- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੇ ਖਿਲਾਫ ਵਿੱਢ੍ਹੀ ਸੂਬਾ ਸਰਕਾਰ ਦੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੀਆਈਏ ਸਟਾਫ ਫਿਰੋਜ਼ਪੁਰ ਦੀ ਟੀਮ ਵੱਲੋਂ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਵਿਦੇਸ਼ੀ ਪਿਸਤੌਲਾਂ ਸਣੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ।
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨਸ਼ਿਆਂ ਦੇ ਖਿਲਾਫ ਵਿੱਢ੍ਹੀ ਸੂਬਾ ਸਰਕਾਰ ਦੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੀਆਈਏ ਸਟਾਫ ਫਿਰੋਜ਼ਪੁਰ ਦੀ ਟੀਮ ਵੱਲੋਂ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਵਿਦੇਸ਼ੀ ਪਿਸਤੌਲਾਂ ਸਣੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ । ਥਾਣਾ ਸੀਆਈਏ ਪੁਲਿਸ ਵੱਲੋਂ ਕੁੱਲ 22 ਕਿੱਲੋ ਤੋਂ ਵੱਧ ਹੈਰੋਇਨ, 2 ਵਿਦੇਸ਼ੀ ਪਿਸਤੌਲਾਂ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਫਿਰੋਜ਼ਪੁਰ ਰੇਂਜ਼ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਕੇ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸੀਆਈਏ ਸਟਾਫ ਜ਼ੀਰਾ ਦੇ ਇੰਚਾਰਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਅਤੇ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ਵਿੱਚ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਖਾਸ ਮੁਖਬਰ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਪਿੰਡ ਦੁਲਚੀ ਕੇ ਨੇੜੇ ਇਕ ਇੱਟਾਂ ਦੇ ਭੱਠੇ ਕੋਲੋਂ ਸ਼ੱਕੀ ਆਈ-20 ਕਾਰ (ਨੰਬਰ ਐਚਆਰ-30-ਕਿਊ-3251) ਨੂੰ ਰੋਕਿਆ। ਕਾਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 2 ਕਿੱਲੋ 717 ਗ੍ਰਾਮ ਹੈਰੋਇਨ ਬਰਾਮਦ ਹੋਈ। ਮੌਕੇ ’ਤੇ ਹੀ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਪ੍ਰਤਾਪ ਸਿੰਘ ਵਾਸੀ ਕਿਲਚੇ, ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਅਰਨੀਵਾਲਾ (ਜ਼ਿਲ੍ਹਾ ਫਾਜ਼ਿਲਕਾ), ਮਲੂਕ ਸਿੰਘ ਵਾਸੀ ਗੰਢੂ ਕਿਲਚਾ ਅਤੇ ਕਿਰਨਦੀਪ ਸਿੰਘ ਉਰਫ਼ ਦੀਪ ਵਾਸੀ ਮੱਲਾਂਵਾਲਾ ,ਹਾਲ ਅਬਾਦ ( ਸ਼ਹੀਦ ਭਗਤ ਸਿੰਘ ਕਲੋਨੀ) , ਫਿਰੋਜ਼ਪੁਰ ਵਜੋਂ ਹੋਈ ਹੈ।ਗ੍ਰਿਫਤਾਰੀ ਤੋਂ ਬਾਅਦ ਜੇਰੇ ਤਫਤੀਸ਼ ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਅਤਿ-ਆਧੁਨਿਕ ਗਲੌਕ ਪਿਸਤੌਲ, 2 ਮੈਗਜ਼ੀਨ, 9 ਐੱਮਐੱਮ ਦੇ ਜਿੰਦਾ ਰੌਂਦ, 4 ਮੋਬਾਈਲ ਫੋਨ ਅਤੇ ਤਸਕਰੀ ਲਈ ਵਰਤੀ ਜਾ ਰਹੀ ਕਾਰ ਵੀ ਜ਼ਬਤ ਕੀਤੀ ਗਈ। ਮਜੀਦ ਪੁੱਛਗਿੱਛ ਦੌਰਾਨ ਪ੍ਰਤਾਪ ਸਿੰਘ ਦੇ ਕਬੂਲਨਾਮੇ ਦੇ ਆਧਾਰ ’ਤੇ ਪੁਲਿਸ ਨੇ ਉਸਦੇ ਘਰ ਨਾਲ ਲੱਗਦੀ ਡੰਗਰਾਂ ਵਾਲੀ ਹਵੇਲੀ ਵਿੱਚ ਛਾਪੇਮਾਰੀ ਕਰਕੇ ਹੋਰ 19 ਕਿੱਲੋ 578 ਗ੍ਰਾਮ ਹੈਰੋਇਨ ਅਤੇ 2 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਨਾਲ ਕੁੱਲ ਬਰਾਮਦ ਹੈਰੋਇਨ ਦੀ ਮਾਤਰਾ 22 ਕਿੱਲੋ ਤੋਂ ਵੱਧ ਹੋ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐੱਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਮੁਤਾਬਕ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸਦੀ ਸਪਲਾਈ ਕਿਹੜੇ ਇਲਾਕਿਆਂ ਵਿੱਚ ਕੀਤੀ ਜਾਣੀ ਸੀ। ਪੁਲਿਸ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਥਾਣਾ ਸੀਆਈਏ ਫਿਰੋਜ਼ਪੁਰ ਅਤੇ ਥਾਣਾ ਸਦਰ ਸਵਾਲਾਂ ’ਚ !
-ਬੀਤੇ ਲੰਮੇਂ ਸਮੇਂ ਤੋਂ ਖੁੰਢ੍ਹ ਚਰਚਾ ਦਾ ਵਿਸ਼ਾ ਰਹੀ ਥਾਣਾ ਸੀਆਈਏ ਸਟਾਫ ਫਿਰੋਜ਼ਪੁਰ ਅਤੇ ਥਾਣਾ ਸਦਰ ਪੁਲਿਸ ਇਕ ਵਾਰੀ ਫਿਰ ਚਰਚਾ ਵਿਚ ਹੈ। ਮੀਡੀਆ ਵਿਚ ਚਰਚਾ ਹੈ ਕਿ ਜੇਕਰ ਜ਼ੀਰਾ ਹਲਕੇ ਤੋਂ ਆ ਕੇ ਪੁਲਿਸ ਆਪਣੇ ਖ਼ਬਰੀ ਨੈਟਵਰਕ ਜਰੀਏ ਇਸ ਕਦਰ ਵੱਡੀ ਬਰਾਮਦਗੀ ਕਰ ਸੱਕਦੀ ਹੈ ਤਾਂ ਸੀਆਈਏ ਫਿਰੋਜ਼ਪੁਰ ਅਤੇ ਥਾਣਾ ਸਦਰ ਦੇ ਆਪਣੇ ਇਲਾਕੇ ਵਿਚ ਤਸਕਰੀ ਕਰ ਰਹੇ ਇਹ ਤਸਕਰ ਉਨ੍ਹਾਂ ਦੀ ਨਜ਼ਰੇ ਕਿਉਂ ਨਹੀਂ ਚੜੇ। ਉਧਰ ਵਿਭਾਗੀ ਸੂਤਰਾਂ ਅਨੁਸਾਰ ਸ਼ਾਇਦ ਇਸੇ ਸ਼ੰਕਾਂ ਦੇ ਚੱਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦੂਜੇ ਹਲਕੇ ਦੇ ਅਧਿਕਾਰੀਆਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੋਵੇਗੀ ।