ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ ਆਗੂਆਂ ਨੇ ਵਿਧਾਇਕ ਸੰਧੂ ਦੇ ਦਫਤਰ ਬਾਹਰ ਲਗਾਏ ਵਿਰੋਧ ਪੱਤਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ
Publish Date: Mon, 19 Oct 2026 06:29 PM (IST)
Updated Date: Mon, 19 Oct 2026 06:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਹੋਰ ਸਬੰਧਤ ਆਗੂਆਂ ਦੀ ਕਾਰਜਪ੍ਰਣਾਲੀ ਦੇ ਵਿਰੋਧ ਵਿਚ ਉਨ੍ਹਾਂ ਦੇ ਦਫਤਰ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪਧਰੀ, ਹਲਕਾ ਪੱਛਮੀ ਤੋਂ ਸੇਵਾਦਾਰ ਗੁਰਦੇਵ ਸਿੰਘ ਜੱਜੀ ਅਤੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਅਮਰਦੀਪ ਸਿੰਘ ਡਡੂਆਣਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਰਹੇ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਗੁਰਦੇਵ ਸਿੰਘ ਜੱਜੀ ਤੇ ਹੋਰ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਵਾਰਿਸ ਪੰਜਾਬ ਦੇ ਦੇ ਸਰਗਰਮ ਆਗੂ ਪਰਮਿੰਦਰ ਸਿੰਘ ਝੋਟਾ, ਜੋ ਲੰਬੇ ਸਮੇਂ ਤੋਂ ਨਸ਼ੇ ਵਿਰੁੱਧ ਸਖ਼ਤ ਸੰਘਰਸ਼ ਲੜ ਰਹੇ ਸਨ ਅਤੇ ਨੌਜਵਾਨਾਂ ਨੂੰ ਬਚਾ ਰਹੇ ਸਨ, ਉਨ੍ਹਾਂ ਦਾ ਸਰਕਾਰੀ ਅਤੇ ਪ੍ਰਸ਼ਾਸਨਿਕ ਸਰਪ੍ਰਸਤੀ ਵਿਚਾਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਇਸ ਗੰਭੀਰ ਘਟਨਾ ਦੇ ਬਾਵਜੂਦ ਨਾ ਤਾਂ ਸਰਕਾਰ ਅਤੇ ਨਾ ਹੀ ਸਬੰਧਤ ਹਲਕਾ ਵਿਧਾਇਕਾਂ ਵੱਲੋਂ ਕੋਈ ਠੋਸ ਬਿਆਨ ਜਾਂ ਸੰਵੇਦਨਾ ਸਾਹਮਣੇ ਆਈ ਹੈ, ਜਿਸ ਨਾਲ ਪੂਰੀ ਸੰਗਤ ਅਤੇ ਨੌਜਵਾਨਾਂ ਵਿਚ ਭਾਰੀ ਰੋਸ ਹੈ। ਗੁਰਦੇਵ ਸਿੰਘ ਜੱਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਇੱਥੇ ਕਿਸੇ ਸਿਆਸੀ ਰੋਟੀਆਂ ਸੇਕਣ ਨਹੀਂ, ਸਗੋਂ ਸੁਸਤ ਪਈ ਸਰਕਾਰ ਅਤੇ ਜਨ-ਪ੍ਰਤੀਨਿਧੀਆਂ ਨੂੰ ਨੀਂਦ ਤੋਂ ਜਗਾਉਣ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਵੱਡੇ-ਵੱਡੇ ਦਾਅਵੇ ਕਰ ਰਹੀ ਹੋਵੇ ਕਿ ਸੂਬੇ ਵਿੱਚ ਨਸ਼ਾ ਤਸਕਰਾਂ ਤੇ ਨਕੇਲ ਕੱਸੀ ਜਾ ਰਹੀ ਹੈ, ਪਰ ਸੱਚਾਈ ਇਸਦੇ ਉਲਟ ਹੈ। ਜਦੋਂ ਕੋਈ ਯੋਧਾ ਜਾਂ ਨੌਜਵਾਨ ਨਸ਼ੇ ਵਿਰੁੱਧ ਆਵਾਜ਼ ਉਠਾਉਂਦਾ ਹੈ, ਤਾਂ ਉਸ ਦੀ ਆਵਾਜ਼ ਨੂੰ ਹਮੇਸ਼ਾ ਲਈ ਦਬਾ ਦਿੱਤਾ ਜਾਂਦਾ ਹੈ। ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਵਿਧਾਇਕ ਡਾ. ਜਸਬੀਰ ਸੰਧੂ ਦੇ ਦਫਤਰ ਦੇ ਬਾਹਰ ਸਖ਼ਤ ਸ਼ਬਦਾਂ ਵਿੱਚ ਵਿਰੋਧ ਦਰਜ ਕਰਵਾਉਂਦਿਆਂ ਲਾਹਨਤੀ ਪੱਤਰ ਚਿਪਕਾਏ। ਆਗੂਆਂ ਦਾ ਕਹਿਣਾ ਸੀ ਕਿ ਸਮਾਜਿਕ ਤੌਰ ਤੇ ਅਜਿਹੇ ਮਾਮਲਿਆਂ ਵਿਚ ਜਨ-ਪ੍ਰਤੀਨਿਧੀਆਂ ਦੀ ਚੁੱਪ ਬੇਹੱਦ ਸ਼ਰਮਨਾਕ ਹੈ। ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਡਡੂਆਣਾ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਜੋ ਲੋਕ ਇਸਦੇ ਵਿਰੁੱਧ ਆਵਾਜ਼ ਉਠਾਉਂਦੇ ਹਨ, ਉਨ੍ਹਾਂ ਨੂੰ ਜਾਂ ਤਾਂ ਝੂਠੇ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਜਾਂ ਫਿਰ ਰਸਤੇ ਤੋਂ ਹਟਾ ਦਿੱਤਾ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਅੰਤ ਵਿਚ ਪੰਜਾਬ ਦੇ ਸਾਰੇ ਨੌਜਵਾਨਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਬਹੁਤ ਸੋਚ-ਸਮਝ ਕੇ ਕਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਜਨਤਾ ਦੇ ਹੱਕਾਂ ਦੀ ਰਾਖੀ ਕਰਨ ਦੀ ਬਜਾਏ ਚੁੱਪ ਧਾਰੀ ਹੋਈ ਹੈ ਅਤੇ ਜਨਤਾ ਨਾਲ ਧੋਖਾ ਕੀਤਾ ਹੈ, ਉਨ੍ਹਾਂ ਨੂੰ ਜਨਤਾ ਆਉਣ ਵਾਲੀਆਂ ਚੋਣਾਂ ਵਿੱਚ ਕਰਾਰਾ ਜਵਾਬ ਦੇਵੇਗੀ।