- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਦੇ ਤਸਕਰਾਂ ਦੇ ਸੰਪਰਕ ਵਿੱਚ ਸਨ, ਜੋ ਕਥਿਤ ਤੌਰ 'ਤੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਕੇ ਇਸਨੂੰ ਅੱਗੇ ਪੰਜਾਬ ਵਿੱਚ ਅਪਰਾਧਕ ਤੱਤਾਂ ਨੂੰ ਸਪਲਾਈ ਕਰਦੇ ਸਨ।
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (BSF) ਅਤੇ ਕਮਿਸ਼ਨਰੇਟ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਅੰਮ੍ਰਿਤਸਰ ਵਿੱਚ ਕਰੀਬ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਛੇ ਵਿਦੇਸ਼ੀ ਪਿਸਤੌਲ, ਛੇ ਮੈਗਜ਼ੀਨ ਅਤੇ ਸਵਾ ਦੋ ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਬੀਓਪੀ ਰਾਮਕੋਟ ਨੇੜੇ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਮੰਗਲਵਾਰ ਰਾਤ 11 ਕਿਲੋ ਹੈਰੋਇਨ ਭਾਰਤੀ ਸਰਹੱਦ ਅੰਦਰ ਸੁੱਟੀ ਸੀ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਬੀਐੱਸਐੱਫ ਨੇ ਖੇਪ ਕਬਜ਼ੇ ਵਿੱਚ ਲੈ ਲਈ। ਇਸ ਤੋਂ ਇਲਾਵਾ ਬੀਐੱਸਐੱਫ ਦੀ 100 ਬਟਾਲੀਅਨ ਨੇ ਬੀਓਪੀ ਕੱਕੜ ਨੇੜੇ 6.700 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ। ਦੋਵੇਂ ਖੇਪਾਂ ਨੂੰ ਤਸਕਰਾਂ ਵੱਲੋਂ ਚੁੱਕਣ ਦੀ ਯੋਜਨਾ ਬਣਾਈ ਗਈ ਸੀ।
ਇਸੇ ਦੌਰਾਨ ਕਮਿਸ਼ਨਰੇਟ ਪੁਲਿਸ ਦੀ ਨਾਰਕੋਟਿਕਸ ਸੈੱਲ ਨੇ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਚੀਚਾ ਦੇ ਸੁਖਦੇਵ ਸਿੰਘ ਉਰਫ਼ ਸੁੱਖ ਅਤੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਲੋਧੀ ਗੁੱਜਰ ਦੇ ਹਰਜਿੰਦਰ ਸਿੰਘ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੋਵਾਂ ਕੋਲੋਂ ਛੇ ਵਿਦੇਸ਼ੀ ਪਿਸਤੌਲ, ਛੇ ਮੈਗਜ਼ੀਨ ਅਤੇ ਸਵਾ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਅਸਲਾ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਪਾਕਿਸਤਾਨ ਬੈਠੇ ਤਸਕਰ ਮੌਲਾ ਨਾਲ ਸਨ ਸੰਪਰਕ ਵਿੱਚ
ਮੁੱਢਲੀ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਕਥਿਤ ਤਸਕਰ ਮੌਲਾ ਦੇ ਸੰਪਰਕ ਵਿੱਚ ਸਨ। ਮੌਲਾ ਡਰੋਨ ਰਾਹੀਂ ਹਥਿਆਰ ਅਤੇ ਹੈਰੋਇਨ ਭਾਰਤੀ ਸਰਹੱਦ ਅੰਦਰ ਭੇਜਦਾ ਸੀ, ਜਿਸ ਨੂੰ ਇਹ ਅੱਗੇ ਸਪਲਾਈ ਕਰਦੇ ਸਨ। ਪੁਲਿਸ ਅਨੁਸਾਰ ਸੁਖਦੇਵ ਸਿੰਘ ਪਹਿਲਾਂ ਵੀ ਲੋੜੀਂਦਾ ਮੁਲਜ਼ਮ ਸੀ, ਜਦਕਿ ਹਰਜਿੰਦਰ ਸਿੰਘ ਖ਼ਿਲਾਫ਼ ਅਗਵਾ ਦੇ ਮਾਮਲੇ ਵਿੱਚ ਪਹਿਲਾਂ ਤੋਂ ਕੇਸ ਦਰਜ ਹੈ।