- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਅਟਾਰੀ ਨੇੜੇ ਅਮਰੂਦ ਦੇ ਬਾਗ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਦੀ ਖੁ਼ਫ਼ੀਆ ਏਜੰਸੀ ਆਈਐਸਆਈ ਵੱਲੋਂ ਸੁੱਟੀ ਜਾ ਰਹੀ ਸੀ। ਮਾਮਲੇ ਵਿਚ ਕਿੰਗ ਪਿੰਨ ਸੰਦੀਪ ਸਿੰਘ ਨੇ ਵੱਡੀ ਚਲਾਕੀ ਨਾਲ ਇਸ ਸਾਲ ਅਮਰੂਦ ਦੇ ਬਾਗ ਦਾ ਲੇਬਰ ਦਾ ਠੇਕਾ ਲੈ ਲਿਆ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਅਟਾਰੀ ਨੇੜੇ ਅਮਰੂਦ ਦੇ ਬਾਗ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਦੀ ਖੁ਼ਫ਼ੀਆ ਏਜੰਸੀ ਆਈਐਸਆਈ ਵੱਲੋਂ ਸੁੱਟੀ ਜਾ ਰਹੀ ਸੀ। ਮਾਮਲੇ ਵਿਚ ਕਿੰਗ ਪਿੰਨ ਸੰਦੀਪ ਸਿੰਘ ਨੇ ਵੱਡੀ ਚਲਾਕੀ ਨਾਲ ਇਸ ਸਾਲ ਅਮਰੂਦ ਦੇ ਬਾਗ ਦਾ ਲੇਬਰ ਦਾ ਠੇਕਾ ਲੈ ਲਿਆ ਸੀ। ਆਈਜੀ ਗੁਰਪ੍ਰੀਤ ਸਿੰਘ ਭੁੱਲਰ, ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਸੋਮਵਾਰ ਸ਼ਾਮ ਪੁਲਿਸ ਲਾਈਨ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਥਾਣਾ ਘਰਿੰਡਾ ਦੀ ਪੁਲਿਸ ਨੇ ਬਰਾੜੀ ਪਿੰਡ ਨਿਵਾਸੀ ਸੰਦੀਪ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਅਤੇ ਉਸ ਦੇ ਭਰਾ ਬਿਕਰਮਜੀਤ ਸਿੰਘ ਕੋਲੋਂ ਇੱਕ ਏਕੇ-56, ਇੱਕ ਏਕੇ-47, ਚਾਰ ਮੈਗਜ਼ੀਨ, ਦਸ ਕਾਰਤੂਸ ਅਤੇ ਦਸ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਆਈਜੀ ਨੇ ਦੱਸਿਆ ਕਿ ਸਾਰਾ ਪਰਿਵਾਰ ਹੀ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। ਸੰਦੀਪ ਸਿੰਘ ਨੇ ਤਿੰਨ ਸਾਲ ਪਹਿਲਾਂ ਯੋਜਨਾ ਬਣਾਈ ਸੀ ਕਿ ਆਉਣ ਵਾਲੇ ਦਿਨਾਂ ਵਿਚ ਉਹ ਅਟਾਰੀ ਸੈਕਟਰ ਸਥਿਤ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ਵਿਚ ਬਣੇ ਅਮਰੂਦ ਦੇ ਬਾਗ ਵਿੱਚ ਮਜ਼ਦੂਰੀ ਦਾ ਠੇਕਾ ਲੈ ਲਵੇਗਾ। ਇਸ ਤੋਂ ਪਹਿਲਾਂ ਸੰਦੀਪ ਸਿੰਘ ਨੂੰ ਸਾਲ 2022 ਵਿਚ ਅਸਲਾ ਐਕਟ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਉੱਥੋਂ ਹੀ ਮੁਲਜ਼ਮ ਦੇ ਸੰਪਰਕ ਪਾਕਿ ਤਸਕਰਾਂ ਅਤੇ ਵਿਦੇਸ਼ ਬੈਠੇ ਆਈਐਸਆਈ ਹੈਂਡਲਰਾਂ ਨਾਲ ਬਣੇ ਸਨ। ਜ਼ਮਾਨਤ 'ਤੇ ਪਰਤਣ ਤੋਂ ਬਾਅਦ ਸੰਦੀਪ ਖ਼ਿਲਾਫ਼ ਸਾਲ 2025 ਵਿਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ ਘਰਿੰਡਾ ਅਤੇ ਲੋਪੋਕੇ ਥਾਣੇ ਵਿਚ ਪੰਜ-ਪੰਜ ਕਿਲੋ ਹੈਰੋਇਨ ਦੇ ਮਾਮਲੇ ਦਰਜ ਹੋ ਚੁੱਕੇ ਹਨ। ਸੰਦੀਪ ਸਿੰਘ ਦੇ ਗਿਰੋਹ ਦੇ ਅੱਧੀ ਦਰਜਨ ਮੈਂਬਰ ਪਹਿਲਾਂ ਵੀ ਗ੍ਰਿਫ਼ਤਾਰ ਹੋ ਚੁੱਕੇ ਹਨ।
ਆਈਜੀ ਨੇ ਦੱਸਿਆ ਕਿ ਅਮਰੂਦ ਦਾ ਬਾਗ ਕਾਫ਼ੀ ਸੰਘਣਾ ਹੈ ਅਤੇ ਉੱਥੇ ਪਾਕਿਸਤਾਨੀ ਤਸਕਰਾਂ ਦੇ ਇਸ਼ਾਰੇ 'ਤੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਸੁੱਟੀ ਜਾ ਰਹੀ ਸੀ। ਫਿਰ ਉੱਥੋਂ ਚੁੱਪਚਾਪ ਸੰਦੀਪ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਆਸਾਨੀ ਨਾਲ ਖੇਪ ਚੁੱਕ ਲੈਂਦੇ ਅਤੇ ਉਸ ਨੂੰ ਟਿਕਾਣੇ ਲਗਾ ਦਿੰਦੇ ਸਨ। ਆਈਜੀ ਨੇ ਦੱਸਿਆ ਕਿ ਦੋਵੇਂ ਜੀਅ ਕਦੇ ਕਾਰ ਤੇ ਕਦੇ ਐਕਟਿਵਾ 'ਤੇ ਇਹ ਸਾਰਾ ਗੈਰ-ਕਾਨੂੰਨੀ ਕਾਰੋਬਾਰ ਕਰਦੇ ਸਨ। ਕਿਸੇ ਨੂੰ ਵੀ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ ਸੀ। ਫਿਲਹਾਲ ਤਿੰਨਾਂ ਮੁਲਜਮਾਂ ਦੇ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।
ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸਾਰੇ ਮਾਮਲੇ ਨੂੰ ਸੰਦੀਪ ਸਿੰਘ ਹੀ ਆਪਰੇਟ ਕਰ ਰਿਹਾ ਸੀ। ਉਸ ਦੇ ਇਸ਼ਾਰੇ 'ਤੇ ਹੀ ਹਥਿਆਰ ਅਤੇ ਹੈਰੋਇਨ ਅੱਗੇ ਸਪਲਾਈ ਕੀਤੀ ਜਾ ਰਹੀ ਸੀ।