- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਸੌਰਭ ਮਦਾਨ ਉਰਫ਼ ਮਿੱਠੂ ਮਦਾਨ ਖ਼ਿਲਾਫ਼ ਥਾਣਾ ਮਕਬੂਲਪੁਰਾ ਪੁਲਿਸ ਨੇ ਆਪਣੀ ਹੀ ਪਾਰਟੀ ਦੀ ਪੀਸੀਸੀ ਡੈਲੀਗੇਟ ਸ਼ਿਵਾਨੀ ਸ਼ਰਮਾ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਸੌਰਭ ਮਦਾਨ ਉਰਫ਼ ਮਿੱਠੂ ਮਦਾਨ ਖ਼ਿਲਾਫ਼ ਥਾਣਾ ਮਕਬੂਲਪੁਰਾ ਪੁਲਿਸ ਨੇ ਆਪਣੀ ਹੀ ਪਾਰਟੀ ਦੀ ਪੀਸੀਸੀ ਡੈਲੀਗੇਟ ਸ਼ਿਵਾਨੀ ਸ਼ਰਮਾ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ।
ਨਿਊ ਅੰਮ੍ਰਿਤਸਰ ਨਿਵਾਸੀ ਸ਼ਿਵਾਨੀ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਸੌਰਭ ਮਦਾਨ ਨੇ ਉਨ੍ਹਾਂ ਦੇ ਘਰ ਦੇ ਬਾਹਰ ਗਾਲ੍ਹਾਂ ਕੱਢਣ ਤੋਂ ਬਾਅਦ ਜ਼ਬਰਦਸਤੀ ਘਰ ਵਿਚ ਦਾਖਲ ਹੋ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਵਿਹੜੇ ਵਿਚ ਪਏ ਗਮਲੇ ਤੋੜ ਦਿੱਤੇ।
ਸ਼ਿਕਾਇਤਕਰਤਾ ਨੇ ਮੁਲਜ਼ਮ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਵੀ ਦੋਸ਼ ਲਾਇਆ ਹੈ। ਪੁਲਿਸ ਅਨੁਸਾਰ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਸ਼ਿਵਾਨੀ ਸ਼ਰਮਾ ਆਪਣੇ ਪਰਿਵਾਰ ਨਾਲ ਨਿਊ ਅੰਮ੍ਰਿਤਸਰ ਸਥਿਤ ਘਰ ਵਿੱਚ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਦੀ ਬੇਟੀ ਸਮ੍ਰਿਧੀ ਸਕੂਲ ਤੋਂ ਘਰ ਪਰਤੀ। ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਘਰ ਦੇ ਬਾਹਰ ਸੌਰਭ ਮਦਾਨ ਖੜ੍ਹਾ ਹੈ ਅਤੇ ਗਲਤ ਸ਼ਬਦ ਬੋਲ ਰਿਹਾ ਹੈ। ਬੇਟੀ ਦੀ ਗੱਲ ਸੁਣ ਕੇ ਸ਼ਿਵਾਨੀ ਸ਼ਰਮਾ ਘਰ ਦੇ ਬਾਹਰ ਆਈ ਅਤੇ ਗਾਲ੍ਹਾਂ ਕੱਢਣ ਦਾ ਵਿਰੋਧ ਕੀਤਾ।
ਵਿਰੋਧ ਕਰਨ 'ਤੇ ਘਰ ਵਿੱਚ ਵੜਨ ਦਾ ਦੋਸ਼
ਸ਼ਿਕਾਇਤ ਮੁਤਾਬਕ, ਵਿਰੋਧ ਕਰਨ 'ਤੇ ਸੌਰਭ ਮਦਾਨ ਨੇ ਕਥਿਤ ਤੌਰ 'ਤੇ ਸ਼ਿਵਾਨੀ ਸ਼ਰਮਾ ਨਾਲ ਬਦਜ਼ੁਬਾਨੀ ਕੀਤੀ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਦੋਸ਼ ਹੈ ਕਿ ਇਸ ਤੋਂ ਬਾਅਦ ਉਹ ਜ਼ਬਰਦਸਤੀ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਿਆ। ਸ਼ਿਵਾਨੀ ਸ਼ਰਮਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਾਇਆ ਕਿ ਸੌਰਭ ਮਦਾਨ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਡੇਗ ਦਿੱਤਾ ਅਤੇ ਵਾਲ ਖਿੱਚ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਸ਼ਿਕਾਇਤਕਰਤਾ ਅਨੁਸਾਰ, ਮੁਲਜ਼ਮ ਨੇ ਘਰ ਦੇ ਵਿਹੜੇ ਵਿਚ ਪਏ ਗਮਲਿਆਂ ਨੂੰ ਲੱਤ ਮਾਰ ਕੇ ਤੋੜ ਦਿੱਤਾ। ਇਸ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਉੱਥੋਂ ਚਲਾ ਗਿਆ। ਸ਼ਿਵਾਨੀ ਸ਼ਰਮਾ ਨੇ ਇਹ ਵੀ ਦੋਸ਼ ਲਾਇਆ ਕਿ ਸੌਰਭ ਮਦਾਨ ਆਪਣੀ ਕਾਰ ਵਿੱਚ ਗੰਨਮੈਨ ਨਾਲ ਉਨ੍ਹਾਂ ਦੇ ਘਰ ਆਇਆ ਸੀ ਅਤੇ ਘਟਨਾ ਤੋਂ ਬਾਅਦ ਉਸੇ ਕਾਰ ਵਿੱਚ ਉੱਥੋਂ ਚਲਾ ਗਿਆ।
ਬੀਐੱਨਐੱਸ ਦੀਆਂ ਚਾਰ ਧਾਰਾਵਾਂ ’ਚ ਕੇਸ
ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਪਲਵਿੰਦਰ ਪਾਲ ਨੇ ਦੱਸਿਆ ਕਿ ਸ਼ਿਵਾਨੀ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਸੌਰਭ ਮਦਾਨ ਉਰਫ਼ ਮਿੱਠੂ ਮਦਾਨ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 115(2), 324(4), 79 ਅਤੇ 333 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ਿਕਾਇਤ ਵਿੱਚ ਲਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।