸਾਬਕਾ ਮੰਤਰੀ ਦਾ ਨਾਂ ਵੀ ਸਾਹਮਣੇ ਆਇਆ ਸੀ।