- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਂਚ 'ਚ ਪਤਾ ਲੱਗਾ ਹੈ ਕਿ ਏਕੇ ਟਾਈਪ ਹਥਿਆਰ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦੇ ਹਨ ਅਤੇ ਉਸ ਦੇ ਹੀ ਇਸ਼ਾਰੇ 'ਤੇ ਅੱਗੇ ਟਾਰਗੇਟ ਕਿਲਿੰਗ ਲਈ ਵਰਤੇ ਜਾਣੇ ਸਨ। ਹਾਲਾਂਕਿ ਜਾਂਚ ਦੌਰਾਨ ਫੜੇ ਗਏ ਮੁਲਜ਼ਮਾਂ ਦੇ ਉਕਤ ਡਾਨ ਨਾਲ ਸਬੰਧਾਂ ਬਾਰੇ ਕੋਈ ਸਬੂਤ ਨਹੀਂ ਮਿਲ ਸਕਿਆ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਾਕਿਸਤਾਨ ਦੀ ਖੁ਼ਫ਼ੀਆ ਏਜੰਸੀ ਆਈਐਸਆਈ ਵੱਲੋਂ ਭੇਜੇ ਗਏ ਏਕੇ ਟਾਈਪ ਹਥਿਆਰਾਂ ਅਤੇ ਹੈਰੋਇਨ ਦੀ ਵੱਡੀ ਖੇਪ ਨੂੰ ਟਿਕਾਣੇ ਲਗਾਉਣ ਵਾਲੇ ਤਿੰਨ ਮੁਲਜ਼ਮ ਪਿਛਲੇ ਦੋ ਸਾਲਾਂ ਤੋਂ ਇਸ ਗੈਰ-ਕਾਨੂੰਨੀ ਧੰਦੇ 'ਚ ਸ਼ਾਮਲ ਹਨ। ਖਾਸ ਕਰਕੇ ਅਮਰਜੀਤ ਕੌਰ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਹਨ, ਜਦਕਿ ਉਸ ਦੇ ਪਤੀ ਸੰਦੀਪ ਸਿੰਘ ਖਿਲਾਫ ਇਕ ਮਾਮਲਾ ਦਰਜ ਹੈ। ਦੋਵੇਂ ਮੁਲਜ਼ਮ ਜ਼ਮਾਨਤ 'ਤੇ ਛੁੱਟਣ ਤੋਂ ਬਾਅਦ ਦੁਬਾਰਾ ਤਸਕਰੀ ਕਰਨ ਲੱਗ ਪਏ।
ਇੱਕ ਏਕੇ-47, ਇਕ ਏਕੇ-56, ਤਿੰਨ ਮੈਗਜ਼ੀਨ, ਦਸ ਰੌਂਦ ਅਤੇ ਦਸ ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਛੇਹਰਟਾ ਦੇ ਗੁਮਾਨਪੁਰਾ ਨਿਵਾਸੀ ਬਿਕਰਮਜੀਤ ਸਿੰਘ ਅਤੇ ਬਰਾੜ ਪਿੰਡ ਨਿਵਾਸੀ ਕਮਲਜੀਤ ਕੌਰ ਅਤੇ ਉਸ ਦੇ ਪਤੀ ਸੰਦੀਪ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਖਤਰਨਾਕ ਹਥਿਆਰਾਂ ਦੀ ਬਰਾਮਦਗੀ ਨੂੰ ਦੇਖਦੇ ਹੋਏ ਤਿੰਨਾਂ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇਆਈਸੀ) 'ਚ ਪੁੱਛਗਿੱਛ ਲਈ ਲਿਜਾਇਆ ਗਿਆ। ਉੱਥੇ ਹੋਰ ਸੁਰੱਖਿਆ ਏਜੰਸੀਆਂ ਨੇ ਵੀ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਏਕੇ ਟਾਈਪ ਹਥਿਆਰ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਦੇ ਹਨ ਅਤੇ ਉਸ ਦੇ ਹੀ ਇਸ਼ਾਰੇ 'ਤੇ ਅੱਗੇ ਟਾਰਗੇਟ ਕਿਲਿੰਗ ਲਈ ਵਰਤੇ ਜਾਣੇ ਸਨ। ਹਾਲਾਂਕਿ ਜਾਂਚ ਦੌਰਾਨ ਫੜੇ ਗਏ ਮੁਲਜ਼ਮਾਂ ਦੇ ਉਕਤ ਡਾਨ ਨਾਲ ਸਬੰਧਾਂ ਬਾਰੇ ਕੋਈ ਸਬੂਤ ਨਹੀਂ ਮਿਲ ਸਕਿਆ ਹੈ।
ਪਤਾ ਲੱਗਾ ਹੈ ਕਿ ਤਿੰਨਾਂ ਮੁਲਜ਼ਮਾਂ ਦਾ ਪਿਛਲੇ ਤਿੰਨ ਸਾਲਾਂ ਦਾ ਮੋਬਾਇਲ ਡਾਟਾ ਕੱਢਿਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ ਚਾਰ ਮੋਬਾਇਲ ਬਰਾਮਦ ਕੀਤੇ ਗਏ ਹਨ। ਮੋਬਾਇਲ ਦੀ ਜਦੋਂ ਫੋਰੈਂਸਿਕ ਜਾਂਚ ਕੀਤੀ ਗਈ ਤਾਂ ਉਸ 'ਚ ਡਰੋਨ ਡਰਾਪਿੰਗ ਲੋਕੇਸ਼ਨ ਦੇ ਸਬੂਤ ਮਿਲੇ ਹਨ। ਸਪੱਸ਼ਟ ਹੈ ਕਿ ਮੁਲਜ਼ਮ ਪਾਕ ਤਸਕਰਾਂ ਨਾਲ ਸਿੱਧੇ ਸੰਪਰਕ 'ਚ ਹਨ। ਜੋੜੇ ਖਿਲਾਫ ਪਹਿਲਾਂ ਘੱਟ ਮਾਤਰਾ 'ਚ ਹੈਰੋਇਨ ਤਸਕਰੀ ਦੇ ਤਿੰਨ ਕੇਸ ਦਰਜ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਜੋੜੇ ਦੇ ਪਾਕ ਤਸਕਰਾਂ ਨਾਲ ਸਬੰਧ ਕਿਵੇਂ ਬਣੇ ਅਤੇ ਉਹ ਕਿੰਨੀ ਵਾਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਠਿਕਾਣੇ ਲਗਾ ਚੁੱਕੇ ਹਨ।
ਬਦਮਾਸ਼ਾਂ ਤੇ ਗੈਂਗਸਟਰਾਂ ਨੂੰ ਕਰਨੇ ਸੀ ਸਪਲਾਈ
ਮੁਲਜ਼ਮਾਂ ਨੇ ਮੰਨਿਆ ਹੈ ਕਿ ਏਕੇ-47 ਅਤੇ ਏਕੇ-56 ਰਾਈਫਲਾਂ ਮੁਲਜ਼ਮਾਂ ਨੇ ਆਪਣੇ ਕੋਲ ਲੁਕਾ ਕੇ ਰੱਖਣੀਆਂ ਸਨ। ਪਾਕਿ ਤਸਕਰਾਂ ਤੋਂ ਸੰਕੇਤ ਮਿਲਦਿਆਂ ਹੀ ਉਨ੍ਹਾਂ ਨੂੰ ਬਦਮਾਸ਼ਾਂ ਅਤੇ ਗੈਂਗਸਟਰਾਂ ਨੂੰ ਸਪਲਾਈ ਕੀਤਾ ਜਾਣਾ ਸੀ। ਦੋਸ਼ ਹੈ ਕਿ ਸੁਰੱਖਿਅਤ ਰੱਖੇ ਜਾਣ ਵਾਲੇ ਇਨ੍ਹਾਂ ਹਥਿਆਰਾਂ ਨੂੰ ਪਾਕਿ ਡਾਨ ਸ਼ਹਿਜ਼ਾਦ ਭੱਟੀ ਵੱਲੋਂ ਇਸਤੇਮਾਲ ਕਰਵਾਇਆ ਜਾਣਾ ਸੀ।