Amritsar News : ਜੰਡਿਆਲਾ ਗੁਰੂ 'ਚ ਮੁੜ ਤਾੜ-ਤਾੜ ਚੱਲੀਆਂ ਗੋਲ਼ੀਆਂ, ਸਰਪੰਚ ਦੇ ਪਤੀ ’ਤੇ ਜਾਨਲੇਵਾ ਹਮਲਾ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਜੰਡਿਆਲਾ ਗੁਰੂ ਵਿਚ ਗੋਲੀਬਾਰੀ ਦੀ ਇਕ ਹੋਰ ਸੰਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤਿੰਮੋਵਾਲ ਦੀ ਸਰਪੰਚ ਦੇ ਪਤੀ ਸੁਖਦੇਵ ਸਿੰਘ ਉਰਫ ਚੰਡਾ ਆਪਣੇ ਸਾਥੀਆਂ ਸਮੇਤ ਇਨੋਵਾਂ ਕਾਰ ’ਚ ਜਾ ਰਹੇ ਸਨ।
Publish Date: Thu, 02 Apr 2026 07:20 PM (IST)
Updated Date: Thu, 02 Apr 2026 07:24 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਵਿਚ ਗੋਲੀਬਾਰੀ ਦੀ ਇਕ ਹੋਰ ਸੰਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤਿੰਮੋਵਾਲ ਦੀ ਸਰਪੰਚ ਦੇ ਪਤੀ ਸੁਖਦੇਵ ਸਿੰਘ ਉਰਫ ਚੰਡਾ ਆਪਣੇ ਸਾਥੀਆਂ ਸਮੇਤ ਇਨੋਵਾਂ ਕਾਰ ’ਚ ਜਾ ਰਹੇ ਸਨ। ਇਸ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਦੀ ਇਨੋਵਾ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ।
ਚਸ਼ਮਦੀਦਾਂ ਦੇ ਮੁਤਾਬਕ ਹਮਲਾਵਰਾਂ ਨੇ ਲਗਪਗ 8 ਤੋਂ 10 ਰਾਊਂਡ ਫਾਇਰ ਕੀਤੇ, ਜਿਸ ਨਾਲ ਬਾਜ਼ਾਰ ਵਿਚ ਹਫੜਾ-ਦਫੜੀ ਮਚ ਗਈ। ਗੋਲ਼ੀਬਾਰੀ ਦੌਰਾਨ ਕਾਰ ਵਿਚ ਸਵਾਰ ਇਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਘਬਰਾਹਟ ਵਿਚ ਕਾਰ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਇਕ ਸਕੂਟਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਸਕੂਟਰ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ।
ਇਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਮਲੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਨਿਵਾਸੀਆਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਵੱਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।