ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਅੰਮ੍ਰਿਤਸਰ ਸ਼ਾਖਾ ਵੱਲੋਂ ਅਧਿਆਤਮਿਕ ਵਰਕਸ਼ਾਪ ਕਰਵਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਅੰਮ੍ਰਿਤਸਰ ਸ਼ਾਖਾ ਕਿਰਪਾਲ ਆਸ਼ਰਮ ਵੱਲੋਂ ‘ਧਿਆਨ-ਅਭਿਆਸ ਦੁਆਰਾ ਕਰਮਾਂ ਦੇ ਚੱਕਰ ਤੋਂ ਮੁਕਤੀ’ ਵਿਸ਼ੇ 'ਤੇ ਏਅਰਪੋਰਟ ਰੋਡ 'ਤੇ ਪਾਮ
Publish Date: Fri, 11 Sep 2026 04:11 PM (IST)
Updated Date: Fri, 11 Sep 2026 04:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਫਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਅੰਮ੍ਰਿਤਸਰ ਸ਼ਾਖਾ ਕਿਰਪਾਲ ਆਸ਼ਰਮ ਵੱਲੋਂ ‘ਧਿਆਨ-ਅਭਿਆਸ ਦੁਆਰਾ ਕਰਮਾਂ ਦੇ ਚੱਕਰ ਤੋਂ ਮੁਕਤੀ’ ਵਿਸ਼ੇ ਤੇ ਏਅਰਪੋਰਟ ਰੋਡ ਤੇ ਪਾਮ ਗਰੋਵ ਵਿਖੇ ਅਧਿਆਤਮਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਾਵਨ ਕਿਰਪਾਲ ਰੂਹਾਨੀ ਮਿਸ਼ਨ ਅੰਮ੍ਰਿਤਸਰ ਸ਼ਾਖਾ ਦੇ ਸਕੱਤਰ ਦੀਪਕ ਸੇਠ ਨੇ ਕਿਹਾ ਕਿ ਇਸ ਅਧਿਆਤਮਿਕ ਵਰਕਸ਼ਾਪ ਵਿਚ ਇਹ ਦੱਸਿਆ ਗਿਆ ਕਿ ਜਦੋਂ ਤੋਂ ਅਸੀਂ ਇਸ ਦੁਨੀਆ ਵਿਚ ਆਏ ਹਾਂ, ਉਸ ਸਮੇਂ ਤੋਂ ਅਸੀਂ ਹਰ ਰੋਜ਼ ਕੁਝ ਨਾ ਕੁਝ ਕਰਮ ਕਰਦੇ ਹਾਂ। ਕਰਮਾਂ ਦੇ ਵਿਧਾਨ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਹ ਜਾਣੀਏ ਕਿ ਕਰਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਸਾਰੇ ਸੰਤਾਂ-ਮਹਾਂਪੁਰਸ਼ਾਂ ਨੇ ਸਾਨੂੰ ਸਮਝਾਇਆ ਹੈ ਕਿ ਕਰਮ ਤਿੰਨ ਪ੍ਰਕਾਰ ਦੇ ਹੁੰਦੇ ਹਨ, ਪਹਿਲੇ ਸੰਚਿਤ ਕਰਮ, ਦੂਜੇ ਪ੍ਰਾਰਬਧ ਕਰਮ ਅਤੇ ਤੀਜੇ ਕ੍ਰਿਆਮਾਨ ਕਰਮ। ਸੰਚਿਤ ਕਰਮ ਉਹ ਕਰਮ ਹੁੰਦੇ ਹਨ ਜਦੋਂ-ਜਦੋਂ ਅਸੀਂ ਮਨੁੱਖਾ ਜਨਮ ਲਿਆ ਅਤੇ ਉਨ੍ਹਾਂ ਵਿੱਚ ਅਸੀਂ ਜੋ ਮਨ, ਬਚਨ ਅਤੇ ਕਰਮ ਦੇ ਦੁਆਰਾ ਕਰਮ ਕੀਤੇ, ਉਹ ਇਕੱਠੇ ਹੁੰਦੇ ਗਏ। ਉਨ੍ਹਾਂ ਵਿੱਚੋਂ ਜੋ ਕਰਮ ਅਸੀਂ ਇਸ ਮਨੁੱਖਾ ਜਨਮ ਵਿੱਚ ਭੁਗਤਣੇ ਹਨ, ਉਨ੍ਹਾਂ ਨੂੰ ਪ੍ਰਾਰਬਧ ਕਰਮ ਕਿਹਾ ਜਾਂਦਾ ਹੈ ਅਤੇ ਜੋ ਕਰਮ ਅਸੀਂ ਰੋਜ਼ਾਨਾ ਕਰਦੇ ਹਾਂ ਉਸ ਨੂੰ ਕ੍ਰਿਆਮਾਨ ਕਰਮ ਕਹਿੰਦੇ ਹਨ। ਜਦੋਂ ਅਸੀਂ ਕਿਸੇ ਪੂਰਨ ਗੁਰੂ ਤੋਂ ਨਾਮ-ਦੀਕਸ਼ਾ ਲੈਂਦੇ ਹਾਂ ਤਾਂ ਉਹ ਸਾਡੇ ਸਾਰੇ ਸੰਚਿਤ ਕਰਮਾਂ ਦਾ ਨਾਸ਼ ਕਰ ਦਿੰਦੇ ਹਨ ਅਤੇ ਪ੍ਰਾਰਬਧ ਕਰਮਾਂ ਨੂੰ ਭੁਗਤਣ ਵਿੱਚ ਸਾਡੀ ਮਦਦ ਕਰਦੇ ਹਨ। ਉਹ ਸਾਨੂੰ ਇਹ ਵੀ ਸਮਝਾਉਂਦੇ ਹਨ ਕਿ ਅਸੀਂ ਆਪਣਾ ਜੀਵਨ ਨੇਕ-ਪਾਕ ਸਦਾਚਾਰੀ ਜਿਉਂਦੇ ਹੋਏ ਆਪਣੇ ਧਿਆਨ ਨੂੰ ਅੰਤਰਮੁਖ ਕਰੀਏ, ਜਿਸ ਨਾਲ ਕਿ ਜਦੋਂ ਅਸੀਂ ਆਪਣੇ ਅੰਦਰ ਪ੍ਰਭੂ ਦੀ ਜੋਤਿ ਅਤੇ ਸ਼ਰੁਤਿ ਨਾਲ ਜੁੜਦੇ ਹਾਂ ਤਾਂ ਸਾਡੇ ਸਾਰੇ ਕ੍ਰਿਆਮਾਨ ਕਰਮ ਵੀ ਨਸ਼ਟ ਹੋ ਜਾਂਦੇ ਹਨ। ਅਜਿਹਾ ਕਰਦੇ ਹੋਏ ਜਦੋਂ ਅਸੀਂ ਆਪਣੇ ਜੀਵਨ ਦੇ ਅੰਤਿਮ ਸਮੇਂ ਵਿੱਚ ਪਹੁੰਚਦੇ ਹਾਂ ਤਾਂ ਸਾਡੇ ਸਾਰੇ ਕਰਮ ਨਸ਼ਟ ਹੋ ਜਾਂਦੇ ਹਨ ਅਤੇ ਅਸੀਂ ਕਰਮਾਂ ਦੇ ਚੱਕਰ ਤੋਂ ਮੁਕਤ ਹੋ ਕੇ 84 ਲੱਖ ਜੀਅ-ਜੂਨ ਤੋਂ ਛੁਟਕਾਰਾ ਪਾ ਲੈਂਦੇ ਹਾਂ। ਧਿਆਨ-ਅਭਿਆਸ ਨੂੰ ਆਪਣੇ ਜੀਵਨ ਵਿਚ ਢਾਲਣ ਤੋਂ ਬਾਅਦ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਹੋਰ ਵੀ ਚੰਗੀ ਤਰ੍ਹਾਂ ਕਰਦੇ ਹਾਂ ਪਰ ਉਨ੍ਹਾਂ ਵਿੱਚ ਫਸਦੇ ਨਹੀਂ। ਜਿਸ ਕਾਰਨ ਅਸੀਂ ਹਲਚਲ ਤੋਂ ਦੂਰ ਇੱਕ ਅਜਿਹਾ ਜੀਵਨ ਬਤੀਤ ਕਰਦੇ ਹਾਂ ਜੋ ਕਿ ਹਮੇਸ਼ਾ-ਹਮੇਸ਼ਾ ਦੇ ਸੁੱਖ ਨਾਲ ਭਰਪੂਰ ਹੁੰਦਾ ਹੈ। ਜਿਸ ਦੇ ਫਲਸਰੂਪ ਸਾਡੇ ਜੀਵਨ ਦਾ ਉਦੇਸ਼ ਜੋ ਕਿ ਆਪਣੇ ਆਪ ਨੂੰ ਜਾਣਨਾ ਤੇ ਪਿਤਾ-ਪਰਮੇਸ਼ੁਰ ਨੂੰ ਪਾਉਣਾ ਹੈ, ਉਹ ਵੀ ਇਸੇ ਜ਼ਿੰਦਗੀ ਵਿੱਚ ਪੂਰਾ ਹੋ ਜਾਂਦਾ ਹੈ। ਇਸ ਅਧਿਆਤਮਿਕ ਵਰਕਸ਼ਾਪ ਦੇ ਆਖੀਰ ਵਿਚ ਹਾਜ਼ਰ ਸੰਗਤਾਂ ਨੂੰ ਧਿਆਨ-ਅਭਿਆਸ ਦੀ ਬੈਠਕ ਤੇ ਵੀ ਬਿਠਾਇਆ ਗਿਆ ਅਤੇ ਉਨ੍ਹਾਂ ਨੂੰ ਸੰਤ ਰਾਜਿੰਦਰ ਸਿੰਘ ਮਹਾਰਾਜ ਤੇ ਸੰਤ-ਮਤ ਦੀਆਂ ਸਿੱਖਿਆਵਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ। ਹਾਜ਼ਰ ਸਾਰੇ ਲੋਕਾਂ ਨੇ ਇਸ ਅਧਿਆਤਮਿਕ ਵਰਕਸ਼ਾਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਧਿਆਨ-ਅਭਿਆਸ ਤੇ ਅਧਾਰਿਤ ਇਸ ਪ੍ਰੋਗਰਾਮ ਦੁਆਰਾ ਸਾਨੂੰ ਸਹੀ ਮਾਇਨਿਆਂ ਵਿਚ ਧਿਆਨ-ਅਭਿਆਸ ਤੇ ਉਸ ਨਾਲ ਜੁੜੇ ਫਾਇਦਿਆਂ ਬਾਰੇ ਸਹੀ-ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਮੁੱਖੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਸੰਪੂਰਨ ਵਿਸ਼ਵ ਵਿਚ ਧਿਆਨ-ਅਭਿਆਸ ਦੁਆਰਾ ਪ੍ਰੇਮ, ਏਕਤਾ ਤੇ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹਨ, ਜਿਸ ਦੇ ਫਲਸਰੂਪ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵੱਲੋਂ ਅਨੇਕਾਂ ਸ਼ਾਂਤੀ ਪੁਰਸਕਾਰਾਂ ਤੇ ਸਨਮਾਨਾਂ ਦੇ ਨਾਲ-ਨਾਲ ਪੰਜ ਡਾਕਟਰੇਟ ਦੀਆਂ ਉਪਾਧੀਆਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਸੰਪੂਰਨ ਵਿਸ਼ਵ ਵਿਚ ਲਗਭਗ 3500 ਤੋਂ ਵੱਧ ਕੇਂਦਰ ਸਥਾਪਿਤ ਹਨ ਅਤੇ ਮਿਸ਼ਨ ਦਾ ਸਾਹਿਤ ਵਿਸ਼ਵ ਦੀਆਂ 55 ਤੋਂ ਵੱਧ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ।