- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਟੀ ਰੋਡ ਸਥਿਤ ਸਾਰਾਗੜ੍ਹੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਕੋਮਲ ਨੇ ਮੰਗਲਵਾਰ ਰਾਤ ਘਰ ’ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਦੋਸ਼ ਲਾਇਆ ਕਿ ਇਤਿਹਾਸ ਵਿਸ਼ੇ ਦੀ ਅਧਿਆਪਕਾ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਜੀਟੀ ਰੋਡ ਸਥਿਤ ਸਾਰਾਗੜ੍ਹੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ 15 ਸਾਲਾ ਵਿਦਿਆਰਥਣ ਕੋਮਲ ਨੇ ਮੰਗਲਵਾਰ ਰਾਤ ਘਰ ’ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਦੋਸ਼ ਲਾਇਆ ਕਿ ਇਤਿਹਾਸ ਵਿਸ਼ੇ ਦੀ ਅਧਿਆਪਕਾ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ।
ਘਟਨਾ ਤੋਂ ਬਾਅਦ ਪਰਿਵਾਰ ਨੇ ਕੋਮਲ ਦੀ ਲਾਸ਼ ਸਕੂਲ ਨੇੜੇ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਸਕੂਲ ਪ੍ਰਬੰਧਕਾਂ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟ੍ਰੈਫਿਕ ਜਾਮ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮੋਹਕਮਪੁਰਾ ਥਾਣੇ ਦੇ ਇੰਚਾਰਜ ਇੰਸਪੈਕਟਰ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਧਿਰਾਂ ਦੇ ਪੱਖ ਸੁਣੇ ਜਾ ਰਹੇ ਹਨ।
ਕੋਮਲ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਇਤਿਹਾਸ ਵਿਸ਼ੇ ਦੀ ਅਧਿਆਪਕਾ ਦਾ ਵਿਦਿਆਰਥਣਾਂ ਨਾਲ ਕਥਿਤ ਤੌਰ ’ਤੇ ਚੰਗਾ ਵਤੀਰਾ ਨਹੀਂ ਸੀ। ਪਰਿਵਾਰ ਅਨੁਸਾਰ ਕਰੀਬ 15 ਦਿਨ ਪਹਿਲਾਂ ਕੋਮਲ ਸਮੇਤ ਚਾਰ-ਪੰਜ ਵਿਦਿਆਰਥਣਾਂ ਨੂੰ 15 ਦਿਨਾਂ ਲਈ ਰਸਟੀਕੇਟ ਕੀਤਾ ਗਿਆ ਸੀ।
ਪਰਿਵਾਰ ਦਾ ਦੋਸ਼ ਹੈ ਕਿ ਮੰਗਲਵਾਰ ਨੂੰ ਸਕੂਲ ’ਚ ਅਧਿਆਪਕਾ ਨੇ ਕੋਮਲ ਨੂੰ ਮੁੜ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ। ਛੁੱਟੀ ਮਗਰੋਂ ਘਰ ਆ ਕੇ ਉਸ ਨੇ ਮਾਂ ਨੂੰ ਸਕੂਲ ਦੀ ਘਟਨਾ ਦੱਸੀ ਅਤੇ ਕਮਰੇ ’ਚ ਜਾ ਕੇ ਅੰਦਰੋਂ ਕੁੰਡੀ ਲਾ ਲਈ। ਰਾਤ ਨੂੰ ਪਰਿਵਾਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਫਾਹੇ ਨਾਲ ਲਟਕਦੀ ਮਿਲੀ।
ਪਰਿਵਾਰ ਨੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕਰਦਿਆਂ ਸਕੂਲ ਪ੍ਰਬੰਧਕਾਂ ਅਤੇ ਸਬੰਧਤ ਅਧਿਆਪਕਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।