- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹਾਰਕਾ ਰੋਡ ’ਤੇ ਤਿੰਨ ਅਕਤੂਬਰ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਮਧੂਸੂਦਨ ਸਿੰਘ ਉਰਫ ਮੈਡ ਸੰਧੂ ਦੀ ਹੱਤਿਆ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਲੋਹਾਰਕਾ ਰੋਡ ’ਤੇ ਤਿੰਨ ਅਕਤੂਬਰ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਮਧੂਸੂਦਨ ਸਿੰਘ ਉਰਫ ਮੈਡ ਸੰਧੂ ਦੀ ਹੱਤਿਆ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਦੀਪਕ ਉਰਫ ਦੀਪ (23) ਮੁੱਖ ਸ਼ੂਟਰ ਦੱਸਿਆ ਜਾ ਰਿਹਾ ਹੈ, ਜਦਕਿ ਜੋਬਨ (21) ’ਤੇ ਉਸ ਨੂੰ ਪਨਾਹ ਦੇਣ ਦਾ ਦੋਸ਼ ਹੈ। ਦੋਵੇਂ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਹਰੀਕੇ ਅਧੀਨ ਪਿੰਡ ਬੂਹੇ ਦੇ ਵਾਸੀ ਹਨ।
ਪੁਲਿਸ ਮੁਤਾਬਕ ਮੁੱਖ ਸ਼ੂਟਰ ਦੀਪਕ ਨੂੰ ਦਿੱਲੀ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਛੇਤੀ ਪ੍ਰੋਡਕਸ਼ਨ ਵਾਰੰਟ ’ਤੇ ਅੰਮ੍ਰਿਤਸਰ ਲਿਆਂਦਾ ਜਾਵੇਗਾ। ਉਥੇ ਹੀ ਜੋਬਨ ਨੇ ਹੱਤਿਆ ਮਗਰੋਂ ਮੁੱਖ ਸ਼ੂਟਰ ਨੂੰ ਪਨਾਹ ਦਿੱਤੀ ਸੀ। ਪੁਲਿਸ ਮੁਤਾਬਕ ਇਸ ਹੱਤਿਆਕਾਂਡ ਦੀ ਜਾਂਚ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਤੇ ਗੁਜਰਾਤ ਪੁਲਿਸ ਨੇ ਸੰਯੁਕਤ ਮੁਹਿੰਮ ਚਲਾਈ। ਜਾਂਚ ’ਚ ਹੱਤਿਆ ਨੂੰ ਅੰਜਾਮ ਦੇਣ ’ਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਮੁਲਜਮਾਂ ਦੀ ਪਛਾਣ ਕੀਤੀ ਗਈ।
ਪਹਿਲਾਂ ਅੱਠ ਮੁਲਜ਼ਮ ਹੋ ਚੁੱਕੇ ਹਨ ਗ੍ਰਿਫ਼ਤਾਰ
ਇਸ ਮਾਮਲੇ ’ਚ ਪੁਲਿਸ ਪਹਿਲਾਂ ਅੱਠ ਮੁਲਜ਼ਮਾਂ ਪਰਮਿੰਦਰ ਸਿੰਘ ਵਾਸੀ ਲੋਹੀਆਂ ਖਾਸ ਜਲੰਧਰ ਦਿਹਾਤੀ, ਅਮਨਦੀਪ ਸਿੰਘ ਵਾਸੀ ਤਾਸ਼ਪੁਰ ਕਪੂਰਥਲਾ, ਪਰਮਵੀਰ ਸਿੰਘ ਵਾਸੀ ਲੋਹੀਆਂ ਖਾਸ, ਬਲਜਿੰਦਰ ਸਿੰਘ ਵਾਸੀ ਪਿੰਡ ਦਲਾਵਰਪੁਰ ਤਰਨਤਾਰਨ, ਬਲਰਾਜ ਸਿੰਘ ਤੇ ਵਿਕਾਸ ਸਿੰਘ ਵਾਸੀ ਖਲਚੀਆਂ ਅੰਮ੍ਰਿਤਸਰ ਅਤੇ ਹਰਸਿਮਰਨ ਸਿੰਘ ਤੇ ਫਤਿਹ ਸਿੰਘ ਵਾਸੀ ਪਿੰਡ ਸੰਘੇ (ਤਰਨਤਾਰਨ) ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਸ ਮਾਮਲੇ ’ਚ ਹੁਣ ਤੱਕ ਕੁੱਲ ਦਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਪੁਲਿਸ ਥਾਣਾ ਕੰਟੋਨਮੈਂਟ ’ਚ ਤਿੰਨ ਅਕਤੂਬਰ 2026 ਨੂੰ ਦਰਜ ਐੱਫਆਈਆਰ ਨੰਬਰ 186 ਤਹਿਤ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਮੁੱਖ ਸ਼ੂਟਰ ਨੂੰ ਅੰਮ੍ਰਿਤਸਰ ਲਿਆ ਕੇ ਉਸ ਤੋਂ ਪੁੱਛਗਿੱਛ ਕਰੇਗੀ, ਜਿਸ ਨਾਲ ਹੱਤਿਆਕਾਂਡ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਅੱਗੇ ਵਧਾਈ ਜਾ ਸਕੇ।