- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਦੀਪ ਸਿੰਘ ਦੀ ਮਾਤਾ ਨੇ ਮੀਡੀਆ ਦੇ ਸਾਹਮਣੇ ਆ ਕੇ ਉਸ ਵੱਲੋਂ ਕੀਤੇ ਗਏ ਅਪਰਾਧ ਦੀ ਨਿੰਦਾ ਕੀਤੀ ਹੈ ਅਤੇ ਇਹ ਗੱਲ ਆਖੀ ਹੈ ਕਿ ਉਨ੍ਹਾਂ ਦਾ ਮੁੰਡਾ ਪਿਛਲੇ ਲੰਮੇ ਸਮੇਂ 2015 ਤੋਂ ਮਾਨਸਿਕ ਰੂਪ ਵਿੱਚ ਪਰੇਸ਼ਾਨ ਚੱਲ ਰਿਹਾ ਹੈ ਜਿਸ ਨੂੰ ਸਕਿਜ਼ੋਫਰੀਨੀਆ (schizophrenia) ਨਾਮ ਦੀ ਬਿਮਾਰੀ ਹੈ, ਜੋ ਉਸਦੇ ਪਿਤਾ ਨੂੰ ਵੀ ਸੀ, ਜਿਸ ਦੇ ਉਨ੍ਹਾਂ ਕੋਲ ਕਾਗਜ਼ ਵੀ ਹਨ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਸਕਿਜ਼ੋਫਰੀਨੀਆ ਨਾਮ ਦੀ ਬੀਮਾਰੀ ਤੋਂ ਪੀੜਤ ਹੈ। ਘਟਨਾ ਵਿੱਚ ਸੰਗਤ ਰੂਪੀ ਆਈ ਇੱਕ ਬੀਬੀ ਦੇ ਪੱਲੇ ਨੂੰ ਬੰਨ੍ਹੇ ਹੋਏ ਅੰਗ ਪ੍ਰਾਪਤ ਹੋਣ ਦਾ ਦੋਸ਼ ਹੈ, ਜਿਸ ਸਬੰਧੀ ਸ੍ਰੀ ਦਰਬਾਰ ਸਾਹਿਬ ਪ੍ਰਬੰਧ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਜਿਸ ਮਗਰੋਂ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਨਿਵਾਸੀ ਮਨਦੀਪ ਸਿੰਘ ਨਾਮੀ ਇੱਕ ਸਿੱਖ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ, ਜੋ ਕਿ ਉਸ ਬੀਬੀ ਦਾ ਗੁਆਂਢੀ ਹੈ ਜਿਸ ਦੇ ਪੱਲੇ ਨਾਲ ਗੁਟਕਾ ਸਾਹਿਬ ਦਾ ਅੰਗ ਬੰਨ੍ਹਿਆ ਦਰਜ ਕੀਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਅਤੇ ਪ੍ਰਬੰਧਕਾਂ ਦੀ ਚੌਕਸੀ ਕਰਕੇ ਇਸ ਮਾਮਲੇ ਵਿੱਚ ਅੰਦਰਲਾ ਭੇਤ ਛੇਤੀ ਹੀ ਖੁੱਲ੍ਹ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦਰਅਸਲ ਅੱਜ ਸਵੇਰੇ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਵਾਸੀ ਇੱਕ ਬਜ਼ੁਰਗ ਸਿੱਖ ਜੋੜਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਸੀ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅੰਦਰ ਸੰਗਤ ਵਿੱਚ ਬੈਠ ਗਏ। ਇਸੇ ਦੌਰਾਨ ਮਨਦੀਪ ਸਿੰਘ ਵੀ ਉਨ੍ਹਾਂ ਦੇ ਨਾਲ-ਨਾਲ ਹੀ ਅੰਦਰ ਆਇਆ ਸੀ। ਦੋਸ਼ ਹੈ ਕਿ ਜਿੱਥੇ ਸਿੱਖ ਬੀਬੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਆ ਕੇ ਬੈਠੀ, ਬਿਲਕੁਲ ਉਨ੍ਹਾਂ ਦੇ ਪਿੱਛੇ ਆ ਕੇ ਮਨਦੀਪ ਸਿੰਘ ਵੀ ਬੈਠ ਗਿਆ ਅਤੇ ਉਸ ਨੇ ਬੀਬੀ ਦੇ ਸੂਟ ਦੇ ਪਿਛਲੇ ਪੱਲੇ ਨਾਲ ਗੁਟਕਾ ਸਾਹਿਬ ਦਾ ਅੰਗ ਬੰਨ੍ਹ ਦਿੱਤੇ।
ਸ਼ਰਧਾਲੂ ਸਿੱਖ ਜੋੜਾ ਸੰਗਤ ਪੂਰੀ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਪਿਆ ਕਿ ਜਾਂਦੇ-ਜਾਂਦੇ ਬੀਬੀ ਦੇ ਘਰਵਾਲੇ ਨੇ ਨੋਟਿਸ ਕੀਤਾ ਕਿ ਉਸ ਦੀ ਘਰਵਾਲੀ ਦੇ ਪੱਲੇ ਨਾਲ ਕੁਝ ਬੰਨ੍ਹਿਆ ਹੋਇਆ ਹੈ। ਬੰਦੇ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਆ ਕੀ ਬੰਨ੍ਹਿਆ ਹੈ ਤਾਂ ਅੱਗੋਂ ਬੀਬੀ ਵੀ ਹੈਰਾਨ ਹੋਈ ਕਿ ਉਸ ਨੂੰ ਨਹੀਂ ਪਤਾ। ਜਦੋਂ ਉਨ੍ਹਾਂ ਨੇ ਗੰਢ ਖੋਲ੍ਹੀ ਤਾਂ ਅੰਦਰੋਂ ਗੁਟਕਾ ਸਾਹਿਬ ਦੇ ਅੰਗ ਨਿਕਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੌਕੇ ਉੱਤੇ ਮੌਜੂਦ ਸੇਵਾਦਾਰ ਤੱਕ ਪਹੁੰਚ ਕੀਤੀ, ਜੋ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਮੌਜੂਦ ਸੀਸੀਟੀਵੀ ਕੰਟ੍ਰੋਲ ਵਾਲੇ ਕਮਰੇ ਵਿੱਚ ਲੈ ਗਿਆ।
ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸੀਸੀਟੀਵੀ ਕੰਟ੍ਰੋਲ ਦੇ ਸੇਵਾਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਜਿੱਥੇ ਸਿੱਖ ਜੋੜਾ ਬੈਠਾ ਸੀ ਉੱਥੋਂ ਦੀ ਫੁਟੇਜ ਵਾਚੀ ਤਾਂ ਸਾਹਮਣੇ ਆਇਆ ਕਿ ਮਨਦੀਪ ਸਿੰਘ ਬੀਬੀ ਦੇ ਪੱਲੇ ਨਾਲ ਕੁਝ ਬੰਨ੍ਹ ਰਿਹਾ ਹੈ। ਬੀਬੀ ਨੇ ਮਨਦੀਪ ਸਿੰਘ ਨੂੰ ਫੁਟੇਜ ਤੋਂ ਦੇਖ ਕੇ ਪਛਾਣ ਲਿਆ ਕਿ ਇਹ ਵਿਅਕਤੀ ਉਨ੍ਹਾਂ ਦਾ ਗੁਆਂਢੀ ਹੈ, ਜਿਸ ਤੋਂ ਬਾਅਦ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਉਸ ਨੂੰ ਘਰੋਂ ਜਾ ਕੇ ਕਾਬੂ ਕਰ ਲਿਆ।
