- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਲਮੇਲ ਕਮੇਟੀ ਵੱਲੋਂ ਜਥੇਦਾਰ ਦੀ ਕਮੇਟੀ ਨੂੰ ਲਗਾਤਾਰ ਤਿੰਨ ਮੀਟਿੰਗਾਂ ਵਿਚ ਸੱਦਾ ਦਿੱਤਾ ਗਿਆ ਪਰ ਜਥੇਦਾਰ ਦੇ ਮਾਹਰ ਕਮੇਟੀ ਨਹੀਂ ਪਹੁੰਚੀ, ਹੁਣ ਸੋਮਵਾਰ ਨੂੰ ਹੋਈ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ 27 ਨਵੰਬਰ ਦੀ ਅਗਲੀ ਮੀਟਿੰਗ ਰੱਖ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਵਿਸਾਖੀ 2026 ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਵਿਧਾਨਸਭਾ ਇਜਲਾਸ ਦੌਰਾਨ ‘ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026 ਬਣਾਇਆ ਗਿਆ ਸੀ, ਜਿਸ ਨੂਮ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਈ ਮੱਦਾਂ ‘ਤੇ ਇਤਰਾਜ ਕੀਤੇ ਸਨ। ਜਿਸ ਨੂੰ ਲੈ ਕੇ ਜਥੇਦਾਰ ਵੱਲੋਂ ਪੰਜ ਮੈਂਬਰੀ ਮਾਹਰਾਂ ਦੀ ਕਮੇਟੀ ਗਠਿਤ ਕਰਕੇ ਸਰਕਾਰ ਨੂੰ ਤਾਲਮੇਲ ਕਰ ਕੇ ਇਸ ਕਾਨੂੰਨ ਵਿਚ ਸੋਧਾਂ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।
ਸਰਕਾਰ ਵੱਲੋਂ ਇਸ ਸਬੰਧੀ 7 ਮੈਂਬਰੀ ਤਾਲਮੇਲ ਕਮੇਟੀ ਗਠਿਤ ਕੀਤੀ ਗਈ ਹੈ। ਤਾਲਮੇਲ ਕਮੇਟੀ ਵੱਲੋਂ ਜਥੇਦਾਰ ਦੀ ਕਮੇਟੀ ਨੂੰ ਲਗਾਤਾਰ ਤਿੰਨ ਮੀਟਿੰਗਾਂ ਵਿਚ ਸੱਦਾ ਦਿੱਤਾ ਗਿਆ ਪਰ ਜਥੇਦਾਰ ਦੇ ਮਾਹਰ ਕਮੇਟੀ ਨਹੀਂ ਪਹੁੰਚੀ, ਹੁਣ ਸੋਮਵਾਰ ਨੂੰ ਹੋਈ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ 27 ਨਵੰਬਰ ਦੀ ਅਗਲੀ ਮੀਟਿੰਗ ਰੱਖ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਤੋਂ ਬਾਅਦ ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਦੇ ਪ੍ਰਤੀਨਿਧੀ ਭੁਪਿੰਦਰ ਸਿੰਘ, ਦਮਦਮੀ ਟਕਸਾਲ ਦੇ ਗਿਆਨੀ ਸਾਹਿਬ ਸਿੰਘ ਸਮੇਤ ਤਾਲਮੇਲ ਕਮੇਟੀ ਨੇ ਪ੍ਰੈਸ ਕਾਨਫਰੰਸ ਵਿਚ ਆਪਣੇ ਵਿਚਾਰ ਪੇਸ਼ ਕੀਤੇ।
ਤਾਲਮੇਲ ਕਮੇਟੀ ਨੇ ਕਿਹਾ ਕਿ "ਸਾਡਾ ਸਰਕਾਰ ਨਾਲ ਕੋਈ ਰਾਜਨੀਤਿਕ ਸਬੰਧ ਨਹੀਂ ਹੈ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਸਖਤ ਕਾਨੂੰਨ ਦਾ ਸਮਰਥਨ ਕਰਦੇ ਹਾਂ"। ਕਾਨੂੰਨ ‘ਤੇ ਰੋਕ ਲਗਾਉਂਣ ‘ਤੇ ਮਾਹਿਰ ਕਮੇਟੀ ਨੇ ਕਿਹਾ ਕਿ "ਸੋਧ ਕਾਨੂੰਨ 'ਤੇ ਪਾਬੰਦੀ ਲਗਾਉਣਾ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ। ਪਹਿਲਾਂ ਕਾਨੂੰਨ ਵਿਚ ਖਾਮੀਆਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਕਮੇਟੀ ਨੇ ਕਿਹਾ ਅਸੀਂ ਜਿੱਥੇ ਵੀ ਜਥੇਦਾਰ ਦੀ ਕਮੇਟੀ ਕਹੇਗੀ ਅਸੀਂ ਬੈਠਣ ਲਈ ਤਿਆਰ ਹਾਂ। ਭੁਪਿੰਦਰ ਸਿੰਘ ਰਾਮਪੁਰ ਖੇੜਾ ਨੇ ਕਿਹਾ ਕਿ ਇਸ ਮੀਟਿੰਗ ਵਿਚ ਦਮਦਮੀ ਟਕਸਾਲ ਦੇ ਪ੍ਰਤੀਨਿਧੀ ਗਿਆਨੀ ਸਾਹਿਬ ਸਿੰਘ, ਐਡਵੋਕੇਟ ਜਨਰਲ ਦਫ਼ਤਰ ਤੋਂ ਪ੍ਰੀਤ ਇੰਦਰਪਾਲ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਸੇਵਾਮੁਕਤ ਜਸਟਿਸ ਗੁਰਵੀਰ ਸਿੰਘ, ਸੇਵਾਮੁਕਤ ਜਸਟਿਸ ਜਸਪਾਲ ਸਿੰਘ ਤੇ ਜਤਿੰਦਰ ਸਿੰਘ ਔਲਖ ਕਮੇਟੀ ਮੈਂਬਰਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਮੀਟਿੰਗ ਵਿਚ ਹਿੱਸਾ ਲਿਆ।
ਜਥੇਦਾਰ ਦੀ ਮਾਹਰ ਕਮੇਟੀ ਨੂੰ ਸਰਕਾਰ ਦੀ ਤਾਲਮੇਲ ਕਮੇਟੀ ਵੱਲੋਂ 27 ਨਵੰਬਰ ਨੂੰ ਚੌਥੀ ਵਾਰ ਮੀਟਿੰਗ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਤਾਲਮੇਲ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਖੇ ਹੋਈ। ਜਥੇਦਾਰ ਦੀ ਮਾਹਰ ਕਮੇਟੀ ਲਗਾਤਾਰ ਤੀਜੀ ਵਾਰ ਮੀਟਿੰਗ ਵਿਚ ਵੀ ਸ਼ਾਮਲ ਨਹੀਂ ਹੋਈ।