ਇਸ ਘਟਨਾ ਦੇ ਵਿੱਚ ਜ਼ਰੂਰੀ ਪੱਖ ਇਹ ਹੈ ਕਿ ਮਨਦੀਪ ਸਿੰਘ ਵੱਲੋਂ ਗੁਟਕਾ ਸਾਹਿਬ ਕਿੱਥੇ ਪਾੜਿਆ ਗਿਆ ਅਤੇ ਉਸ ਦੀ ਮਨਸ਼ਾ ਕੀ ਸੀ? ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ ਹੁਣ ਤੱਕ ਫੁਟੇਜ ਦੀ ਜਾਂਚ ਵਿੱਚ ਇਹ ਸਾਹਮਣੇ ਨਹੀਂ ਆਇਆ ਕਿ ਮਨਦੀਪ ਸਿੰਘ ਵੱਲੋਂ ਗੁਟਕਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕਿਤੇ ਪਾੜਿਆ ਗਿਆ ਹੋਵੇ। ਇਹ ਜਾਪਦਾ ਹੈ ਕਿ ਉਹ ਗੁਟਕਾ ਸਾਹਿਬ ਬਾਹਰੋਂ ਹੀ ਪਾੜ ਕੇ ਉਸ ਦੇ ਅੰਗ ਨਾਲ ਲੈ ਕੇ ਆਇਆ ਹੋਵੇ। ਹੁਣ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ।
ਮਨਦੀਪ ਸਿੰਘ ਦੀ ਮਾਤਾ ਨੇ ਮੀਡੀਆ ਦੇ ਸਾਹਮਣੇ ਆ ਕੇ ਉਸ ਵੱਲੋਂ ਕੀਤੇ ਗਏ ਅਪਰਾਧ ਦੀ ਨਿੰਦਾ ਕੀਤੀ ਹੈ ਅਤੇ ਇਹ ਗੱਲ ਆਖੀ ਹੈ ਕਿ ਉਨ੍ਹਾਂ ਦਾ ਮੁੰਡਾ ਪਿਛਲੇ ਲੰਮੇ ਸਮੇਂ 2015 ਤੋਂ ਮਾਨਸਿਕ ਰੂਪ ਵਿੱਚ ਪਰੇਸ਼ਾਨ ਚੱਲ ਰਿਹਾ ਹੈ ਜਿਸ ਨੂੰ ਸਕਿਜ਼ੋਫਰੀਨੀਆ (schizophrenia) ਨਾਮ ਦੀ ਬਿਮਾਰੀ ਹੈ, ਜੋ ਉਸਦੇ ਪਿਤਾ ਨੂੰ ਵੀ ਸੀ, ਜਿਸ ਦੇ ਉਨ੍ਹਾਂ ਕੋਲ ਕਾਗਜ਼ ਵੀ ਹਨ। ਮਨਦੀਪ ਸਿੰਘ ਦੀ ਮਾਤਾ ਨੇ ਕਿਹਾ ਕਿ ਜੋ ਵੀ ਕੰਮ ਉਸ ਦੇ ਮੁੰਡੇ ਨੇ ਕੀਤਾ ਹੈ ਉਹ ਬਹੁਤ ਸ਼ਰਮਨਾਕ ਹੈ ਪਰੰਤੂ ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਉਹ ਮਾਨਸਿਕ ਰੂਪ ਵਿੱਚ ਪਰੇਸ਼ਾਨ ਹੈ। ਸਕਿਜ਼ੋਫਰੀਨੀਆ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ ਜੋ ਭਰਮ, ਭੁਲੇਖੇ ਅਤੇ ਅਸੰਗਠਤ ਸੋਚ ਜਾਂ ਵਿਹਾਰ ਦੁਆਰਾ ਦਰਸਾਈ ਜਾਂਦੀ ਹੈ, ਜੋ ਅਕਸਰ ਜਵਾਨੀ ਵਿੱਚ ਸ਼ੁਰੂ ਹੁੰਦੀ ਹੈ। ਇਸਦੇ ਇਲਾਜ ਵਿੱਚ ਆਮ ਤੌਰ 'ਤੇ ਉਮਰ ਭਰ ਦੀ ਦੇਖਭਾਲ ਸ਼ਾਮਲ ਹੁੰਦੀ ਹੈ-ਮੁੱਖ ਤੌਰ 'ਤੇ ਐਂਟੀਸਾਇਕੌਟਿਕ (antipsychotic) ਦਵਾਈਆਂ ਦੇ ਨਾਲ ਨਾਲ ਸਲਾਹ ਅਤੇ ਸਹਾਇਤਾ ਦੀ ਚਲਦੀ ਹੈ।